ਅਰਮਾਨਾਂ ਦਾ ਭੂਤ \ ਇੰਦਰਜੀਤ ਕਮਲ - Inderjeet Kamal

Latest

Tuesday, 23 December 2014

ਅਰਮਾਨਾਂ ਦਾ ਭੂਤ \ ਇੰਦਰਜੀਤ ਕਮਲ

ਪਿਛਲੇ ਮਹੀਨੇ 22-24 ਕੁ ਸਾਲ ਦੀ ਇਕ ਵਿਆਹੁਤਾ ਨੂੰ ਦੋ ਔਰਤਾਂ ਬਾਹਾਂ ਤੋਂ ਫੜ ਕੇ ਬੜੀ ਮੁਸ਼ਕਲ ਨਾਲ ਮੇਰੇ ਕੋਲ ਲੈ ਕੇ ਆਈਆਂ। ਔਰਤਾਂ ਦੇ ਫੜਨ ਦੇ ਬਾਵਜੂਦ ਉਹ ਡਿੱਗ-ਡਿੱਗ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਉਸ ਦੇ ਸਿਰ ਅਤੇ ਲੱਤਾਂ ਵਿੱਚ ਬਹੁਤ ਦਰਦ ਹੈ। ਇਕ ਮਹੀਨੇ ਵਿੱਚ ਕਈ ਡਾਕਟਰਾਂ ਨੂੰ ਵਿਖਾਇਆ। ਸਾਰੇ ਡਾਕਟਰਾਂ ਨੇ ਆਪੋ-ਆਪਣੇ ਤੌਰ ‘ਤੇ ਕਈ ਮਹਿੰਗੇ ਟੈਸਟ ਕਰਾਏ, ਪਰ ਕਿਸੇ ਨੂੰ ਨੁਕਸ ਦਾ ਪਤਾ ਨਾ ਲੱਗਾ। ਉਸ ਲੜਕੀ ਦਾ ਜੇਠ ਇਕ ਸਕੂਲ ਵਿੱਚ ਅਧਿਆਪਕ ਹੋਣ ਕਰਕੇ ਮੇਰੇ ਇਕ ਤਰਕਸ਼ੀਲ ਦੋਸਤ ਦੇ ਸੰਪਰਕ ਵਿੱਚ ਸੀ। ਇਸ ਕਾਰਨ ਉਹ ਬਾਬਿਆਂ ਕੋਲ ਜਾਣ ਦੀ ਥਾਂ ਮੇਰੇ ਕੋਲ ਆ ਗਏ। ਮੈਂ ਉਸ ਔਰਤ ਦੇ ਪਰਵਾਰ ਬਾਰੇ ਸਾਰੀ ਜਾਣਕਾਰੀ ਲਈ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਸਾਂਝੇ ਪਰਵਾਰ ਹੈ ਤੇ ਘਰ ਵਿੱਚ ਕਿਸੇ ਕਿਸਮ ਦੀ ਕਮੀ ਨਹੀਂ। ਉਸ ਨੂੰ ਆਪਣੇ ਸੱਸ, ਸਹੁਰੇ, ਨਨਾਣ, ਦਰਾਣੀ, ਜੇਠਾਣੀ ਆਦਿ ਕਿਸੇ ਤੋਂ ਕੋਈ ਸ਼ਿਕਾਇਤ ਨਹੀਂ। ਮੈਂ ਵੇਖਿਆ ਕਿ ਉਸ ਵਿੱਚ ਆਤਮ ਵਿਸ਼ਵਾਸ ਦੀ ਕਮੀ ਸੀ। ਉਸ ਦੀ ਮਾਨਸਿਕਤਾ ਮਜ਼ਬੂਤ ਕਰਨ ਲਈ ਮੈਂ ਕਾਫੀ ਦੇਰ ਉਸ ਨੂੰ ਕਈ ਤਰ੍ਹਾਂ ਦੀਆਂ ਕਹਾਣੀਆਂ ਸੁਣਾਈਆਂ ਤੇ ਕੁਝ ਨੁਕਤੇ ਦੱਸੇ। ਦੋ ਘੰਟੇ ਦੀ ਜੱਦੋ ਜਹਿਦ ਪਿੱਛੋਂ ਉਹ ਕਾਫੀ ਹੱਦ ਤੱਕ ਆਮ ਸਥਿਤੀ ਵਿੱਚ ਆ ਚੁੱਕੀ ਸੀ, ਪਰ ਮੈਂ ਉਸ ਦੇ ਮਨ ਦੀ ਗੱਲ ਨੂੰ ਸਮਝ ਨਹੀਂ ਸਕਿਆ। ਮੈਂ ਉਸ ਦੇ ਪਤੀ ਨੂੰ ਕਿਹਾ, ‘ਪਰਸੋਂ ਤੁਸੀਂ ਦੋਵੇਂ ਇਕੱਲੇ ਆਇਓ।’ ਜਦੋਂ ਉਹ ਜਾਣ ਲੱਗੇ ਤਾਂ ਲੜਕੀ ਦੇ ਪਤੀ ਨੇ ਉਸ ਨੂੰ ਆਸਰਾ ਦੇਣਾ ਚਾਹਿਆ, ਪਰ ਮੈਂ ਉਸ ਨੂੰ ਰੋਕ ਦਿੱਤਾ। ਉਹ ਹੌਲੀ-ਹੌਲੀ ਆਪ ਜਾ ਕੇ ਕਾਰ ਵਿੱਚ ਬੈਠ ਗਈ।
ਤੀਸਰੇ ਦਿਨ ਜਦੋਂ ਉਹ ਲੜਕੀ ਆਈ ਤਾਂ ਉਹ ਚੰਗੀ ਤਰ੍ਹਾਂ ਤਿਆਰ ਹੋਈ ਸੀ। ਗੱਲਬਾਤ ਵੀ ਠੀਕ ਕਰ ਰਹੀ ਸੀ। ਮੈਂ ਬਾਕੀ ਮਰੀਜ਼ਾਂ ਤੋਂ ਫਾਰਗ ਹੋ ਕੇ ਉਨ੍ਹਾਂ ਦੋਵਾਂ ਜੀਆਂ ਨੂੰ ਵੱਖਰਾ ਸਮਾਂ ਦੇਣਾ ਚਾਹੁੰਦਾ ਸੀ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਦੇਰ ਇੰਤਜ਼ਾਰ ਕਰਨਾ ਪਿਆ। ਅਖੀਰ ਵਿੱਚ ਜਦੋਂ ਉਹ ਦੋਵੇਂ ਰਹਿ ਗਏ ਤਾਂ ਮੈਂ ਉਨ੍ਹਾਂ ਨੂੰ ਆਪਣੇ ਕੋਲ ਬਿਠਾ ਕੇ ਕਈ ਸਵਾਲ ਪੁੱਛੇ ਤੇ ਉਸ ਲੜਕੀ ਨੂੰ ਆਪਣੇ ਅੰਦਰ ਦੀ ਗੱਲ ਦੱਸਣ ਲਈ ਕਿਹਾ। ਉਹ ਆਪਣੇ ਪਤੀ ਵੱਲ ਵੇਖ ਕੇ ਕਹਿੰਦੀ, ‘ਇਹ ਗੁੱਸਾ ਬਹੁਤ ਕਰਦੇ ਹਨ ਤੇ ਗਾਲ੍ਹਾਂ ਕੱਢਦੇ ਹਨ।’ ਜਦੋਂ ਮੈਂ ਉਸ ਦੇ ਪਤੀ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਹ ਕਹਿੰਦਾ, ‘ਰਾਤ ਨੂੰ ਕੰਮ ਤੋਂ ਥੱਕਿਆ ਆਉਂਦਾ ਹਾਂ, ਆਉਂਦਿਆਂ ਕਦੇ ਕਹਿੰਦੀ ਹੈ, ਲੱਤਾਂ ਘੁੱਟ ਦੇ, ਕਦੇ ਸਿਰ ਘੁੱਟ ਦੇ। ਨਾਲੇ ਘੁੱਟਦਾ ਰਹਿੰਦਾ ਹਾਂ ਨਾਲੇ ਹੌਲੀ-ਹੌਲੀ ਗਾਲ੍ਹਾਂ ਕੱਢਦਾ ਰਹਿੰਦਾ ਹਾਂ। ਇਸ ਨੂੰ ਕਮੀ ਵੀ ਕਿਸੇ ਚੀਜ਼ ਦੀ ਨਹੀਂ। ਪਿਛਲੇ ਮਹੀਨੇ ਦਸ ਲੱਖ ਦੀ ਜ਼ਮੀਨ ਇਸ ਦੇ ਨਾਂ ਖਰੀਦੀ ਹੈ।’ ਇਹ ਸੁਣ ਕੇ ਮੈਂ ਕਿਹਾ, ‘ਜ਼ਮੀਨ ਜਨਾਨੀ ਦੇ ਨਾਂ ਕਰਵਾਉਣ ਪਿੱਛੇ ਤਾਂ ਤੁਹਾਡਾ ਮਕਸਦ ਰਜਿਸਟਰੀ ਦਾ ਖਰਚਾ ਬਚਾਉਣਾ ਹੋਵੇਗਾ, ਕਿਉਂਕਿ ਇਥੇ ਜਨਾਨੀ ਦੇ ਨਾਂ ਰਜਿਸਟਰੀ ਕਰਵਾਉਣ ‘ਤੇ ਖਰਚਾ ਘੱਟ ਲੱਗਦਾ ਹੈ।’ ਉਹ ਕਹਿੰਦਾ, ‘ਹਾਂ ਜੀ ਇਹੀ ਗੱਲ ਹੈ। ਮੈਂ ਬਹੁਤ ਕੰਜੂਸ ਹਾਂ। ਅੱਜ ਤੱਕ ਮੈਂ ਬਹਾਰ ਕਦੇ ਕੁਝ ਨਹੀਂ ਖਾਧਾ।’ ਆਪਣੇ ਪੈਰਾਂ ਵੱਲ ਇਸ਼ਾਰਾ ਕਰਕੇ ਉਹ ਬੋਲਿਆ, ‘ਆਹ ਵੇਖ ਲਓ ਜੁੱਤੀ ਟੁੱਟੀ ਨੂੰ ਚਾਰ ਮਹੀਨੇ ਹੋ ਗਏ ਹਨ, ਮੈਂ ਨਵੀਂ ਨਹੀਂ ਲਈ। ਇਸ ਦੇ ਇਲਾਜ ‘ਤੇ ਜਿਹੜੀ ਰਕਮ ਖਰਚ ਰਿਹਾ ਹਾਂ, ਮੈਨੂੰ ਲੱਗ ਰਿਹਾ ਹੈ, ਨਾਲੀ ਵਿੱਚ ਰੋੜ੍ਹ ਰਿਹਾ ਹਾਂ।’
ਮੇਰਾ ਧਿਆਨ ਲੜਕੀ ਦੇ ਸਰੀਰ ‘ਤੇ ਪਾਏ ਗਹਿਣਿਆਂ ਵੱਲ ਗਿਆ। ਸਾਰੇ ਨਕਲੀ ਅਤੇ ਤਕਰੀਬਨ ਖਰਾਬ ਹੋ ਚੁੱਕੇ ਸਨ। ਮੈਂ ਉਸ ਨੂੰ ਸਵਾਲ ਕੀਤਾ, ‘ਮੈਨੂੰ ਲੱਗਦਾ ਹੈ ਕਿ ਤੇਰਾ ਕੋਈ ਅਰਮਾਨ ਪੂਰਾ ਨਹੀਂ ਹੋ ਸਕਿਆ।’ ਉਸ ਨੇ ਆਪਣੇ ਘਰ ਵਾਲੇ ਵੱਲ ਵੇਖਿਆ ਤੇ ਨੀਵੀਂ ਪਾ ਲਈ। ਜ਼ੋਰ ਦੇਣ ‘ਤੇ ਵੀ ਉਸ ਨੇ ਕੁਝ ਨਾ ਦੱਸਿਆ, ਪਰ ਆਪਣੀਆਂ ਬਾਹਾਂ ਵਿੱਚ ਪਾਈਆਂ ਨਕਲੀ ਚੂੜੀਆਂ ਨੂੰ ਨਹੁੰਆਂ ਨਾਲ ਛਿੱਲਣ ਦੀ ਅਸਫਲ ਕੋਸ਼ਿਸ਼ ਕਰਦੀ ਰਹੀ। ਉਸ ਦੀ ਸਰੀਰਕ ਹਰਕਤ ਕਾਫੀ ਕੁਝ ਕਹਿ ਰਹੀ ਸੀ। ਉਸ ਦੇ ਘਰ ਵਾਲੇ ਤੋਂ ਮੈਂ ਵਾਅਦਾ ਲਿਆ ਕਿ ਜੇ ਇਸ ਦੀ ਕੋਈ ਮੰਗ ਹੋਵੇ ਤਾਂ ਉਹ ਪੂਰੀ ਕਰੇਗਾ। ਉਹ ਹਰ ਸ਼ਰਤ ਮੰਨਣ ਨੂੰ ਤਿਆਰ ਹੋ ਗਿਆ। ਕੁੱਲ ਮਿਲਾ ਕੇ ਉਸ ਔਰਤ ਨੇ ਆਪਣੇ ਕੰਨਾਂ ਲਈ ਟੌਪਸ ਮੰਗੇ। ਮੈਂ ਉਸ ਬੰਦੇ ਨੂੰ ਸਮਝਾਇਆ ਕਿ ਜਿੰਨਾ ਖਰਚ ਤੂੰ ਇਸ ਦੇ ਇਲਾਜ ‘ਤੇ ਕੀਤਾ ਹੈ, ਉਸ ਤੋਂ ਕਿਤੇ ਘੱਟ ਰਕਮ ਵਿੱਚ ਟੌਪਸ ਬਣ ਜਾਣੇ ਸਨ। ਉਸ ਨੇ ਦੱਸਿਆ, ‘ਇਕ ਵਾਰ ਇਸ ਨੇ ਟੌਪਸ ਮੰਗੇ ਸਨ, ਪਰ ਮੈਂ ਇਨਕਾਰ ਕਰ ਦਿੱਤਾ ਸੀ, ਉਸ ਪਿੱਛੋਂ ਇਸ ਨੇ ਕਦੇ ਟੌਪਸਾਂ ਲਈ ਨਹੀਂ ਕਿਹਾ।’ ਮੈਂ ਉਨ੍ਹਾਂ ਦੋਵਾਂ ਨੂੰ ਵਿਸਥਾਰ ਵਿੱਚ ਸਮਝਾਇਆ ਤੇ ਲੜਕੇ ਤੋਂ ਵਾਅਦਾ ਲਿਆ ਕਿ ਉਹ ਇਕ ਹਫਤੇ ਦੇ ਅੰਦਰ ਆਪਣੀ ਪਤਨੀ ਨੂੰ ਟੌਪਸ ਲੈ ਕੇ ਦੇਵੇਗਾ। ਲੜਕੀ ਦੇ ਮੂੰਹ ਦੀ ਚਮਕ ਤੇ ਮੁਸਕਰਾਹਟ ਵੇਖਣ ਵਾਲੀ ਸੀ। ਉਸ ਦੀ ਚਾਲ ਢਾਲ ਬਦਲ ਗਈ। ਉਨ੍ਹਾਂ ਦੇ ਜਾਣ ਤੋਂ ਕਈ ਦਿਨ ਪਿੱਛੋਂ ਉਸ ਲੜਕੀ ਦੇ ਪਤੀ ਦਾ ਫੋਨ ਆਇਆ ਕਿ ਉਹ ਹੁਣ ਬਿਲਕੁਲ ਠੀਕ ਹੈ ਤੇ ਉਸ ਨੂੰ ਟੌਪਸ ਵੀ ਲੈ ਦਿੱਤੇ ਹਨ।
ਪੰਜਾਬੀ ਟ੍ਰਿਬਿਉਨ 11-11-14
ਕੈਨੇਡੀਅਨ ਪੰਜਾਬੀ ਪੋਸਟ 16-11-14

No comments:

Post a Comment