ਸਧਾਰਨ ਆਦਮੀ \ ਇੰਦਰਜੀਤ ਕਮਲ - Inderjeet Kamal

Latest

Friday, 20 February 2015

ਸਧਾਰਨ ਆਦਮੀ \ ਇੰਦਰਜੀਤ ਕਮਲ

ਕੱਲ੍ਹ ਤੇਜਾ ਬੜਾ ਖੁਸ਼ੀ ਖੁਸ਼ੀ ਮੇਰੇ ਕਲੀਨਿਕ ਤੇ ਆਇਆ | ਉਹਨੇ ਹੱਥ ਵਿੱਚ ਇੱਕ ਪੁਰਾਨੀ ਅਖਬਾਰ ਫੜੀ ਹੋਈ ਸੀ ਜਿਹਦੇ ਵਿੱਚ ਕੁਝ ਲਪੇਟਿਆ ਹੋਇਆ ਸੀ | ਉਹਨੇ ਉਹ ਅਖਬਾਰ ਮੇਰੇ ਮੇਜ਼ ਤੇ ਸੁੱਟੀ ਤੇ ਕਹਿੰਦਾ , " ਡਾ ਡਾ ਡਾ ਡਾ ਡਾ ਡਾ ਡਾਕਟਰ ਸਾਹਬ ਵੇਖੋ ਇਹਨਾਂ ਦਾ ਕੀ ਮਿਲੂ !!|
ਮੈਂ ਪੁੱਛਿਆ , " ਕੀ ਏ ਇਹਦੇ ਵਿੱਚ ?"
ਕਹਿੰਦਾ ," ਖੋ ਖੋ ਖੋ ਖੋ ਖੋ .......|"
ਮੈਂ ਕਿਹਾ , " ਖੋ ਖੋ ਤਾਂ ਖੇਡ ਹੁੰਦੀ ਏ ਅਖਬਾਰ ਚ ਕਿਵੇਂ ਲਪੇਟ ਲਈ ?"
ਕਹਿੰਦਾ , " ਨ ਨ ਨ ਨ ਨਹੀਂ ਖੋ ਖੋ ਖੋ ਖੋਲ੍ਹ ਕੇ ਵੇਖੋ |"
ਮੈਂ ਅਖਬਾਰ ਨੂੰ ਖੋਲ੍ਹਿਆ ਤਾਂ ਉਹਦੇ ਵਿੱਚੋਂ ਬੋ ਮਾਰਦੇ ਹੋਏ ਕੱਛਾ ਤੇ ਬਨੈਣ ਨਿਕਲੇ | ਮੈਂ ਉਹਨੂੰ ਪਰ੍ਹੇ ਸੁੱਟ ਕੇ," ਕਿਹਾ ਇਹ ਕੀ ਗੰਦ ਜਿਹਾ ਚੁੱਕ ਲਿਆਇਆ ਏਂ |"
ਕਹਿੰਦਾ , " ਗ ਗ ਗ ਗੰਦ ਨਹੀਂ ਏ ਇਹ ! ਤੁਸੀਂ ਆਪੇ ਤਾਂ ਕਹਿੰਦੇ ਸੀ , ਕੁਝ ਗੁਜਰਾਤੀ ਤੁਹਾਡੇ ਦੋ ਦੋ ਦੋ ਦੋ ਦੋਸਤ ਨੇ | ਪੁੱਛੋ ਉਹਨਾਂ ਨੂੰ ਕੀ ਦਿੰਦੇ ਨੇ ਇਹਨਾਂ ਦਾ ?"
ਮੈਂ ਕਿਹਾ , " ਤੇਜੇ ਭਾਈ , ਗਲੀ ਚ ਗੁਜਤਾਰਨਾ ਆਉਂਦੀਆਂ ਨੇ ਜੋ ਪੁਰਾਣੇ ਕੱਪੜੇ ਲੈਕੇ ਉਹਨਾਂ ਬਦਲੇ ਭਾਂਡੇ ਦਿੰਦਿਆਂ ਨੇ , ਪਰ ਇਹ ਗੰਦੇ ਜਿਹੇ ਕੱਛੇ ਬਨੈਣ ਦਾ ਤਾਂ ਕਿਸੇ ਨੇ ਇੱਕ ਚਿਮਚਾ ਵੀ ਨਹੀਂ ਦੇਣਾ |"
ਕਹਿੰਦਾ , " ਭਾ ਭਾ ਭਾ ਭਾ ਭਾ ਭਾਂਡੇ ਭੂੰਡੇ ਨਹੀਂ ਚਾਹੀਦੇ , ਮੈਂ ਤਾਂ ਬੋਲੀ ਲਗਵਾਉਣੀ ਏ ਇਹਨਾਂ ਦੀ !"
ਮੈਂ ਕਿਹਾ , " ਤੇਰਾ ਦਿਮਾਗ ਖਰਾਬ ਏ ?"
ਕਹਿੰਦਾ , " ਆਪਣੇ ਕੱਪੜਿਆਂ ਦੀ ਬੋਲੀ ਲਗਵਾਉਣ ਵਾਸਤੇ ਦਿਮਾਗ ਖਰਾਬ ਹੋਣਾ ਜਰੂਰੀ ਏ ?"
ਮੈਂ ਕਿਹਾ ," ਤੂੰ ਸਾਫ਼ ਸਾਫ਼ ਦੱਸ ਚਾਹੁੰਦਾ ਕੀ ਏਂ ?"
ਕਹਿੰਦਾ , " ਜੇ ਨਰੇਂਦਰ ਮੋਦੀ ਦੇ ਸੂਟ ਦੀ ਬੋਲੀ ਲੱਗ ਸਕਦੀ ਹੈ ਤਾਂ ਮੇਰੇ ਕੱਛੇ ਬਨੈਣ ਦੀ ਕਿਓਂ ਨਹੀਂ ?"
ਮੈਂ ਦੱਸਿਆ ," ਉਹ ਇੱਕ ਇਤਿਹਾਸਕ ਸੂਟ ਹੋ ਨਿੱਬੜਿਆ ਹੈ, ਜੋ ਨਰੇਂਦਰ ਮੋਦੀ ਨੇ ਓਬਾਮਾ ਨਾਲ ਮੁਲਾਕਾਤ ਵੇਲੇ ਪਾਇਆ ਸੀ |"
ਤੇਜਾ ਕਹਿੰਦਾ ," ਇਹ ਕੱਛਾ ਬਨੈਣ ਵੀ ਘੱਟ ਨਹੀਂ ਹੈ , ਇਹਨੂੰ ਵੀ ਮੋਦੀ ਦੇ ਸੂਟ ਵਾਂਗ ਇੱਕ ਵੀ ਧੋ ਨਹੀਂ ਪਿਆ | ਮੈਂ ਵੀ ਇਹ ਆਪਣੀ ਘਰਵਾਲੀ ਨਾਲ ਹੋਈ ਪਹਿਲੀ ਮੁਲਾਕਾਤ ਵਕਤ ਹਰੇ ਰੰਗ ਦੇ ਕੁੜਤੇ ਪਜਾਮੇ ਦੇ ਥੱਲਿਓਂ ਪਾਇਆ ਸੀ ਤੇ ਪੂਰੇ ਦੋ ਮਹੀਨੇ ਬਾਦ ਬਦਲਿਆ ਸੀ |"
ਮੈਂ ਵਿਸਥਾਰ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਕਿਹਾ , " ਤੇਜਿਆ ਅਸੀਂ ਸਧਾਰਨ ਆਦਮੀ ਹਾਂ | ਸਾਡੀਆਂ ਮੁਲਾਕਾਤਾਂ , ਅਰਮਾਨਾਂ , ਸੱਧਰਾਂ ਤੇ ਕੱਪੜਿਆਂ ਦਾ ਵੀ ਕੋਈ ਮੁੱਲ ਨਹੀਂ |"
ਤੇਜਾ ਕਹਿੰਦਾ , " ਪਰ ਮੋਦੀ ਤਾਂ ਕਹਿੰਦਾ ਸੀ ਮੈਂ ਵੀ ਤੁਹਾਡੇ ਵਰਗਾ ਹੀ ਹਾਂ , ਤੁਹਾਡਾ ਚੌਕੀਦਰ ਬਣਕੇ ਰਹੂਂਗਾ |"
ਮੈਂ ਕਿਹਾ , " ਤੇਜਿਆ, ਕਹਿਣੀ ਤੇ ਕਰਨੀ ਨੂੰ ਇੱਕੋ ਜਿਹਾ ਰੱਖਣਾ ਬਹੁਤ ਔਖਾ ਏ !"
ਤੇਜੇ ਨੇ ਅਖਬਾਰ ਵਿੱਚ ਲਪੇਟਿਆ ਕੱਛਾ ਬਨੈਣ ਚੁੱਕਿਆ ਤੇ ਬੁੜ ਬੁੜ ਕਰਦਾ ਚਲਾ ਗਿਆ ," ਹਾਂ , ਅਸੀਂ ਸਧਾਰਨ ਆਦਮੀ ਹਾਂ ! ਇਹੋ ਕੱਛਾ ਬਨੈਣ ਕਿਸੇ ਬਾਬੇ ਦਾ ਹੁੰਦਾ ਤਾਂ ਲੋਕਾਂ ਨੇ ਭਿਓਂ ਭਿਓਂ ਕੇ ਨਿਚੋੜ ਨਿਚੋੜ ਕੇ ਪੀਣਾ ਸੀ |" \ ਇੰਦਰਜੀਤ ਕਮਲ

No comments:

Post a Comment