ਆਮ ਕਿਹਾ ਜਾਂਦਾ ਏ ਜਿਹਦੇ ਘਰ ਦਾਣੇ , ਉਹਦੇ ਕਮਲੇ ਵੀ ਸਿਆਣੇ ! ਪਰ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ | ਦੋ ਦਿਨ ਪਹਿਲਾਂ ਮੇਰੇ ਕੋਲ ਇੱਕ ਨੌਜਵਾਨ ਕੁੜੀ ਨੂੰ ਲੈਕੇ ਆਏ ,ਅਮੀਰ ਘਰ ਦੇ ਲੋਕ ਸਨ |ਕੁੜੀ ਘੋਰ ਉਦਾਸੀ ਰੋਗ ਦੀ ਸ਼ਿਕਾਰ ਸੀ , ਕਦੇ ਕਦੇ ਉਹ ਉਲਟਾ ਪੁਲਟਾ ਵੀ ਬੋਲਣ ਲੱਗ ਪੈਂਦੀ ਸੀ |ਮੈਂ ਉਹਨੂੰ ਕਈ ਸਵਾਲ ਪੁੱਛੇ ਪਰ ਉਹ ਹਰ ਸਵਾਲ ਤੋਂ ਬਾਦ ਆਪਣੇ ਬਾਪ ਵੱਲ ਵੇਖ ਕੇ ਚੁੱਪ ਕਰ ਜਾਂਦੀ |
ਮੈਂ ਉਹਦੇ ਘਰ ਦਿਆਂ ਨੂੰ ਬਾਹਰ ਭੇਜ ਕੇ ਕੁੜੀ ਨਾਲ ਇਕੱਲਿਆਂ ਗੱਲ ਕਰਨੀ ਚਾਹੀ | ਥੋੜੀ ਨਾਂਹ ਨੁੱਕਰ ਤੋਂ ਬਾਦ ਮੈਂ ਕੁੜੀ ਦੀ ਮਾਂ ਨੂੰ ਉਹਦੇ ਕੋਲ ਬੈਠਣ ਦੀ ਇਜਾਜ਼ਤ ਦੇ ਦਿੱਤੀ | ਬਾਕੀ ਸਾਰੇ ਬਾਹਰ ਚਲੇ ਗਏ |
ਕੁੜੀ ਦੀ ਮਾਂ ਨੇ ਦੱਸਿਆ ਕਿ ਇਹਦਾ ਬੜੇ ਚਿਰ ਤੋਂ ਇਲਾਜ ਕਰਵਾ ਰਹੇ ਹਨ | ਡਾਕਟਰ ਦਵਾਈ ਦਿੰਦੇ ਹਨ ਤੇ ਇਹ ਬਹੁਤ ਸੁਸਤ ਰਹਿੰਦੀ ਹੈ | ਜਾਂ ਸੁੱਤੀ ਰਹਿੰਦੀ ਹੈ | ਮੈਂ ਉਹਨਾਂ ਨੂੰ ਦੱਸਿਆ ਕਿ ਉਹ ਨਸ਼ੇ ਦੀਆਂ ਦਵਾਈਆਂ ਹਨ , ਇਹ ਸਹੀ ਇਲਾਜ ਨਹੀਂ ਹੈ | ਇਹਦੇ ਮਨ ਅੰਦਰ ਕੋਈ ਗੱਲ ਹੈ ਜਿਹਦਾ ਇਲਾਜ ਕਰਨਾ ਬਹੁਤ ਜਰੂਰੀ ਹੈ |
ਫਿਰ ਮੈਂ ਕੁੜੀ ਨੂੰ ਕੁਝ ਪ੍ਰਸ਼ਨ ਕੀਤੇ ਤਾਂ ਉਹਨੇ ਦੱਸਿਆ ਕਿ ਉਹਦਾ ਬਾਪ ਰਾਤ ਨੂੰ ਸ਼ਰਾਬ ਪੀ ਕੇ ਘਰ ਵਿੱਚ ਬਹੁਤ ਗੰਦੀਆਂ ਗੰਦੀਆਂ ਗਾਲ੍ਹਾਂ ਕਢਦਾ ਹੈ , ਜਿਸ ਕਾਰਣ ਉਹਨੂੰ ਬਹੁਤ ਸ਼ਰਮ ਆਉਂਦੀ ਹੈ | ਸਾਰਾ ਮਸਲਾ ਸਮਝ ਆਉਣ ਤੋਂ ਬਾਦ ਮੈਂ ਉਹਦੇ ਘਰ ਦਿਆਂ ਨੂੰ ਅੰਦਰ ਬੁਲਾਇਆ ਤੇ ਉਹਦੇ ਬਾਪ ਨੂੰ ਕਿਹਾ ,
" ਗੱਲ ਕੋਈ ਖਾਸ ਨਹੀਂ ਹੈ ਇਹਦਾ ਇਲਾਜ ਤਾਂ ਤੁਹਾਡੇ ਕੋਲ ਹੀ ਹੈ |"
" ਕਿਓਂ ਮੈਂ ਕਿਹੜਾ ਭੈਣ ......... ਡਾਕਟਰ ਹਾਂ |" ਉਹਨੇ ਆਪਣੇ ਆਪ ਨੂੰ ਹੀ ਗਾਲ੍ਹ ਦੇਕੇ ਖਰਵ੍ਹੇ ਜਿਹੇ ਅੰਦਾਜ਼ ਵਿੱਚ ਕਿਹਾ |
ਮੈਂ ਕਿਹਾ ,
" ਬੱਸ ਇਹੋ ਗੱਲ ਹੈ , ਤੁਹਾਨੂੰ ਸਿਰਫ ਆਪਣੀ ਬੋਲੀ ਵਿੱਚ ਸੁਧਾਰ ਕਰਨਾ ਪਏਗਾ | ਗਾਲ੍ਹਾਂ ਤੋਂ ਪਰਹੇਜ਼ ਕਰੋ | ਇਹਨੂੰ ਹੋਰ ਕੋਈ ਰੋਗ ਨਹੀਂ ਹੈ |"
" ਲੈ ! ਮਾ....ਈ ਸਾਡੇ ਘਰਾਂ ਚ ਇੰਨਾ ਕੁ ਤਾਂ ਚੱਲਦਾ ਈ ਏ , ਅਖੀਰ ਅਸੀਂ ਸਰਦਾਰ ਹਾਂ |"
ਮੈਂ ਕਿਹਾ ,
" ਭਾਜੀ , ਸਾਨੂੰ ਸਰਦਾਰ ( ਸਿੱਖ ) ਹੋਣ ਨਾਲ ਗਾਲ੍ਹਾਂ ਕਢਣ ਦਾ ਲਾਇਸੰਸ ਤਾਂ ਨਹੀਂ ਮਿਲ ਜਾਂਦਾ !"
ਉਹ ਖਿਝ ਕੇ ਕਹਿੰਦਾ ,
" ਡਾਕਟਰਾ ਤੂੰ ਸਿਧਾ ਕਹਿ ਤੇਰੇ ਕੋਲ ਇਹਦਾ ਇਲਾਜ ਹੀ ਨਹੀਂ ਹੈ "
ਮੈਂ ਕਿਹਾ ,
" ਭਾਜੀ ਇਲਾਜ਼ ਤਾਂ ਹੈ, ਪਰ ਉਹਦੇ ਵਿੱਚ ਤੁਹਾਡੇ ਸਾਥ ਦੀ ਜਿਆਦਾ ਜਰੂਰਤ ਹੈ |"
ਉਹ ਹੋਰ ਖਿਝ ਗਿਆ , ਕਹਿੰਦਾ ,
"ਉੱਠੋ ! ਉਸੇ ਡਾਕਟਰ ਕੋਲ ਚਲਦੇ ਹਾਂ ਜਿਹਦਾ ਇਲਾਜ ਪਹਿਲਾਂ ਚਲਦਾ ਸੀ , ਘੱਟੋ ਘੱਟ ਸੁੱਤੀ ਤਾਂ ਰਹਿੰਦੀ ਸੀ , ਤੇ ਬੋਲਦੀ ਵੀ ਕੁਝ ਨਹੀਂ ਸੀ |"
ਉਹਨੇ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਵੀ ਇੱਕ ਨਾ ਸੁਣੀ ਤੇ ਕੁੜੀ ਨੂੰ ਕਾਰ ਚ ਬੈਠਾ ਕੇ ਲੈ ਗਿਆ | ਇੰਦਰਜੀਤ ਕਮਲ 30-12-13
ammm.. treatment ki jarurt taan kuri de payo nu hai
ReplyDelete