ਜਦੋਂ ਮੈਨੂੰ ਸੱਚੀਂ ਮੁੱਚੀਂ ਦਾ ਪ੍ਰਮਾਤਮਾ ਮਿਲਿਆ \ ਇੰਦਰਜੀਤ ਕਮਲ - Inderjeet Kamal

Latest

Tuesday, 7 October 2014

ਜਦੋਂ ਮੈਨੂੰ ਸੱਚੀਂ ਮੁੱਚੀਂ ਦਾ ਪ੍ਰਮਾਤਮਾ ਮਿਲਿਆ \ ਇੰਦਰਜੀਤ ਕਮਲ


25 ਫਰਵਰੀ ਨੂੰ ਅਸੀਂ ਸ਼ਾਮ ਨੂੰ ਹੈਦਰਾਬਾਦ ਪਹੁੰਚੇ
ਜਿਸ ਥਾਂ ਤੇ ਅਸੀਂ ਜਾਣਾ ਸੀ ਉਹ ਇੱਕ ਪੇਂਡੂ ਇਲਾਕਾ ਸੀ
ਅਨਜਾਣ ਇਲਾਕਾ ਹੋਣ ਕਰਕੇ ਸਾਨੂੰ 35 ਕਿਲੋਮੀਟਰ ਦਾ ਸਫਰ
ਪੰਜ ਸੌ ਰੁਏ ਦੀ ਟੈਕਸੀ ਕਰਕੇ ਕਰਨਾ ਪਿਆ
ਉਥੋਂ ਵਾਪਸ ਮੈਂ ਇੱਕਲੇ ਨੇ ਆਉਣਾ ਸੀ
ਰਾਤ ਪੈ ਚੁੱਕੀ ਸੀ |
ਰਾਤ ਠਹਿਰਣ ਦੇ ਇੰਤਜ਼ਾਮ ਬਾਰੇ ਖੋਜ ਕੀਤੀ
ਕੋਈ ਸਫਲਤਾ ਨਾ ਮਿਲੀ |
ਪਤਾ ਲੱਗਾ ਕਿ ਉਥੋਂ ਪੰਜ ਕਿਲੋਮੀਟਰ ਦੂਰ
ਲਿੰਗਮਪੱਲੀ ਕਸਬੇ ਵਿੱਚ ਇੰਤਜ਼ਾਮ ਹੋ ਸਕਦਾ ਹੈ
ਮੈਂ ਉਸ ਕਸਬੇ ਵਿੱਚ ਪਹੁੰਚਣ ਦਾ ਤਰੀਕਾ ਪੁੱਛਿਆ
ਤਾਂ ਪਤਾ ਲੱਗਾ ਕਿ ਇੱਕੋ ਇੱਕ ਰਸਤਾ ਹੈ
ਆਟੋ ਰਿਕਸ਼ਾ ,
ਪਰ ਉਹ ਵੀ ਰਾਤ ਦਾ ਵਕਤ ਹੋਣ ਕਰਕੇ
ਕਿਤੇ ਨਜਰ ਨਹੀਂ ਸਨ ਆ ਰਹੇ |
ਇੱਕ ਦੁਕਾਨਦਾਰ ਨੇ ਦੱਸਿਆ ਕਿ ਇਥੋਂ ਤਕਰੀਬਨ ਇੱਕ ਕਿਲੋਮੀਟਰ ਤੇ
ਇੱਕ ਬੱਤੀ ਚੌੰਕ ਹੈ ਉੱਥੋਂ ਆਟੋ ਆਰਾਮ ਨਾਲ ਮਿਲ ਜਾਏਗਾ |
ਇੱਕ ਦੋ ਲੋਕਾਂ ਤੋਂ ਹੋਰ ਤੱਸਲੀ ਕਰਕੇ ਮੈਂ ਉਸ ਚੌੰਕ ਵੱਲ ਚੱਲ ਪਿਆ |
ਸੁਨਸਾਨ ਸੜਕ , ਘੁੱਪ ਹਨੇਰਾ , ਪੈਦਲ ਮਾਰਚ , ਚਲ ਸੋ ਚਲ
ਇੱਕ ਦੋ ਆਟੋ ਵਾਲੇ ਰਸਤੇ ਵਿੱਚ ਮਿਲੇ ਵੀ , ਉਹਨਾ ਨੂੰ ਰੋਕ ਕੇ ਪੁੱਛਿਆ
ਪਰ ਉਹ ਹੋਰ ਰਸਤੇ ਮੁੜਨ ਵਾਲੇ ਸਨ
ਇੰਨੇ ਨੂੰ ਇੱਕ ਕਾਰ ਮੇਰੇ ਕੋਲ ਆਕੇ ਰੁਕੀ
ਅੰਗ੍ਰੇਜ਼ੀ ਵਿੱਚ ਆਵਾਜ਼ ਆਈ ,
“ ਲਿਫਟ ਚਾਹੀਦੀ ਹੈ ?”
ਮੈਂ ਵੇਖਿਆ ਕਾਰ ਵਿੱਚ ਦੋ ਮੋਟੇ ਸ਼ੀਸ਼ੇ ਵਾਲੀਆਂ ਐਨਕਾਂ ਵਾਲੇ ਵਿਅਕਤੀ ਸਨ
ਕਾਰ ਚਲਾਉਣ ਵਾਲਾ ਅਧਖੜ ਉਮਰ ਦਾ ਤੇ ਨਾਲ ਵਾਲੀ ਸੀਟ ਤੇ ਇੱਕ ਬਜੁਰਗ ਕਿਸਮ ਦਾ ਆਦਮੀ
ਮੈਂ ਕਿਹਾ ,
“ ਲਿਫਟ ਹੀ ਨਹੀਂ ਮੈਂ ਕਿਰਾਇਆ ਖਰਚਣ ਨੂੰ ਵੀ ਤਿਆਰ ਹਾਂ “
“ ਕਿਥੇ ਜਾਣਾ ਹੈ ?“ ਸਵਾਲ ਫਿਰ ਅੰਗ੍ਰੇਜ਼ੀ ਵਿੱਚ ਸੀ
ਮੈਂ ਕਿਹਾ , “ ਲਿੰਗਮਪੱਲੀ |”
ਕਾਰ ਦੀ ਪਿੱਛਲੀ ਬਾਰੀ ਖੁੱਲੀ ਤੇ ਹੁਕਮ ਹੋਇਆ ,
“ ਬੈਠੋ , ਅਸੀਂ ਤੁਹਾਨੂੰ ਰੇਲਵੇ ਫਾਟਕ ਤੇ ਉਤਾਰ ਦੇਵਾਂਗੇ “
ਮੈਂ ਕਾਰ ਚ ਬਹਿ ਗਿਆ ਤੇ ਕਾਰ ਹਨੇਰੀ ਸੜਕ ਤੇ ਚੱਲ ਪਈ
ਕਾਰ ਚਲਦਿਆਂ ਹੀ ਡਰਾਇਵਰ ਨੇ
ਇੱਕ ਬਟਣ ਦੱਬ ਕੇ ਸਾਰੀਆਂ ਬਾਰੀਆਂ ਦੇ ਤਾਲੇ ਬੰਦ ਕਰ ਦਿੱਤੇ
ਮਨ ਵਿੱਚ ਦਹਿਸ਼ਤ ਸੀ , ਪਰ ਇੰਨੀ ਤਸੱਲੀ ਵੀ ਸੀ
ਕਿ ਮੈਂ ਇਹਨਾਂ ਦੋਹਾਂ ਤੋਂ ਕਮਜ਼ੋਰ ਨਹੀਂ ਰਹਿ ਸਕਦਾ
ਬਜੁਰਗ ਨੇ ਮੈਨੂੰ ਗੱਲਾਂ ਵਿੱਚ ਲਾ ਲਿਆ
ਤੇ ਪੁੱਛਣ ਲੱਗ ਪਿਆ ਕਿ ਕਿੱਥੋਂ ਆਏ ਹੋ
ਮੈਂ ਉਲਟਾ ਉਹਦੇ ਤੇ ਸਵਾਲ ਕੀਤਾ ਕਿ ਉਹ ਕੀ ਕਰਦੇ ਹਨ
ਉਹਨੇ ਦੱਸਿਆ ਕਿ ਉਹ ਇੱਕ ਕੰਪਨੀ ਵਿੱਚੋਂ ਅਫਸਰ ਰਿਟਾਇਰ ਹੈ
ਪਰ ਹੁਲੀਆ ਵੇਖ ਕੇ ਮੈਨੂੰ ਇਹ ਸਚ ਨਾ ਲੱਗਾ
ਉਹਨੇ ਇਹ ਵੀ ਦੱਸਿਆ ਕਿ ਉਹਦਾ ਲੜਕਾ ਵੀ ਇੱਕ ਕੰਪਨੀ ਵਿੱਚ ਅਫਸਰ ਹੈ
ਤੇ ਉਹ ਉਹਨੂੰ ਹੀ ਛੱਡ ਕੇ ਆ ਰਹੇ ਹਨ |
ਇੰਨੇ ਚਿਰ ਨੂੰ ਰੇਲਵੇ ਫਾਟਕ ਆ ਗਿਆ
ਉੱਥੇ ਕੁਝ ਚਹਿਲ ਪਹਿਲ ਸੀ ਤੇ ਕੁਝ ਆਟੋ ਵੀ ਖੜੇ ਸਨ
ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਇਥੇ ਉਤਾਰ ਦਿਓ
ਮੈਂ ਆਟੋ ਵਿੱਚ ਬੈਠ ਜਾਵਾਂਗਾ , ਪਰ ਉਹ ਨਾ ਮੰਨੇ
ਤੇ ਫਾਟਕ ਪਾਰ ਕਰਕੇ ਕਾਰ ਇੱਕ ਪੁਲ ਦੇ ਨਾਲ ਨਾਲ ਜਾਂਦੇ ਸੁਨਸਾਨ ਰਸਤੇ ਤੇ ਪਾ ਲਈ
ਮਨ ਵਿੱਚ ਫਿਰ ਇੱਕ ਦਹਿਸ਼ਤ ਸੀ | ਸੋਚਿਆ ਅੱਜ ਜ਼ਰੂਰ ਕੋਈ ਕਾਂਡ ਹੋਊ
ਥੋੜੀ ਅੱਗੇ ਜਾਕੇ ਉਹਨਾਂ ਕਾਰ ਇੱਕ ਪਾਸੇ ਰੋਕ ਦਿੱਤੀ
ਮੈਂ ਫਟਾਫਟ ਥੱਲੇ ਉੱਤਰਿਆ |
ਉਸ ਬਜੁਰਗ ਨੇ ਇੱਕ ਕੋਠੀ ਵੱਲ ਇਸ਼ਾਰਾ ਕਰਕੇ ਕਿਹਾ ,
“ ਇਹ ਮੇਰਾ ਘਰ ਹੈ , ਤੁਸੀਂ ਰਾਤ ਇੱਥੇ ਵੀ ਰਹੀ ਸਕਦੇ ਹੋ |”
ਮੇਰੀ ਤਾਂ ਪਹਿਲਾਂ ਹੀ ਹਵਾ ਸਰਕੀ ਪਈ ਸੀ
ਮੈਂ ਧੰਨਵਾਦ ਸਹਿਤ ਨਾਂਹ ਕਰ ਦਿੱਤੀ
ਉਸ ਬਜੁਰਗ ਨੇ ਕਿਹਾ ਅਗਰ ਉਹ ਮੈਨੂੰ ਫਾਟਕ ਤੇ ਉਤਾਰ ਦਿੰਦੇ ਤਾਂ ਆਟੋ ਵਾਲੇ ਨੇ ਬਹੁਤ ਪੈਸੇ ਲੈਣੇ ਸਨ
ਫਿਰ ਉਹਨੇ ਇੱਕ ਆਟੋ ਵਾਲੇ ਨੂੰ ਆਵਾਜ਼ ਦਿੱਤੀ ਤੇ ਕਿਹਾ ਕਿ ਦਸ ਰੂਪਏ ਲੈ ਤੇ ਇਹਨਾਂ ਨੂੰ ਹਿੰਦੂ ਹੋਟਲ ਛੱਡ ਦੇ
ਹੁਣ ਮੇਰੀ ਜਾਨ ਵਿੱਚ ਜਾਨ ਆਈ
ਮੈਂ ਉਸ ਬਜੁਰਗ ਨੂੰ ਕਿਹਾ,
“ ਤੁਹਾਡਾ ਨਾਮ ਜਾਣ ਸਕਦਾ ਹਾਂ ?”
ਅੱਗੋ ਜਵਾਬ ਆਇਆ ,
“ ਮੇਰਾ ਨਾਂ ਪ੍ਰਮਾਤਮਾ ਹੈ ਤੇ ਤੁਹਾਡਾ ? “
ਮੈਂ ਕਿਹਾ ਮੇਰਾ ਨਾਮ ਇੰਦਰਜੀਤ ਕਮਲ ਹੈ , ਪਰ ਮੈ ਨਾਸਤਿਕ ਹਾਂ
ਅੱਗੋਂ ਜਵਾਬ ਆਇਆ ਮੈਂ ਵੀ ਨਾਸਤਿਕ ਹਾਂ ,
ਪਰ ਘਰਦਿਆਂ ਨੇ ਨਾਮ ਪ੍ਰਮਾਤਮਾ ਰੱਖਿਆ ਹੈ
ਮੈਂ ਉਹਨਾਂ ਦਾ ਧੰਨਵਾਦ ਕਰਕੇ ਆਟੋ ਵਿੱਚ ਬੈਠ ਗਿਆ | 28-02-14

No comments:

Post a Comment