ਬਚਪਣ 'ਚ ਗਰਮੀਆਂ ਦੀਆਂ ਛੁੱਟੀਆਂ ਅਸੀਂ ਅਕਸਰ ਨਾਨਕੇ ਕੱਟਦੇ ਸਾਂ ,' ਮਾੜੀ ਕੰਬੋਕੀ '! ਉਦੋਂ ਪਿੰਡਾਂ ਵਿੱਚ ਇੱਕ ਦੁਕਾਨ 'ਤੋਂ ਹੀ ਕਈ ਕੁਝ ਮਿਲ ਜਾਂਦਾ ਸੀ , ਕਰਿਆਨਾ ਕੱਪੜਾ ਸਬਜ਼ੀ ਅਤੇ ਤਿਓਹਾਰ ਵਾਲੇ ਦਿਨ ਜਲੇਬੀਆਂ ਜਾਂ ਕੋਈ ਹੋਰ ਮਠਿਆਈ ਵੀ !
ਸਾਡੇ ਮਾਮਾ ਜੀ ਦੀ ਵੀ ਇੰਝ ਦੀ ਹੀ ਦੁਕਾਨ ਸੀ | ਉਹਨਾਂ ਦਿਨਾਂ ਵਿੱਚ ਟੈਰਾਲੀਨ ਦਾ ਕੱਪੜਾ ਬੜਾ ਮਸ਼ਹੂਰ ਸੀ ਅਤੇ ਮੈਂ ਲੋਕਾਂ ਨੂੰ ਦੁਕਾਨ ਤੋਂ ਇਹ ਕੱਪੜਾ ਖਰੀਦਦਿਆਂ ਅਕਸਰ ਵੇਖਦਾ ਸਾਂ | ਦੁਕਾਨ ਦਾ ਇੱਕ ਦਰਵਾਜ਼ਾ ਘਰ ਵਿੱਚ ਹੀ ਖੁੱਲ੍ਹਦਾ ਸੀ ਅਤੇ ਮੈਂ ਅਕਸਰ ਦੁਕਾਨ ਅੰਦਰ ਜਾਕੇ ਟੈਰਾਲੀਨ ਦੇ ਕੱਪੜੇ ਨੂੰ ਛੂਹ ਕੇ ਅਤੇ ਆਪਣੀਆਂ ਗੱਲ੍ਹਾਂ ਉੱਪਰ ਫੇਰਕੇ ਅਨੰਦ ਲੈਂਦਾ ਸਾਂ #KamalDiKalam
ਛੁੱਟੀਆਂ ਕੱਟਣ ਤੋਂ ਬਾਅਦ ਵਾਪਸ ਆਉਣ ਦੀ ਤਿਆਰੀ ਹੋਈ ਤਾਂ ਮਾਮਾ ਜੀ ਨੇ ਅਚਾਨਕ ਪੁੱਛ ਲਿਆ ," ਇੰਦਰਜੀਤ ਕੀ ਲੈਣਾ ਏਂ ?" ਮੇਰੇ ਮੂਹੋਂ ਇੱਕ ਦੰਮ ਨਿਕਲਿਆ ," ਟੈਰਾਲੀਨ ਦੀ ਕਮੀਜ਼ !"
ਮਾਮਾ ਜੀ ਦੁਕਾਨ ਅੰਦਰ ਗਏ ਤੇ ਮੈਂ ਵੀ ਮਗਰ ਹੀ ਚਲਾ ਗਿਆ ! ਮਾਮਾ ਜੀ ਨੇ ਕੱਪੜੇ ਦਾ ਇੱਕ ਥਾਣ ਫੜ੍ਹਿਆ ਅਤੇ ਨਾਪਣ ਲੱਗੇ ,ਮੈਂ ਪੁੱਛਿਆ ,"ਇਹ ਕੀ ਕਰਨ ਲੱਗੇ ਓ ?"
ਕਹਿੰਦੇ," ਤੇਰੇ ਵਾਸਤੇ ਕਮੀਜ਼ ਦਾ ਕੱਪੜਾ ਦੇਣ ਲੱਗਾ ਹਾਂ |"
ਮੈਂ ਕਿਹਾ ," ਮੈਂ ਤਾਂ ਟੈਰਾਲੀਨ ਲੈਣੀ ਏਂ ?"
ਕਹਿੰਦੇ ," ਇਹ ਟੈਰਾਲੀਨ ਈ ਹੈ |"
ਮੈਂ ਕੱਪੜੇ ਦੀ ਅਲਮਾਰੀ ਵੱਲ ਧਿਆਨ ਮਾਰਿਆ ਤਾਂ ਟੈਰਾਲੀਨ ਵਾਲਾ ਖਾਨਾ ਖਾਲੀ ਸੀ ! ਮੈਂ ਕਿਹਾ ," ਨਹੀਂ , ਮੈਂ ਤਾਂ ਟੈਰਾਲੀਨ ਹੀ ਲੈਣੀ ਏਂ !"
ਮਾਮਾ ਜੀ ਕਹਿੰਦੇ ," ਇਹ ਟੈਰਾਲੀਨ ਹੀ ਹੈ !"
ਮੈਂ ਕੱਪੜਾ ਫੜਕੇ ਆਪਣੀਆਂ ਗੱਲ੍ਹਾਂ ਉੱਪਰ ਫੇਰਕੇ ਨਾਂਹ ਵਿੱਚ ਸਿਰ ਹਿਲਾਉਂਦੇ ਹੋਏ ਕਿਹਾ ," ਨਹੀਂ ! ਉਹ ਤਾਂ ਕੂਲੀ ਕੂਲੀ ਹੁੰਦੀ ਏ !"
ਅਸਲ 'ਚ ਮਾਮਾ ਜੀ ਦੀ ਦੁਕਾਨ 'ਤੇ ਉਸ ਦਿਨ ਟੈਰਾਲੀਨ ਦਾ ਕੱਪੜਾ ਖਤਮ ਸੀ ਅਤੇ ਮੇਰੀ ਜ਼ਿਦ ਕਾਰਣ ਉਹਨਾਂ ਭਿੱਖੀਵਿੰਡ ਆਕੇ ਮੈਨੂੰ ਟੈਰਾਲੀਨ ਦੀ ਕਮੀਜ਼ ਲੈਕੇ ਦਿੱਤੀ ! ਕਈ ਸਾਲ ਮੈਨੂੰ ਮਾਮਾ ਜੀ ਇੰਝ ਹੀ ਛੇੜਦੇ ਰਹੇ ," ਉਹ ਤਾਂ ਕੂਲੀ ਕੂਲੀ ਹੁੰਦੀ ਏ !"
No comments:
Post a Comment