ਸਭ ਕੁਝ ਠੀਕ ਹੋ ਗਿਆ \ ਇੰਦਰਜੀਤ ਕਮਲ - Inderjeet Kamal

Latest

Tuesday, 30 May 2017

ਸਭ ਕੁਝ ਠੀਕ ਹੋ ਗਿਆ \ ਇੰਦਰਜੀਤ ਕਮਲ

ਸ਼ੁੱਕਰਵਾਰ ਇੱਕ ਮੋਟਰਸਾਇਕਲ ਮੇਰੇ ਕਲੀਨਿਕ ਦੇ ਬਾਹਰ ਰੁਕਿਆ ਜਿਸ ਤੇ ਇੱਕ ਆਦਮੀ ਪਿੱਛੇ ਦੋ ਔਰਤਾਂ ਸਵਾਰ ਸਨ | ਤਿੰਨੇ ਅੰਦਰ ਆਏ ਤਾਂ ਮੈਂ ਵੇਖਿਆ ਕਿ ਮੋਟਰ ਸਾਇਕਲ ਚਲਾਉਣ ਵਾਲਾ ਨੌਜਵਾਨ ਸੀ ਅਤੇ ਨਾਲ ਆਈਆਂ ਔਰਤਾਂ ਚੋਂ ਇੱਕ ਵੱਡੀ ਉਮਰ ਦੀ ਅਤੇ ਇੱਕ ਚੂੜੇ ਵਾਲੀ ਨਵਵਿਆਹੁਤਾ ਸੀ | #KamalDiKalam

ਪਤਾ ਲੱਗਾ ਕਿ ਨਵਵਿਆਹੁਤਾ ਦੇ ਨਾਲ ਉਹਦਾ ਭਰਾ ਤੇ ਮਾਂ ਹਨ | ਉਸ ਲੜਕੀ ਦਾ ਵਿਆਹ ਦੋ ਕੁ ਮਹੀਨੇ ਪਹਿਲਾਂ ਹੋਇਆ ਸੀ| ਸਭ ਕੁਝ ਠੀਕ ਚੱਲ ਰਿਹਾ ਸੀ ਕਿ ਇੱਕ ਰਾਤ ਅਚਾਨਕ ਉਸ ਸੁੱਤੀ ਪਈ ਲੜਕੀ ਨੇ ਚੀਖਣਾ ਸ਼ੁਰੂ ਕਰ ਦਿੱਤਾ | ਕਾਫੀ ਜੱਦੋ ਜਹਿਦ ਤੋਂ ਬਾਦ ਉਹ ਸ਼ਾਂਤ ਤਾਂ ਹੋ ਗਈ, ਪਰ ਅਗਲੀ ਰਾਤ ਫਿਰ ਉਹੀ ਹਾਲਾਤ | ਕੁੜੀ ਨੇ ਦੱਸਿਆ ਕਿ ਉਹਦੇ ਕੋਲ ਤਿੰਨ ਔਰਤਾਂ ਆਉਂਦੀਆਂ ਨੇ ਜੋ ਉਹਨੂੰ ਆਪਣੇ ਨਾਲ ਲੈਕੇ ਜਾਣਾ ਚਾਹੁੰਦੀਆਂ ਹਨ | ਗੁੱਗਲ ਅਜਵਾਇਣ ਦੀਆਂ ਧੂਣੀਆਂ ਦੇਣ ਤੋਂ ਬਾਦ ਵੀ ਕੁਝ ਸ਼ਾਂਤੀ ਨਾ ਮਿਲੀ ਤਾਂ ਇੱਕ ਦਿਨ ਜਿਆਦਾ ਤੰਗ ਹੋਕੇ ਕੁੜੀ ਦੇ ਸਹੁਰੇ ਉਹਨੂੰ ਰਾਤ ਬਾਰਾਂ ਵਜੇ ਦੇ ਕਰੀਬ ਉਹਦੇ ਪੇਕੇ ਛੱਡਕੇ ਚਲੇ ਗਏ ! ਅਗਲੇ ਹੀ ਦਿਨ ਕੁੜੀ ਦੀ ਮਾਂ ਅਤੇ ਭਰਾ ਉਹਨੂੰ ਲੈਕੇ ਮੇਰੇ ਕੋਲ ਆ ਗਏ ! ਕੁੜੀ ਨਾਲ ਗੱਲਬਾਤ ਕਰਣ ਤੇ ਪਤਾ ਲੱਗਾ ਕਿ ਘਰ ਦੇ ਮਾਹੌਲ ਵਿੱਚ ਕੋਈ ਦਿੱਕਤ ਨਹੀਂ ਸੀ, ਪਰ ਇੱਕ ਭੋਲੀਭਾਲੀ ਤੇ ਡਰਪੋਕ ਜਿਹੀ ਲੜਕੀ ਹੋਣ ਕਰਕੇ ਆਪਣੇ ਆਪ ਨੂੰ ਛੇਤੀ ਨਵੇਂ ਮਾਹੌਲ ਵਿੱਚ ਪੂਰੀ ਤਰ੍ਹਾਂ ਢਾਲ ਨਾ ਸਕੀ |

ਮੈਂ ਲੜਕੀ ਨੂੰ ਅੰਦਰ ਬੈਂਚ ਤੇ ਲੇਟਣ ਲਈ ਕਿਹਾ ਤਾਂਕਿ ਉਹਨੂੰ ਸੰਮੋਹਿਤ ਕਰਕੇ ਕੁਝ ਆਦੇਸ਼ ਦੇ ਸਕਾਂ ਜਿਸ ਨਾਲ ਉਹ ਮਾਨਸਿਕ ਤੌਰ ਤੇ ਮਜਬੂਤ ਹੋਕੇ ਇਸ ਡਰਾਉਣੀ ਮਾਨਸਿਕਤਾ ਤੋਂ ਛੁਟਕਾਰਾ ਪਾ ਸਕੇ | ਮੈਂ ਆਦੇਸ਼ ਦੇਣੇ ਸ਼ੁਰੂ ਹੀ ਕੀਤੇ ਸਨ ਕਿ ਉਹਨੇ ਗਰਦਨ ਇੱਕ ਪਾਸੇ ਨੂੰ ਇਵੇਂ ਸੁੱਟ ਲਈ ਜਿਵੇਂ ਬੇਹੋਸ਼ ਹੋ ਗਈ ਹੋਵੇ | ਮੇਰੇ ਲਈ ਇਹ ਇੱਕ ਵਧੀਆ ਸੰਕੇਤ ਸੀ ਕਿ ਉਹ ਬਹੁਤ ਛੇਤੀ ਸੰਮੋਹਿਤ ਹੋ ਗਈ !

ਮੈਂ ਆਦੇਸ਼ ਦਿੱਤਾ ਕਿ ਮੇਰੇ ਤਿੰਨ ਗਿਣਦੇ ਹੀ ਉਹਨੂੰ ਤੰਗ ਕਰਨ ਵਾਲੀਆਂ ਔਰਤਾਂ ਉਹਦੇ ਸਾਹਮਣੇ ਹੱਥ ਜੋੜਕੇ ਖੜ੍ਹੀਆਂ ਹੋ ਜਾਣਗੀਆਂ | ਉਹਨਾਂ ਔਰਤਾਂ ਨੂੰ ਸਾੜ ਕੇ ਉਹਨਾਂ ਦੀ ਸਵਾਹ ਹਵਾ ਚ ਉੜਾ ਦਿੱਤੀ ਤੇ ਕੁਝ ਜਰੂਰੀ ਆਦੇਸ਼ ਦੇਣ ਤੋਂ ਬਾਦ ਉਹਨੂੰ ਜਗਾ ਦਿੱਤਾ | ਹੁਣ ਉਹ ਖੁਸ਼ ਅਤੇ ਸ਼ਾਂਤ ਚਿੱਤ ਸੀ |
ਲੜਕੀ ਤਾਂ ਠੀਕ ਹੋ ਗਈ ਸੀ ਪਰ ਮੈਨੂੰ ਮਾਨਸਿਕ ਸੰਤੁਸ਼ਟੀ ਨਹੀਂ ਸੀ ਹੋ ਰਹੀ | ਸੋਚ ਰਿਹਾ ਸਾਂ ਕਿ ਕੁੜੀ ਦਾ ਵਿਆਹ ਹੋਣ ਤੋਂ ਬਾਦ ਵੀ ਸਹੁਰੇ ਉਹਨੂੰ ਪੇਕਿਆਂ ਦੇ ਘਰ ਇੰਝ ਛੱਡ ਗਏ ਜਿਵੇਂ ਕੋਈ ਗਰੰਟੀ ਵਾਲੀ ਮਸ਼ੀਨ ਮੁਰੰਮਤ ਵਾਸਤੇ ਦੁਕਾਨਦਾਰ ਕੋਲ ਵਾਪਿਸ ਰੱਖ ਗਿਆ ਹੋਵੇ | ਮੈਂ ਦੋ ਦਿਨ ਬਾਦ ਕੁੜੀ ਨੂੰ ਉਹਦੇ ਸਹੁਰਿਆਂ ਘਰੋਂ ਕਿਸੇ ਜਿੰਮੇਵਾਰ ਵਿਅਕਤੀ ਨਾਲ ਭੇਜਣ ਦਾ ਜੋਰ ਦੇਕੇ ਭੇਜ ਦਿੱਤਾ |
ਤੀਜੇ ਦਿਨ ਸਵੇਰੇ ਨੂੰਹ ਸੱਸ ਆ ਗਈਆਂ | ਉਹਦੀ ਸੱਸ ਵੀ ਇੱਕ ਸਧਾਰਣ ਤੇ ਭੋਲੀ ਜਿਹੀ ਪੇਂਡੂ ਔਰਤ ਸੀ | ਸਭ ਤੋਂ ਪਹਿਲਾਂ ਮੈਂ ਉਹਨੂੰ ਵਿਸ਼ਵਾਸ ਦਿਵਾਇਆ ਕਿ ਅੱਜ ਤੋਂ ਬਾਦ ਉਹਨਾਂ ਦੀ ਨੂੰਹ ਨੂੰ ਤਾਂ ਕੀ, ਉਹਨਾਂ ਦੇ ਕਿਸੇ ਵੀ ਪਰਿਵਾਰਿਕ ਮੈਂਬਰ ਨੂੰ ਵੀ ਕੋਈ ਓਪਰੀ ਚੀਜ਼ ਤੰਗ ਨਹੀਂ ਕਰ ਸਕਦੀ | ਅਗਰ ਕਿਸੇ ਨੂੰ ਕੋਈ ਮਾੜੀ ਮੋਟੀ ਸ਼ਿਕਾਇਤ ਹੁੰਦੀ ਵੀ ਹੈ ਤਾਂ ਮੇਰੇ ਨਾਲ ਫੋਨ ਤੇ ਗੱਲ ਕਰ ਲੈਣ | ਹੁਣ ਮੈਂ ਅਸਲ ਗੱਲ ਵੱਲ ਆਉਂਦਿਆਂ ਕਿਹਾ ਕਿ ਇਹ ਲੜਕੀ ਹੁਣ ਆਪਣੇ ਮਾਂ ਬਾਪ ਦੀ ਧੀ ਦੇ ਨਾਲ ਨਾਲ ਤੁਹਾਡੀ ਨੂੰਹ ਵੀ ਹੈ ਤੇ ਇਹਦਾ ਤੁਹਾਡੇ ਘਰ ਤੇ ਪੂਰਾ ਹੱਕ ਹੈ | ਅਗਰ ਇਹਨੂੰ ਕਿਸੇ ਕਿਸਮ ਦੀ ਦਿੱਕਤ ਆਉਂਦੀ ਹੈ ਤਾਂ ਇਹਨੂੰ ਪੇਕਿਆਂ ਦੇ ਘਰ ਛੱਡ ਆਉਣ ਦੀ ਥਾਂ ਇਹਦਾ ਇਲਾਜ ਤੁਸੀਂ ਖੁਦ ਕਰਵਾਓਗੇ |

ਉਹਦੀ ਸੱਸ ਨੇ ਪੂਰਾ ਵਿਸ਼ਵਾਸ ਦਿਵਾਇਆ ਕਿ ਹੁਣ ਕਦੇ ਵੀ ਇਹੋ ਜਿਹੀ ਸ਼ਿਕਾਇਤ ਨਹੀਂ ਮਿਲੇਗੀ ! ਮੈਂ ਉਹਨਾਂ ਪੂਰੀ ਤਸੱਲੀ ਦੇ ਕੇ ਭੇਜ ਦਿੱਤਾ ! ਸਭ ਕੁਝ ਠੀਕ ਹੋ ਗਿਆ !

No comments:

Post a Comment