ਗੱਲ ਕਈ ਸਾਲ ਪੁਰਾਣੀ ਹੈ | ਅਸੀਂ ਆਪਣੇ ਘਰ ਨਵਾਂ ਨਵਾਂ ਇਨਵਰਟਰ ਲਗਵਾਇਆ ਸੀ , ਜਿਸ ਕਾਰਣ ਹੁਣ ਬਿਜਲੀ ਜਾਣ ਵੇਲੇ ਹੋਣ ਵਾਲੀ ਦਿੱਕਤ ਤੋਂ ਕਾਫੀ ਰਾਹਤ ਮਿਲ ਗਈ ਸੀ | ਭੂਤਾਂ ਪ੍ਰੇਤਾਂ ਨਾਲ ਸੰਬੰਧੀ ਕਈ ਕੇਸ ਘਰ ਵਿੱਚ ਵੀ ਆ ਜਾਂਦੇ ਸਨ ਤੇ ਉਂਝ ਵੀ ਮੈਂ ਹੱਲ ਕੀਤੇ ਕੇਸਾਂ ਦੀਆਂ ਕਹਾਣੀਆਂ ਅਕਸਰ ਘਰਦਿਆਂ ਨਾਲ ਸਾਂਝੀਆਂ ਕਰਦਾ ਰਹਿੰਦਾ ਹਾਂ | #kamaldikalam
ਉਹਨਾਂ ਦਿਨਾਂ ਵਿੱਚ ਸਾਡੇ ਘਰ ਚ ਅਜੀਬ-ਓ- ਗਰੀਬ ਕਿੱਸਾ ਹੋਣ ਲੱਗਾ | ਸਾਡੇ ਘਰ ਪਈ ਇੱਕ ਪੇਟੀ ਤੇ ਵਿਛੀ ਚਾਦਰ ਤੇ ਇੱਕ ਗੋਲ ਜਿਹਾ ਕੱਟ ਲੱਗਾ ਨਜਰ ਆਇਆ, ਜਿਵੇਂ ਕਿਸੇ ਨੇ ਚਾਦਰ ਨੂੰ ਇੱਕ ਹੱਥ ਦੀਆਂ ਉਂਗਲਾਂ ਨਾਲ ਫੜ ਕੇ ਦੂਜੇ ਹੱਥ ਵਿੱਚ ਫੜੀ ਕੈਂਚੀ ਨਾਲ ਕੱਟ ਦਿੱਤਾ ਹੋਵੇ | ਕੋਈ ਖਾਸ ਗੱਲ ਨਾ ਸਮਝਕੇ ਅਸੀਂ ਗੱਲ ਅਣਗੌਲੀ ਹੀ ਰਹਿਣ ਦਿੱਤੀ | ਅਗਲੇ ਦਿਨ ਫਿਰ ਉਸੇ ਪੇਟੀ ਦੀ ਚਾਦਰ ਇੱਕ ਹੋਰ ਥਾਂ ਤੋਂ ਉੰਨੀ ਕੁ ਹੀ ਕੱਟੀ ਹੋਈ ਸੀ | ਮਸਲਾ ਫਿਰ ਉੱਠਿਆ , ਪਰ ਕੋਈ ਨਤੀਜਾ ਨਜਰ ਨਾ ਆਇਆ |ਮੈਂ ਘਰ ਦੇ ਸਾਰੇ ਜੀਆਂ ਨੂੰ ਇਕੱਠੇ ਕਰਕੇ ਬੈਠਾਇਆ ਤੇ ਕੁਝ ਸਵਾਲ ਕੀਤੇ | ਮੇਰੇ ਬੱਚਿਆਂ ਨੇ ਕਿਹਾ ," ਪਾਪਾ , ਤੁਸੀਂ ਅਕਸਰ ਲੋਕਾਂ ਦੇ ਘਰਾਂ ਵਿੱਚ ਭੂਤਾਂ ਪ੍ਰੇਤਾਂ ਦੇ ਮਸਲੇ ਹੱਲ ਕਰਦੇ ਹੋ ਤੇ ਉਹਨਾਂ ਦੀ ਅਸਲੀਅਤ ਬਾਰੇ ਸਾਰੇ ਪਰਿਵਾਰ ਨੂੰ ਪਤਾ ਹੈ ਕਿ ਕੀ ਹੁੰਦਾ ਹੈ , ਫਿਰ ਆਪਣੇ ਘਰ ਦਾ ਕੋਈ ਜੀਅ ਇੰਝ ਕਿਵੇਂ ਕਰ ਸਕਦਾ ਹੈ !" ਬੱਚਿਆਂ ਦਾ ਤਰਕ ਜਾਇਜ਼ ਸੀ ਤੇ ਮੈਂ ਵ ਸਾਰਿਆਂ ਨੂੰ ਸੁਚੇਤ ਰਹਿਣ ਵਾਸਤੇ ਕਹਿ ਕੇ ਗੱਲ ਟਾਲ ਦਿੱਤੀ |
ਅਗਲੇ ਦਿਨ ਫਿਰ ਉਹੀ ਕਾਰਾ ਹੋਇਆ ਤੇ ਮੈਂ ਪਰੇਸ਼ਾਨ ਹੋ ਗਿਆ | ਲੋਕਾਂ ਦੇ ਘਰਾਂ ਵਿੱਚ ਜਾਕੇ ਮਿੰਟਾਂ ਚ ਮਸਲੇ ਹੱਲ ਕਰਨ ਵਾਲਾ ਆਪਣੇ ਘਰ ਚ ਵਿਚਾਰਾ ਜਿਹਾ ਬਣਿਆਂ ਲੱਗਾਂ | ਅਖੀਰ ਅਸੀਂ ਸਾਰੇ ਟੱਬਰ ਨੇ ਮਿਲਕੇ ਉਸ ਪੇਟੀ ਦੀ ਚਾਦਰ ਦੀ ਗਹਿਰਾਈ ਨਾਲ ਜਾਂਚ ਪੜਤਾਲ ਕੀਤੀ ਤਾਂ ਨਤੀਜਾ ਇਹ ਨਿਕਲਿਆ ਕਿ ਇਨਵਰਟਰ ਲਗਵਾਉਣ ਤੋਂ ਪਹਿਲਾਂ ਸਾਡੇ ਘਰ ਵਿੱਚ ਬਿਜਲੀ ਜਾਣ ਵੇਲੇ ਰੌਸ਼ਨੀ ਕਰਨ ਵਾਸਤੇ ਇੱਕ ਐਮਰਜੰਸੀ ਲਾਇਟ ਰੱਖੀ ਸੀ ਜੋ ਇਨਵਰਟਰ ਆ ਜਾਣ ਕਰਕੇ ਕਿਸੇ ਕੰਮ ਦੀ ਨਹੀਂ ਸੀ ਰਹੀ , ਜਿਸ ਕਰਕੇ ਘਰ ਦੇ ਕਿਸੇ ਜੀਅ ਨੇ ਫੜਕੇ ਉਹ ਪੇਟੀ ਉੱਪਰ ਰੱਖ ਦਿੱਤੀ, ਜਿਹਦੇ ਅੰਦਰੋਂ ਨਿਕਲੇ ਤੇਜਾਬ ਨੇ ਪੇਟੀ ਉੱਪਰ ਵਿਛੀ ਚਾਦਰ ਨੂੰ ਸਾੜ ਦਿੱਤਾ | ਘਰ ਦੇ ਹੀ ਕਿਸੇ ਜੀਅ ਨੇ ਲਾਇਟ ਚੁੱਕ ਕੇ ਦੂਜੀ ਥਾਂ ਤੇ ਰੱਖ ਦਿਤੀ ਤੇ ਉੱਥੇ ਵੀ ਤੇਜਾਬ ਡਿੱਗਣ ਕਰਕੇ ਚਾਦਰ ਸੜ ਗਈ |
ਜਦੋਂ ਇਹ ਐਮਰਜੰਸੀ ਵਾਲਾ ਭੂਤ ਫੜਿਆ ਗਿਆ ਤਾਂ ਮੈਂ ਉਹ ਭੂਤ ਗਲੀ ਚ ਜਾ ਰਹੇ ਇੱਕ ਕਬਾੜੀਏ ਨੂੰ ਬੁਲਾਕੇ ਉਹਦੇ ਹਵਾਲੇ ਕਰ ਦਿੱਤਾ |
No comments:
Post a Comment