ਲੰਮੇ ਅਰਸੇ ਬਾਅਦ ਸਹੀ ਮਾਅਨਿਆਂ ਵਿੱਚ ਪੰਜਾਬ ਦਾ ਇੱਕ ਛੋਟਾ ਜਿਹਾ ਚੱਕਰ ਲੱਗਾ ਤਾਂ ਉੱਥੋਂ ਦੇ ਤਾਣੇਬਾਣੇ ਵੱਲ ਝਾਤ ਮਾਰੀ | ਕਾਫੀ ਕੁਝ ਬਦਲਿਆ ਹੋਇਆ ਸੀ | ਅਸਲ ਵਿੱਚ ਲੁਧਿਆਣਾ ਵਿਖੇ ਪਹਿਲੀ ਵਾਰ ਰਾਤ ਦੇ ਵਕਤ ਆਮ ਲੋਕਾਂ ਦੇ ਖਾਣਪੀਣ ਲਈ ਬਣੇ ਨਿੱਜੀ ਵਪਾਰਕ ਕੇਂਦਰਾਂ 'ਤੇ ਜਾਣ ਦਾ ਮੌਕਾ ਮਿਲਿਆ ਤਾਂ ਵੇਖਿਆ ਕਿ ਲੋਕ ਖਾਣਾ ਖਾਣ ਲਈ ਦੇਰ ਰਾਤ ਤੱਕ ਬਾਹਰ ਖੜ੍ਹੇ ਆਪਣੀ ਵਾਰੀ ਉਡੀਕ ਰਹੇ ਸਨ , ਇੰਝ ਲੱਗ ਰਿਹਾ ਸੀ ਜਿਵੇਂ ਲੋਕਾਂ ਨੇ ਰਾਤ ਦਾ ਖਾਣਾ ਆਪਣੇ ਘਰ ਬਣਾਉਣਾ ਹੀ ਛੱਡ ਦਿੱਤਾ ਹੋਵੇ | #KamalDiKalam
ਇਹ ਸੀ ਇੱਕ ਪੱਖ ! ਹੁਣ ਦੂਜੇ ਪਾਸੇ ਆਈਏ ਤਾਂ ਵੇਖਿਆ ਕਿ ਬਹੁਤੇ ਵਪਾਰਕ ਕੇਂਦਰਾਂ 'ਤੇ ਕੰਮ ਕਰਨ ਵਾਲਿਆਂ ਵਿੱਚ ਕੋਈ ਟਾਵਾਂ ਹੀ ਪੰਜਾਬੀ ਸੀ
, ਅਗਰ ਉਹ ਹੈ ਵੀ ਸੀ ਤਾਂ ਗੱਲਬਾਤ ਹਿੰਦੀ ਵਿੱਚ ਹੀ ਕਰ ਰਿਹਾ ਸੀ ਅਤੇ ਉੱਥੇ ਪਹੁੰਚਣ ਵਾਲੇ ਪੂਰੇ ਪੰਜਾਬੀ ਹੁਲੀਏ ਅਤੇ ਪਹਿਰਾਵੇ ਵਾਲੇ ਵੀ ਬੜੀ ਹਲੀਮੀ ਨਾਲ ਪੁੱਛ ਰਹੇ ਸਨ ,
' ਔਰ ਕਿਤਨਾ ਸਮਯ ਲਗੇਗਾ ਮੈਡਮ ?'
' ਹਮਾਰਾ ਕਿਤਨਾ ਹੂਆ ਸਰ ? #KamalDiKalam
ਪਰ ਜਦੋਂ ਮੈਂ ਉਹਨਾਂ ਹੀ ਕਰਿੰਦਿਆਂ ਨਾਲ ਪੰਜਾਬੀ 'ਚ ਗੱਲ ਕੀਤੀ ਤਾਂ ਸਾਨੂੰ ਕੋਈ ਦਿੱਕਤ ਨਾ ਆਈ ਅਤੇ ਉਹਨਾਂ ਵੀ ਜਵਾਬ ਪੰਜਾਬੀ ਵਿੱਚ ਹੀ ਦਿੱਤਾ | ਮੈਨੂੰ ਸਮਝਣ ਵਿੱਚ ਕੋਈ ਉਲਝਣ ਨਹੀਂ ਹੋਈ ਕਿ ਲੋਕ ਉਹਨਾਂ ਦੂਜੇ ਸੂਬੇ ਦੇ ਕਰਿੰਦਿਆਂ ਨਾਲ ਹਿੰਦੀ 'ਚ ਗੱਲ ਇਸ ਕਰਕੇ ਕਰਦੇ ਹਨ ਤਾਂਕਿ ਉਹਨਾਂ ਨੂੰ ਅਨਪੜ੍ਹ ਨਾ ਸਮਝਿਆ ਜਾਵੇ |
ਉਂਝ ਅਸੀਂ ਨਿੱਤ 'ਪੰਜਾਬੀ ਮਾਂ ਬੋਲੀ ਨੂੰ ਹਿੰਦੀ ਤੋਂ ਖਤਰਾ ' ਦੀ ਤਖਤੀ ਚੁੱਕ ਕੇ ਤਾਂ ਘੁੰਮ ਸਕਦੇ ਹਾਂ , ਪਰ ਪੰਜਾਬ ਅੰਦਰ ਹੀ ਪੰਜਾਬੀ ਬੋਲ ਕੇ ਆਪਣੇ ਆਪ ਨੂੰ ਅਨਪੜ੍ਹ ਅਤੇ ਹਿੰਦੀ ਬੋਲ ਕੇ ਪੜ੍ਹੇ ਲਿਖੇ ਸਮਝਦੇ ਹਾਂ !

No comments:
Post a Comment