ਅੰਮ੍ਰਿਤ ਵਰਖਾ \ ਇੰਦਰਜੀਤ ਕਮਲ - Inderjeet Kamal

Latest

Sunday, 18 January 2015

ਅੰਮ੍ਰਿਤ ਵਰਖਾ \ ਇੰਦਰਜੀਤ ਕਮਲ



                                    ਸਾਡੇ ਸ਼ਹਿਰ  ਦੇ ਇੱਕ ਨਿੱਜੀ ਧਾਰਮਿਕ ਸਥਾਨ ਅੰਦਰ ਹਰ ਸਾਲ ਜਨਵਰੀ ਦੇ ਮਹੀਨੇ ਦੇ ਅੱਧ ਵਿੱਚ ਇੱਕ ਬਹੁਤ ਭਾਰੀ ਇੱਕਠ ਹੁੰਦਾ ਸੀ , ਜਿਹਦੇ  ਵਿੱਚ ਵੱਖ ਵੱਖ ਸੂਬਿਆਂ ਤੋਂ ਬਹੁਤ ਭਗਤ ਜਮ੍ਹਾਂ ਹੁੰਦੇ ਸਨ ਤੇ  ਹਰ ਸਾਲ ਅੰਮ੍ਰਿਤ ਵਰਖਾ ਹੋਣ ਦਾ ਨਾਟਕ ਕੀਤਾ ਜਾਂਦਾ ਸੀ | ਸ਼ਹਿਰ ਚ ਦੂਰ ਦੂਰ ਤੱਕ ਲਾਉਡ ਸਪੀਕਰ ਲਗਾਏ ਜਾਂਦੇ ਸਨ ਤਾਂਕਿ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਕੀਤੀ ਜਾ ਸਕੇ | ਲੋਕਾਂ ਵਿੱਚ ਇਹ ਅਫਵਾਹ ਫੈਲਾਈ ਜਾਂਦੀ ਸੀ ਕਿ ਇੱਥੇ ਦੂਰੋਂ ਦੂਰੋਂ ਵੱਡੇ ਵੱਡੇ ਵਿਗਿਆਨੀ ਆਏ, ਪਰ ਕੋਈ ਵੀ ਸਮਝ ਨਹੀਂ ਸਕਿਆ ਕੀ ਅੰਮ੍ਰਿਤ ਵਰਖਾ ਕਿਵੇਂ ਹੁੰਦੀ ਹੈ |
                                   ਕਈ ਸਾਲ ਪਹਿਲਾਂ ਤਰਕਸ਼ੀਲ ਸੋਸਾਇਟੀ ਹਰਿਆਣਾ ( ਰਜਿ.) ਦੀ ਇਕਾਈ ਯਮੁਨਾਨਗਰ ਨੇ ਵਿੱਚ ਇਸ ‘ ਅੰਮ੍ਰਿਤ ਵਰਖਾ ‘  ਦਾ ਪਰਦਾਫਾਸ਼ ਕਰਨ ਵਾਸਤੇ ਇੱਕ ਮੀਟਿੰਗ ਕੀਤੀ | ਸੰਸਥਾ ਦਾ ਸਕੱਤਰ ਹੋਣ ਦੇ ਨਾਤੇ ਸੋਸਾਇਟੀ ਦੇ ਇੱਕ ਸਾਥੀ ਨਾਲ ਇਸ ਕੰਮ ਦੀ ਜਾਂਚ ਪੜਤਾਲ ਵਾਸਤੇ ਮੇਰੀ ਡਿਉਟੀ ਲਗਾਈ ਗਈ | ਉਸ ਦਿਨ ਧੁੰਦ ਬਹੁਤ ਸੀ | ਅਸੀਂ ਦੋਵੇਂ ਸਾਥੀ ਮਿਥੇ ਵਕਤ ਮੁਤਾਬਕ ਸਵੇਰੇ ਸਵੇਰ  ਪਹੁੰਚ ਗਏ | ਇੱਕ ਕਾਫੀ ਵੱਡਾ ਹਾਲ ਕਮਰਾ ਸੀ ,ਜਿਹਦੇ ਸਾਹਮਣੇ ਵਾਲੇ ਪਾਸੇ ਕੁਝ ਧਾਰਮਿਕ ਮੂਰਤੀਆਂ ਸਜਾਈਆਂ ਹੋਈਆਂ ਸਨ | ਕਮਰੇ ਦੀਆਂ ਕੰਧਾਂ ਅਤੇ ਛੱਤ ਨਾਲ ਚਿਕਨੀਆਂ ਟਾਈਲਾਂ ਲੱਗੀਆਂ ਹੋਈਆਂ ਸਨ |
                                     ਸਾਰਾ ਕਮਰਾ ਭਗਤਾਂ ਨਾਲ ਭਰ ਗਿਆ | ਸਾਰੇ ਜੋਰ ਜੋਰ ਦੀ ਤਾੜੀਆਂ ਮਾਰਦੇ ਹੋਏ  ਇੱਕ ਹੀ ਲਾਈਨ ਬਾਰ ਬਾਰ ਬੋਲ ਰਹੇ ਸਨ |ਬਹੁਤੇ ਭਗਤ ਅੱਖਾਂ ਬੰਦ ਕਰਕੇ ਪੂਰੀ ਮਸਤੀ ਵਿੱਚ ਨਜਰ ਆ ਰਹੇ ਸਨ | ਇਹ ਕਿਰਿਆ ਘੰਟਿਆਂ ਦੇ ਹਿਸਾਬ ਨਾਲ ਚਲਦੀ ਰਹੀ | ਹੁਣ ਕਈ ਲੋਕ ਤਾੜੀਆਂ ਮਾਰ ਕੇ ਉੱਚੀ ਉੱਚੀ ਬੋਲਦੇ ਬਾਰ ਬਾਰ ਕੰਧਾਂ ਅਤੇ ਛੱਤ ਵੱਲ ਵੇਖ ਰਹੇ ਸਨ | ਟਾਈਲਾਂ ਉੱਤੇ ਕਿਤੇ ਕਿਤੇ ਪਾਣੀ ਦੀਆਂ ਬੂੰਦਾਂ ਨਜਰ ਆਉਣ ਲੱਗੀਆਂ | ਲੋਕ ਸਤਰਕ ਹੋ ਗਏ | ਜਦੋਂ ਉੱਥੋਂ ਦੇ ਪੁਜਾਰੀ ਨੇ ਐਲਾਨ ਕੀਤਾ ਕਿ ਅੰਮ੍ਰਿਤ ਵਰਖਾ ਸ਼ੁਰੂ ਹੋ ਗਈ ਹੈ ਤਾਂ ਲੋਕਾਂ ਨੇ ਆਪੋ ਆਪਣੇ ਹੱਥ ਕੰਧਾਂ ਨਾਲ ਘਸਾ ਕੇ ਚੱਟਨੇ  ਸ਼ੁਰੂ ਕਰ ਦਿਤੇ | ਅਸੀਂ ਆਪਣੀਆਂ ਅੱਖਾਂ ਤੇ ਦਿਮਾਗ ਖੁੱਲ੍ਹਾ ਰੱਖ ਕੇ ਸਭ ਕੁਝ ਵੇਖਦੇ ਰਹੇ ਤੇ ਅਖੀਰ ਸੋਸਾਇਟੀ ਦੀ ਅਗਲੀ ਮੀਟਿੰਗ ਵਿੱਚ ਆਪਣੀ ਰਿਪੋਰਟ ਦੇ ਦਿਤੀ |
                                     ਹੁਣ ਇਹ ਨਾਟਕ ਇੱਕ ਸਾਲ ਬਾਦ ਹੋਣਾ ਸੀ ,ਜਿਸ ਕਾਰਨ ਹੁਣੇ ਪਰਦਾਫਾਸ਼ ਕਰਨ ਨਾਲ ਲੋਕਾਂ ਨੇ ਆਉਂਦੇ ਵਕਤ ਤੱਕ ਭੁੱਲ ਜਾਣਾ ਸੀ ਤੇ ਉਂਝ ਵੀ ਸਾਡਾ ਸੁਨੇਹਾ ਸ਼ਹਿਰ ਤੋਂ ਬਾਹਰੋਂ ਆਉਣ ਵਾਲੇ ਲੋਕਾਂ ਤੱਕ ਨਹੀਂ ਸੀ ਪੰਹੁਚਣਾ |  ਅਸੀਂ  ਰੁਕਨਾ ਹੀ ਠੀਕ ਸਮਝਿਆ | ਅਗਲੇ ਸਾਲ ਅਸੀਂ ਵੱਡੇ ਵੱਡੇ ਇਸ਼ਤਿਹਾਰ ਛਪਵਾਏ ਤੇ ਕੰਧਾਂ ਤੇ ਲਗਾ ਦਿਤੇ ਤਾਂ ਕਿ ਲੋਕਾਂ ਨੂੰ ਸਚਾਈ ਤੋਂ ਜਾਣੂ ਕਰਵਾਇਆ ਜਾਵੇ | ਇਸ਼ਤਿਹਾਰ ਵਿੱਚ ਦੱਸਿਆ ਗਿਆ ਸੀ ਕਿ ਬਹੁਤ ਸਾਰੇ ਲੋਕ ਜਦੋਂ ਇੱਕ ਕਮਰੇ ਵਿੱਚ ਇਕੱਠੇ ਹੋ ਕੇ ਜੋਰ ਜੋਰ ਨਾਲ ਕੁਝ  ਬੋਲਦੇ ਹਨ ਤਾਂ ਉਹਨਾਂ ਦੇ ਮੂੰਹ ਵਿੱਚੋਂ ਭਾਫ ਨਿਕਲਦੀ ਹੈ ਜੋ ਚਾਰ ਚੁਫੇਰਿਓਂ ਬੰਦ ਹੋਣ ਕਰਕੇ ਅੰਦਰ ਹੀ ਰਹਿ ਜਾਂਦੀ ਹੈ ਤੇ ਉਸ  ਵਿਚਲੇ ਵਾਸ਼ਪ ਆਸੇ ਪਾਸੇ ਲੱਗੀਆਂ  ਟਾਈਲਾਂ ਉੱਪਰ ਇੱਕਠੇ ਹੋ ਜਾਂਦੇ ਹਨ | ਟਾਈਲਾਂ ਚਿਕਨੀਆਂ ਹੋਣ ਕਰਕੇ ਵਾਸ਼ਪਾਂ ਨੂੰ ਸੋਖਦੀਆਂ  ਨਹੀਂ ਹਨ ਤੇ ਉਹ ਤੁਪਕਿਆਂ ਦੇ ਰੂਪ ਵਿੱਚ ਚਮਕਣ ਲੱਗ ਪੈਂਦੇ ਹਨ , ਜਿਸ ਨੂੰ ਲੋਕ ਅੰਮ੍ਰਿਤ ਸਮਝਕੇ ਚੱਟਦੇ ਹਨ | ਅਸੀਂ ਸਪਸ਼ਟ ਸ਼ਬਦਾਂ ਵਿੱਚ ਦੱਸਿਆ ਸੀ ਕਿ ਇਹ ਕੋਈ ਚਮਤਕਾਰ ਨਹੀਂ ਹੈ ਬਲਕਿ ਕਿ ਇਹ ਲੋਕ , ਲੋਕਾਂ ਦੇ ਅੰਦਰੋਂ ਨਿਕਲੇ ਥੁੱਕ ਨੂੰ ਹੀ ਅੰਮ੍ਰਿਤ ਸਮਝਕੇ ਚੱਟ ਰਹੇ ਹਨ  | ਅਸੀਂ ਸੋਸਾਇਟੀ ਵੱਲੋਂ ਇਹ ਖੁੱਲ੍ਹਾ ਚੈਲੇੰਜ ਵੀ ਕੀਤਾ ਸੀ ਕਿ ਅਗਰ ਪੁਜਾਰੀ ਇਹਨੂੰ ਚਮਤਕਾਰ ਕਹਿੰਦਾ ਹੈ ਤਾਂ ਉਹ ਚਾਰ ਚੁਫੇਰਿਓਂ ਖੁੱਲ੍ਹੀ ਥਾਂ ਤੇ ਇਹ ਚਮਤਕਾਰ ਕਰਕੇ ਵਿਖਾਵੇ |
                                            ਅੱਜ ਵੀ ਉੱਥੇ  ਧਾਰਮਿਕ ਪ੍ਰੋਗ੍ਰਾਮ ਤਾਂ ਹੁੰਦਾ ਹੈ ਪਰ ਅੰਮ੍ਰਿਤ ਵਰਖਾ ਦਾ ਨਾਟਕ ਨਹੀਂ ਹੁੰਦਾ | ਬਹੁਤ ਸਾਰੇ ਲੋਕ ਇਸ ਸਚਾਈ ਨੂੰ ਸਮਝ ਕੇ ਇਸ ਤੋਂ ਕਿਨਾਰਾ ਕਰ ਗਏ ਹਨ |
ਸਾਨੂੰ ਕੁਝ ਲੋਕਾਂ ਦਾ ਵਿਰੋਧ ਵੀ ਸਹਿਣਾ ਪਿਆ , ਪਰ ਸਚਾਈ ਲੋਕਾਂ ਸਾਹਮਣੇ  ਆ ਗਈ ਤੇ ਸਭ ਸ਼ਾਂਤ ਹੋ ਗਏ |

No comments:

Post a Comment