ਇੱਕ ਨੌਜਵਾਨ ਮੁੰਡੇ ਨੂੰ ਮੇਰੇ ਕੋਲ ਓਪਰੀ ਕਸਰਤ ਦੇ ਇਲਾਜ ਲਈ ਲੈਕੇ ਆਏ | ਹੁਣ ਤੱਕ ਉਹਨਾਂ ਵੱਖ ਵੱਖ ਹਸਪਤਾਲਾਂ ਵਿੱਚੋਂ ਕਰਵਾਏ ਇਲਾਜ ਬਾਰੇ ਦੱਸਿਆ ਜਿਸ ਤੋਂ ਤੰਗ ਆਕੇ ਉਹ ਓਪਰੀ ਕਸਰ ਵੱਲ ਚੱਲ ਪਏ | ਮੁੰਡੇ ਦਾ ਪਿਓ ਬੈੰਕ ਮੈਨੇਜਰ ਹੈ ਤੇ ਮਾਂ ਪ੍ਰੋਫੈਸਰ ਹੈ | ਪੂਰੀ ਜਾਣਕਾਰੀ ਲੈਣ ਤੋਂ ਬਾਦ ਮੈਂ ਸੋਚਿਆ ਕਿ ਟੱਬਰ ਪੜ੍ਹਿਆ ਲਿਖਿਆ ਹੈ , ਇਹਨਾਂ ਨਾਲ ਸਪਸ਼ਟ ਗੱਲ ਕਰਨੀ ਚਾਹੀਦੀ ਹੈ | ਮੈਂ ਦੱਸਿਆ ਕਿ ਬੱਚਾ ਹੀਨਭਾਵਨਾ ਦਾ ਸ਼ਿਕਾਰ ਹੈ ਤੇ ਇਹਨੂੰ ਦਵਾਈ ਦੇ ਨਾਲ ਨਾਲ ਕੁਝ ਦਿਨ ਕਾਉਂਸਲਿੰਗ ਦੀ ਲੋੜ ਹੈ | ਇਹਨੂੰ ਇੱਕ ਦਿਨ ਦੇ ਫਾਸਲੇ ਨਾਲ ਲਗਾਤਾਰ ਪੰਜ ਵਾਰ ਆਉਣਾ ਪਵੇਗਾ | ਉਹ ਮੰਨ ਗਏ | ਪਹਿਲੇ ਦਿਨ ਹੀ ਮੈਂ ਇੱਕ ਘੰਟਾ ਲਗਾਕੇ ਕਾਉਂਸਲਿੰਗ ਕੀਤੀ ਤੇ ਤੀਸਰੇ ਦਿਨ ਆਉਣ ਲਈ ਕਿਹਾ | #KamalDiKalam
ਚਾਰ ਵਾਰ ਦੀ ਕਾਉਂਸਲਿੰਗ ਤੋਂ ਬਾਦ ਮੁੰਡੇ ਦੀ ਮਾਨਸਿਕ ਹਾਲਤ ਬਹੁਤ ਵਧੀਆ ਹੋ ਚੁੱਕੀ ਸੀ | ਜਦੋਂ ਉਹ ਪੰਜਵੀਂ ਵਾਰ ਆਏ ਤਾਂ ਮੈਂ ਮਾਂ ਪਿਓ ਤੋਂ ਬੱਚੇ ਦੀ ਹਾਲਤ ਬਾਰੇ ਪੁੱਛਿਆ ਤਾਂ ਉਹਨਾਂ ਦਾ ਜਵਾਬ ਸੀ ," ਤੁਸੀਂ ਤਾਂ ਓਪਰੀ ਕਸਰ ਨੂੰ ਮੰਨਦੇ ਨਹੀਂ | ਅਸੀਂ ਤੁਹਾਡੇ ਤੋਂ ਇਲਾਜ ਕਰਵਾਉਂਣ ਦੇ ਨਾਲ ਨਾਲ ਇੱਕ ' ਸਿਆਣੀ ' ਔਰਤ ਨੂੰ ਵੀ ਵਿਖਾਇਆ ਸੀ | ਉਹਨੇ ਦੱਸਿਆ ਕਿ ਇਹਨੂੰ ਆਤਮਹੱਤਿਆ ਕਰਕੇ ਮਰੀ ਇੱਕ ਕੁੜੀ ਦੀ ਆਤਮਾ ਨੇ ਘੇਰ ਰੱਖਿਆ | ਉਹਨੇ ਤਿੰਨ ਦਿਨ ਬੁਲਾਕੇ ਇਹਦੇ ਮੱਥੇ ਚ ਫੂਕਾਂ ਮਾਰੀਆਂ ਉਹਦੇ ਨਾਲ ਬਹੁਤ ਫਰਕ ਪੈ ਗਿਆ | ਅਸੀਂ ਸੋਚਿਆ ਤੁਸੀਂ ਕਿਹੜਾ ਕੋਈ ਖਰਚਾ ਲੈਂਦੇ ਹੋ , ਚੱਲੋ ਇੱਕ ਦਿਨ ਹੋਰ ਸਹੀ |" ਮੈਂ ਅੰਦਰ ਤੱਕ ਹਿੱਲ ਗਿਆ , ਪਰ ਕਿਹਾ ਕੁਝ ਨਹੀਂ , ਕਿਓਂਕਿ ਉਸ ਵਕਤ ਕੀਤੀ ਬਹਿਸ ਬੱਚੇ ਦੇ ਮਨ ਤੇ ਬੁਰਾ ਅਸਰ ਕਰ ਸਕਦੀ ਸੀ |
ਸੋਚਦਾ ਹਾਂ ਆਪਣੇ ਫੈਸਲੇ ਤੇ ਦੋਬਾਰਾ ਵਿਚਾਰ ਕਰਕੇ ਆਪਣੀ ਦਿਮਾਗ ਖਪਾਈ ਦਾ ਮੁੱਲ ਲੈਣਾ ਚਾਹੀਦਾ ਹੈ | ਕੀ ਵਿਚਾਰ ਹੈ ?
No comments:
Post a Comment