ਕਰਨੀ ਵਾਲੇ ਬਾਬੇ -3 \ ਇੰਦਰਜੀਤ ਕਮਲ - Inderjeet Kamal

Latest

Saturday, 15 August 2015

ਕਰਨੀ ਵਾਲੇ ਬਾਬੇ -3 \ ਇੰਦਰਜੀਤ ਕਮਲ

ਅਗਲੇ ਦਿਨ ਜਦੋਂ ਉਹ ਮੇਰੇ ਕੋਲ ਆਏ ਤਾਂ ਜਿਹੜਾ ਮੁੰਡਾ ਆਕੇ ਚੁੱਪ ਕਰਕੇ ਬੈਠ ਜਾਂਦਾ ਸੀ , ਉਹਨੇ ਆਉਂਦਿਆਂ ਹੀ ਮੈਨੂੰ ਨਮਸਤੇ ਕੀਤੀ ਤਾਂ ਉਹਦਾ ਚਿਹਰਾ ਵੇਖਕੇ ਮੈਨੂੰ ਖੁਸ਼ੀ ਹੋਈ | ਉਹਦੇ ਪਿਤਾ ਨੇ ਦੱਸਿਆ ਕਿ ਉਹਦੀਆਂ ਹਰਕਤਾਂ ਵਿੱਚ 40 % ਫਰਕ ਪੈ ਗਿਆ ਗਿਆ ਹੈ , ਯਾਨੀ ਕਿ ਉਹ ਕਾਫੀ ਠੀਕ ਹੋ ਚੁੱਕਾ ਹੈ | ਉਹਨਾਂ ਦੀ ਇਹ ਗੱਲ ਸੁਣ ਕੇ ਮੈਂ ਇਸ ਕੇਸ ਪ੍ਰਤੀ ਕਾਫੀ ਸੰਤੁਸ਼ਟ ਹੋ ਗਿਆ | 
ਉਹਨੇ ਦੱਸਿਆ ਕਿ ਉਹਨੇ ਮੇਰੇ ਵੱਲੋਂ ਲਿਖਵਾਏ ਵਾਕਾਂ ਨੂੰ ਰਾਤ ਸੌਣ ਵੇਲੇ ਤੇ ਸਵੇਰੇ ਉੱਠਣ ਵੇਲੇ ਦੱਸੇ ਮੁਤਾਬਿਕ ਸਹੀ ਢੰਗ ਨਾਲ ਉਚਾਰਿਆ ਸੀ | ਅੱਜ ਉਹਦਾ ਪੜ੍ਹਣ ਵਿੱਚ ਵੀ ਕਾਫੀ ਮਨ ਲੱਗਾ ਤੇ ਉਹਨੇ ਆਪਣੇ ਕੰਮ ਵਿੱਚ ਵੀ ਮਨ ਲਗਾਇਆ | ਘਰ ਵਿੱਚ ਸਾਰਾ ਦਿਨ ਮਾਹੌਲ ਵਧੀਆ ਰਿਹਾ |
ਮੁੰਡੇ ਦੀ ਮਾਂ ਨੇ ਜਾਣਨ ਦੀ ਇੱਛਾ ਜ਼ਾਹਿਰ ਕੀਤੀ ਕਿ ਇਹਨੂੰ ਹੋਇਆ ਕੀ ਹੈ ਤਾਂ ਮੈਂ ਟਾਲਮਟੋਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਮੈਨੂੰ ਉਹਨਾਂ ਦੇ ਗੁਰੂ , ਡੇਰੇ ਜਾਂ ਨਾਮ ਸਿਮਰਣ ਬਾਰੇ ਕੋਈ ਗੱਲ ਨਾ ਕਰਨੀ ਪਵੇ ; ਕਿਓਂਕਿ ਇਹਦੇ ਨਾਲ ਉਸ ਮਰੀਜ਼ ਦੇ ਉਲਝਣ ਦਾ ਡਰ ਸੀ | ਉਹੋ ਹੋਇਆ ਜੋ ਨਹੀਂ ਸੀ ਹੋਣਾ ਚਾਹੀਦਾ | ਮੁੰਡੇ ਨੇ ਵੀ ਜਿਦ ਫੜ ਲਈ ਕਿ ਮੈਂ ਉਹਨੂੰ ਉਹਦੇ ਇਸ ਹਾਲਾਤ ਤੱਕ ਪਹੁੰਚਣ ਦਾ ਕਾਰਣ ਦੱਸਾਂ | ਮੈਂ ਮਾਂ , ਪਿਓ ਤੇ ਪੁੱਤਰ ਤਿੰਨਾਂ ਨੂੰ ਪੁੱਛਿਆ ਕਿ ਮਰੀਜ਼ ਨੂੰ ਠੀਕ ਕਰਨ ਨੂੰ ਅਹਿਮੀਅਤ ਦੇਣਾ ਚਾਹੁੰਦੇ ਹੋ ਜਾਂ ਉਹਦੀ ਬਿਮਾਰੀ ਜਾਣਨ ਨੂੰ ? ਮਾਂ-ਪਿਓ ਤਾਂ ਮੰਨ ਗਏ ਪਰ ਪੁੱਤਰ ਨੂੰ ਸਹੀ ਰਸਤੇ ਤੇ ਲਿਆਉਣ ਲਈ ਕਾਫੀ ਕੁਝ ਕਹਿਣਾ ਪਿਆ | 
ਮੁੰਡੇ ਨੇ ਇੱਕ ਵਾਰ ਫਿਰ ਆਪਣੇ ਅੰਦਰਲੇ ਹੰਕਾਰ ਦਾ ਮੁਜਾਹਰਾ ਕਰਦੇ ਹੋਏ ਕਿਹਾ ," ਮੈਨੂੰ ਮੇਰੇ ਗੁਰੂ ਜੀ ਤੇ ਪੂਰਾ ਭਰੋਸਾ ਹੈ | ਤੁਸੀਂ ਜਿੰਨਾ ਮਰਜ਼ੀ ਜੋਰ ਲਗਾ ਲਓ , ਰੱਬ ਨੇ ਜੋ ਕਰਨਾ ਹੈ ਉਹੀ ਹੋਣਾ ਹੈ |ਮੈਂ ਆਪਣੇ ਆਪ ਨੂੰ ਖੁਦ ਠੀਕ ਕਰ ਸਕਦਾ ਹਾਂ !" ‪#‎KamalDiKalam‬
ਉਹਦੀ ਇੰਨੀ ਗੱਲ ਸੁਣਕੇ ਮੈਂ ਉਹਦੇ ਮਾਂ-ਬਾਪ ਨੂੰ ਪਾਸੇ ਕਰਕੇ ਛੋਟੀ ਜਿਹੀ ਗੱਲ ਕਹਿ ਆਪਣੇ ਨਾਲ ਸਹਿਮਤ ਕਰਦੇ ਹੋਏ ਮੁੰਡੇ ਨੂੰ ਸੰਬੋਧਨ ਕਰਦੇ ਹੋਏ ਕਿਹਾ , " ਤੇਰੇ ਮਾਂ ਬਾਪ ਤੈਨੂੰ ਅੱਜ ਤੋਂ ਆਜ਼ਾਦ ਕਰਦੇ ਹਨ | ਵੇਖਦੇ ਹਾਂ ਤੇਰੇ ਅੰਦਰ ਕੀ ਕਾਬਲੀਅਤ ਹੈ , ਜਿਹਦੇ ਨਾਲ ਤੂੰ ਆਪਣਾ ਢਿੱਡ ਭਰਣ ਤੇ ਸਿਰ ਲੁਕਾਉਣ ਦਾ ਇੰਤਜ਼ਾਮ ਕਰ ਸਕਦਾ ਹੈਂ | ਜਾਹ ! ਜਿੱਥੇ ਜਾਣਾ ਚਾਹਵੇਂ ਜਾ ਸਕਦਾ ਹੈ ! ਵੇਖਦੇ ਹਾਂ ਤੇਰੇ ਵਾਸਤੇ ਮਾਂ-ਬਾਪ ਤੋਂ ਵਧੀਆ ਰੱਬ ਕੌਣ ਬਹੁੜਦਾ ਹੈ !! "
ਮੇਰੇ ਇਸ ਦਬਕੇ ਨੇ ਚੰਗਾ ਕੰਮ ਕੀਤਾ ਤੇ ਉਹ ਚੁੱਪ ਕਰਕੇ ਬਹਿ ਗਿਆ | ਅਸਲ ਵਿੱਚ ਉਹ ' ਧਾਰਮਿਕ ਉਨਮਾਦ ' ਨਾਮ ਦੀ ਬਿਮਾਰੀ ਤੋਂ ਪੀੜਿਤ ਸੀ, ਜੋ ਅਨਜਾਣੇ ਵਿੱਚ ਉਹਦੀ ਮਾਂ ਦੀ ਹੀ ਦੇਣ ਸੀ |ਮੈਂ ਉਹਦੇ ਮਾਂ ਬਾਪ ਨੂੰ ਸਮਝਾ ਕੇ ਭੇਜਿਆ ਕਿ ਉਹਦੇ ਨਾਲ ਕਿਸੇ ਵੀ ਕਿਸਮ ਦੀ ਧਾਰਮਿਕ ਗੱਲ ਨਹੀਂ ਕਰਨੀ ਬਲਕਿ ਉਹਦਾ ਧਿਆਨ ਹੋਰ ਹੋਰ ਕੰਮਾਂ ਵਿੱਚ ਲਗਾਉਣਾ ਹੈ | ਉਹਦੇ ਇਲਾਜ ਲਈ ਮੈਂ ਉਹਨੂੰ ਇੱਕ ਦਵਾਈ ਵੀ ਦਿੱਤੀ |
ਇਲਾਜ ਦੇ ਆਖਰੀ ਦਿਨ ਮੁੰਡੇ ਨੇ ਖੁਦ ਮੰਨਿਆਂ ਕਿ ਉਹ ਹੁਣ ਬਿਲਕੁਲ ਠੀਕ ਹੈ ਤੇ ਆਪਣਾ ਪੂਰਾ ਧਿਆਨ ਪੜ੍ਹਾਈ ਤੇ ਆਪਣੇ ਹੋਰ ਰੋਜ਼ਮਰਾ ਦੇ ਕੰਮਾਂ ਵਿੱਚ ਲਗਾ ਰਿਹਾ ਹੈ |

No comments:

Post a Comment