ਮਜ਼ਾਕ ਵਾਲਾ ਰੋਗ ਸਾਨੂੰ ਖਾਨਦਾਨੀ ਹੈ | ਰੋਟੀ ਬਿਨ੍ਹਾਂ ਗੁਜ਼ਾਰਾ ਹੋ ਜਾਂਦਾ ਏ , ਪਰ ਮਜ਼ਾਕ ਬਿਨ੍ਹਾਂ ਨਹੀਂ | ਇਸ ਕੰਮ ਲਈ ਮੈਂ ਸ਼ੁਰੂ ਤੋਂ ਹੀ ਯਾਰਾਂ ਦੋਸਤਾਂ ਵਿੱਚ ਮਸ਼ਹੂਰ \ ਬਦਨਾਮ ਹਾਂ | #Kamaldikalam
ਗੱਲ 1987 ਦੀ ਹੈ | ਤਿੰਨ ਅਪ੍ਰੈਲ ਦਾ ਮੇਰਾ ਵਿਆਹ ਤਹਿ ਹੋ ਗਿਆ , ਪਰ ਭਾਊਆਂ ਵੱਲੋਂ ਐਲਾਨ ਹੋ ਗਿਆ ਕਿ ਕੋਈ ਵੀ ਬਰਾਤ 11 ਬੰਦਿਆਂ ਤੋਂ ਵੱਧ ਨਹੀਂ ਜਾ ਸਕਦੀ | ਮਜ਼ਬੂਰੀ ਵਿੱਚ ਬੱਸ ਕੈਂਸਲ ਕਰਨੀ ਪਈ | ਹਾਲਾਤ ਠੀਕ ਨਾ ਹੋਣ ਕਰਕੇ ਤੇ ਕੁਝ ਹੋਰ ਮਜਬੂਰੀਆਂ ਕਰਕੇ ਮੇਰੇ ਸਹੁਰੇ ਵਾਲਿਆਂ ਨੇ ਬਰਾਤ ਵਾਲੇ ਦਿਨ ਤੋਂ ਦੋ ਦਿਨ ਪਹਿਲਾਂ ਸਗਨ ਦਾ ਪ੍ਰੋਗਰਾਮ ਮਿਥ ਲਿਆ ਤੇ ਆਪਾਂ ਵੀ ਪਹਿਲੀ ਪਹਿਲੀ ਵਾਰ ਹੋਣ ਵਾਲੇ ਵਿਆਹ ਦੇ ਚਾਅ ਚ ਖੁਸ਼ੀ ਖੁਸ਼ੀ ਮੰਨ ਲਿਆ |
ਆਪਣੇ ਘਰ ਦੇ ਨੇੜੇ ਹੀ ਇੱਕ ਹਾਲ ਵਿੱਚ ਸਾਰਾ ਪ੍ਰੋਗਰਾਮ ਰੱਖ ਲਿਆ ਤੇ ਛੇਤੀ ਛੇਤੀ ਕਾਰਡ ਛਪਵਾਕੇ ਵੰਡ ਦਿੱਤੇ | ਰਿਸ਼ਤੇਦਾਰ ਪਹੁੰਚ ਗਏ , ਪਰ ਯਾਰ ਦੋਸਤ ਕੋਈ ਕੋਈ ਨਜਰ ਆ ਰਿਹਾ ਸੀ | ਮੈਂ ਕੁਝ ਆਉਣਵਾਲਿਆਂ ਦੇ ਸਵਾਗਤ ਵਿੱਚ ਬਾਹਰ ਸੜਕ ਤੇ ਖੜਾ ਸਾਂ ਕਿ ਸਾਹਮਣਿਓਂ ਰਿਕਸ਼ਾ ਤੇ ਮੇਰੇ ਕਵੀ ਤੇ ਅਦਾਕਾਰ ਦੋਸਤ ਸੁਰਜੀਤ ਧਾਮੀ ਦੀ ਵਹੁਟੀ ਆਉਂਦੀ ਦਿੱਸੀ | ਪਰ ਉਹਨੇ ਇੱਕ ਦੰਮ ਰਿਕਸ਼ਾ ਵਾਲੇ ਨੂੰ ਕੁਝ ਕਿਹਾ ਤੇ ਰਿਕਸ਼ਾ ਵਾਲੇ ਨੇ ਰਿਕਸ਼ਾ ਵਾਪਸ ਮੋੜ ਲਿਆ ਤੇ ਚਲਦਾ ਬਣਿਆਂ | ਮੈਨੂੰ ਬੜੀ ਹੈਰਾਨੀ ਹੋਈ ਕਿ ਭਰਜਾਈ ਇਕੱਲੀ ਆਈ ਤੇ ਉਹ ਵੀ ਮੈਨੂੰ ਵੇਖਕੇ ਮੁੜ ਗਈ |
ਥੋੜੀ ਦੇਰ ਨੂੰ ਸੁਰਜੀਤ ਧਾਮੀ ਆਪਣੀ ਵਹੁਟੀ ਨੂੰ ਸਕੂਟਰ ਤੇ ਬੈਠਾਕੇ ਲੈ ਆਇਆ | ਜਦੋਂ ਮੈਂ ਕਾਰਣ ਪੁੱਛਿਆ ਤਾਂ ਕਹਿੰਦਾ ," ਭਰਾਵਾ ਤੇਰਾ ਕੀ ਪਤਾ ਮਜ਼ਾਕ ਹੀ ਕੀਤਾ ਹੋਵੇ | ਮੈਂ ਘਰਵਾਲੀ ਨੂੰ ਕਿਹਾ ਕਿ ਤੈਨੂੰ ਸਾਲਮ ਰਿਕਸ਼ਾ ਕਰ ਦਿੰਦਾ ਹਾਂ , ਪਹਿਲਾਂ ਵੇਖਕੇ ਆ ਕਿ ਪਾਰਟੀ ਹੈ ਕਿ ਕੰਜਰ ਅੱਜ ਪਹਿਲੀ ਅਪ੍ਰੈਲ ਮਨਾ ਰਿਹਾ ਏ !!!"
No comments:
Post a Comment