ਕੱਲ੍ਹ ਸਾਨੂੰ ਕਿਸੇ ਕੰਮ ਮੋਹਾਲੀ ਤੇ ਚੰਡੀਗੜ੍ਹ ਜਾਣਾ ਪਿਆ | ਮੇਰੇ ਨਾਲ ਮੇਰੀ ਆਪਣੀ ਬੇਟੀ ਦੇ ਨਾਲ ਉਹਦੀਆਂ ਤਿੰਨ ਸਹੇਲੀਆਂ ਸਨ |ਦੋ ਕੁੜੀਆਂ ਉੱਤਰ ਪ੍ਰਦੇਸ਼ ਦੀਆਂ ਸਨ ,ਜਿਹਨਾਂ ਵਾਸਤੇ ਪੰਜਾਬੀ ਬੋਲਣੀ ਤਾਂ ਕੀ ਸਮਝਣੀ ਵੀ ਔਖੀ ਸੀ |ਮੇਰੀ ਡਿਉਟੀ ਲੱਗੀ ਸੀ ਕਿ ਇਹਨਾਂ ਬੱਚੀਆਂ ਦੀ ਟ੍ਰੇਨਿੰਗ ਵਾਸਤੇ ਬਣਦਾ ਸਾਰਾ ਇੰਤਜ਼ਾਮ ਕਰਕੇ ਆਵਾਂ |ਮੈਂ ਬੱਚੀਆਂ ਨੂੰ ਨਾਲ ਲੈ ਕੇ ਮੋਹਾਲੀ ਵੱਲ ਨੂੰ ਚੱਲ ਪਿਆ |ਅਸੀਂ ਆਪਸ ਵਿੱਚ ਸਲਾਹ ਕਰਦੇ ਜਾ ਰਹੇ ਸਾਂ ਕਿ ਪਹਿਲਾਂ ਕਿੱਥੇ ਜਾਣਾ ਹੈ ਤੇ ਬਾਦ ਚ ਕਿੱਥੇ |ਮੋਹਾਲੀ ਜਾਂਦੇ ਵਕਤ ਬਨੂੜ ਤੋਂ ਪਹਿਲਾਂ ਸਾਨੂੰ ਸੜਕ ਦੇ ਉੱਤੇ ਇੱਕ ਭੀੜ ਨਜਰ ਆਈ |ਗੱਡੀ ਦੀ ਰਫਤਾਰ ਘਟਾਉਣੀ ਜ਼ਰੂਰੀ ਸੀ | ਭੀੜ ਦੇ ਕੋਲ ਪੰਹੁਚਦਿਆਂ ਹੀ ਪੰਜ ਸੱਤ ਡਾਂਗਾਂ ਵਾਲੇ ਸਾਡੀ ਕਾਰ ਦੇ ਅੱਗੇ ਆ ਕੇ ਖੜੇ ਹੋ ਗਏ |
ਪਿੱਛੇ ਬੈਠੀ ਉੱਤਰ ਪ੍ਰਦੇਸ਼ ਦੀ ਇੱਕ ਕੁੜੀ ਬੋਲੀ , " हाए अंक्ल अब क्या होगा !!"
ਮੇਰਾ ਹਾਸਾ ਨਿਕਲ ਗਿਆ ਮੈਂ ਕਿਹਾ ,
" ਕੁਝ ਨਾ ਕੁਝ ਤਾਂ ਜਰੂਰ ਹੋਏਗਾ "
ਮੈਂ ਕਾਰ ਦੀ ਬਾਰੀ ਦਾ ਸ਼ੀਸ਼ਾ ਥੱਲੇ ਕੀਤਾ ਤਾਂ ਉਹ ਬੰਦੇ ਬੋਲੇ ,
" ਆਓ ਜੀ , ਲੰਗਰ ਛਕ ਕੇ ਜਾਓ "
ਮੈਂ ਕਿਹਾ ,
" ਲੰਗਰ ਤਾਂ ਠੀਕ ਏ , ਪਰ ਇਹ ਡਾਂਗਾਂ ਨਾਲ ਲੰਗਰ ਛਕਾਉਣ ਵਾਲਾ ਤਰੀਕਾ ਪਹਿਲੀ ਵਾਰ ਵੇਖਿਆ ਏ "
ਉਹ ਨੌਜਵਾਨ ਹੱਸਦੇ ਹੋਏ ਬੋਲੇ ,
" ਅਸਲ ਚ ਇਹਨਾਂ ਉੱਤੇ ਕੇਸਰੀ ਝੰਡੇ ਸਨ ਭੱਜ ਦੌੜ ਚ ਉਹ ਉੱਤਰ ਗਏ ਨੇ "
ਮੈਂ ਕਿਹਾ,
" ਫੇਰ ਇਹਨਾਂ ਡੰਡਿਆਂ ਨੂੰ ਵੀ ਪਾਸੇ ਰੱਖੋ ਕਿਓਂ ਕਿਸੇ ਦਾ ਸਾਹ ਸੂਤੋਗੇ "
ਉਹਨਾਂ ਹੱਸਦੇ ਹੋਏ ਡੰਡੇ ਸੜਕ ਦੇ ਇੱਕ ਪਾਸੇ ਰੱਖ ਦਿੱਤੇ
ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਅਸੀਂ ਘਰੋਂ ਨਾਸ਼ਤਾ ਕਰਕੇ ਚੱਲੇ ਹਾਂ , ਲੰਗਰ ਬਾਰੇ ਵਾਪਸੀ ਤੇ ਵੇਖਾਂਗੇ |ਉਹਨਾਂ ਸਾਨੂੰ ਕੜਾਹ ਪ੍ਰਸ਼ਾਦ ਦੇ ਡੋਨੇ ਫੜਾਏ ਤੇ ਅਸੀਂ ਮੁੰਹ ਮਿੱਠਾ ਕਰਦੇ ਹੋਏ ਆਪਣੀ ਮੰਜ਼ਿਲ ਵੱਲ ਚੱਲ ਪਏ 28-12-13
No comments:
Post a Comment