ਸੁਖਦੀਪ ਧੋਖੇਬਾਜ਼ ਹੈ \ ਇੰਦਰਜੀਤ ਕਮਲ - Inderjeet Kamal

Latest

Monday, 10 August 2015

ਸੁਖਦੀਪ ਧੋਖੇਬਾਜ਼ ਹੈ \ ਇੰਦਰਜੀਤ ਕਮਲ


ਕਈ ਗੱਲਾਂ ਬੜੀਆਂ ਦਿਲਚਸਪ ਤੇ ਮਹੱਤਵਪੂਰਨ ਹੋਣ ਦੇ ਬਾਵਜੂਦ ਦਿਮਾਗ ਵਿੱਚੋਂ ਗਾਇਬ ਰਹਿੰਦੀਆਂ ਹਨ , ਪਰ ਕਿਸੇ ਕਾਰਣ ਅਚਾਨਕ ਤਾਜ਼ੀਆਂ ਹੋ ਜਾਂਦੀਆਂ ਹਨ | ‪#‎KamalDiKalam‬
ਇਹ ਗੱਲ ਤਕਰੀਬਨ 18-20 ਸਾਲ ਪੁਰਾਣੀ ਹੈ | ਸਾਨੂੰ ਪੱਟੀ (ਪੰਜਾਬ) ਤੋਂ ਯਮੁਨਾਨਗਰ (ਹਰਿਆਣਾ ) ਆਇਆਂ ਦਸ ਕੁ ਸਾਲ ਹੋਏ ਸਨ ਕਿ ਇੱਕ ਦੋਸਤ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਹਦੀ ਬਿਆਸ ( ਪੰਜਾਬ ) ਰਹਿੰਦੀ ਭੈਣ ਓਪਰੀ ਕਸਰ ਦੇ ਵਹਿਮ ਤੋਂ ਬਹੁਤ ਪਰੇਸ਼ਾਨ ਹੈ ਤੇ ਕਈ ਤਾਂਤ੍ਰਿਕਾਂ ਕੋਲ ਪੈਸੇ ਬਰਬਾਦ ਕਰ ਚੁੱਕੀ ਹੈ | 
ਅਸੀਂ ਇੱਕ ਦਿਨ ਪ੍ਰੋਗ੍ਰਾਮ ਬਣਾਕੇ ਬਿਆਸ ਪਹੁੰਚ ਗਏ | ਉਥੇ ਗੱਲਬਾਤ ਕਰਨ ਤੋਂ ਪਤਾ ਲੱਗਾ ਕਿ ਉਹ ਦੋ ਦਿਨ ਪਹਿਲਾਂ ਹੀ ਇੱਕ ਤਾੰਤ੍ਰਿਕ ਨੂੰ ਆਪਣੇ ਮਸਲੇ ਦੇ ਹੱਲ ਲਈ ਪੰਜ ਸੌ ਰੁਪੇ ਦੇਕੇ ਆਏ ਹਨ | ਭੈਣ ਨੇ ਦੱਸਿਆ ਕਿ ਉਹ ਬਿਆਸ ਚ ਹੀ ਰਹਿੰਦੇ ਇੱਕ ਤਾੰਤ੍ਰਿਕ ਕੋਲ ਗਏ ਸਨ | ਉਹਨੇ ਸਾਰੀ ਗੱਲਬਾਤ ਸੁਣਨ ਤੋਂ ਬਾਦ ਅਗਲੇ ਹਫਤੇ ਇੱਕ ਅੰਤਰਦੇਸ਼ੀ ( ਨੀਲਾ ) ਪੱਤਰ ਤੇ ਇੱਕ ਨਵਾਂ ਸਟੀਲ ਦਾ ਜੱਗ ਲੈਕੇ ਆਉਣ ਨੂੰ ਕਿਹਾ | ਉਹਨੇ ਇਹ ਵੀ ਕਿਹਾ ਕਿ ਅੰਤਰਦੇਸ਼ੀ ਪੱਤਰ ਰਾਤਭਰ ਆਪਣੇ ਸਿਰਹਾਣੇ ਥੱਲੇ ਰੱਖ ਕੇ ਲੈਕੇ ਆਉਣਾ ਹੈ |
ਅਗਲੇ ਹਫਤੇ ਉਹ ਦੋਵੇਂ ਚੀਜ਼ਾਂ ਲੈਕੇ ਉਸ ਤਾੰਤ੍ਰਿਕ ਕੋਲ ਪਹੁੰਚ ਗਏ | ਤਾੰਤ੍ਰਿਕ ਨੇ ਨੀਲੀ ਚਿੱਠੀ ( ਅੰਤਰਦੇਸ਼ੀ ਪੱਤਰ ) ਆਪਣੇ ਕੋਲ ਰੱਖ ਕੇ ਉਹਨਾਂ ਨੂੰ ਬਾਹਰ ਜਾਕੇ ਜੱਗ ਨੂੰ ਚੰਗੀ ਤਰ੍ਹਾਂ ਮਾਂਜ ਕੇ ਤਾਜ਼ਾ ਪਾਣੀ ਭਰ ਕੇ ਲਿਆਉਣ ਨੂੰ ਕਿਹਾ | ਜਦੋਂ ਉਹ ਪਾਣੀ ਲੈਕੇ ਆਏ ਤਾਂ ਤਾੰਤ੍ਰਿਕ ਨੇ ਉਹ ਚਿੱਠੀ ਉਹਨਾਂ ਫੜਾ ਦਿੱਤੀ ਤੇ ਉਹਨੂੰ ਖੋਲ੍ਹਕੇ ਜੱਗ ਵਾਲੇ ਪਾਣੀ ਵਿੱਚ ਡੁਬੋਣ ਲਈ ਕਿਹਾ | ਜਦੋਂ ਉਹਨਾਂ ਚਿੱਠੀ ਜੱਗ ਵਿੱਚ ਡੁਬੋਈ ਤਾਂ ਤਾੰਤ੍ਰਿਕ ਨੇ ਨਿੱਕਾ ਜਿਹਾ ਮੰਤਰ ਬੋਲਕੇ ਚਿੱਠੀ ਪਾਣੀ ਚੋਂ ਬਾਹਰ ਕਢਣ ਦਾ ਆਦੇਸ਼ ਦਿੱਤਾ ਤਾਂ ਉਹ ਵੇਖਕੇ ਹੈਰਾਨ ਰਹਿ ਗਏ ਕਿ ਚਿੱਠੀ ਉੱਪਰ ਇੱਕ ਇਨਸਾਨੀ ਆਕਾਰ ਜਿਹਾ ਬਣਿਆਂ ਸੀ ਤੇ ਲਿਖਿਆ ਸੀ ਕਿ ਤੁਹਾਡੇ ਘਰ ਤੇ ਚੁੜੇਲ ਦਾ ਸਾਇਆ ਹੈ ਤੇ ਨਾਲ ਹੀ ਉਹਦੇ ਉਪਾਅ ਲਈ ਮੋਟੀ ਰਕਮ ਦੀ ਮੰਗ ਕਰ ਦਿੱਤੀ | ਉਹ ਹੋਰ ਪਰੇਸ਼ਾਨ ਹੋਕੇ ਰਕਮ ਦਾ ਇੰਤਜ਼ਾਮ ਕਰਨ ਲਈ ਘਰ ਪਰਤ ਆਏ | #KamalDiKalam
ਇਸੇ ਦੌਰਾਨ ਅਸੀਂ ਚਾਹ ਪਾਣੀ ਪੀ ਚੁੱਕੇ ਸਾਂ ਤੇ ਮੈਂ ਇੱਕ ਬਹਾਨਾ ਬਣਾਕੇ ਉਹਨਾਂ ਦੇ ਗੁਸਲਖਾਨੇ ਵਿੱਚ ਚਲਾ ਗਿਆ ਤੇ ਥੋੜੀ ਦੇਰ ਬਾਦ ਵਾਪਸ ਆਕੇ ਮੈਂ ਉਹਨਾਂ ਦੀ ਬੈਠਕ ਵਿੱਚ ਤਖਤਪੋਸ਼ ਉੱਪਰ ਬੈਠਦਾ ਹੋਇਆ ਉਹਨਾਂ ਨੂੰ ਇੱਕ ਜੱਗ ਪਾਣੀ ਦਾ ਲੈਕੇ ਆਉਣ ਨੂੰ ਕਿਹਾ | ਜਦੋਂ ਕੁੜੀ ਪਾਣੀ ਲੈਣ ਗਈ ਤਾਂ ਮੈਂ ਤਖਤਪੋਸ਼ ਤੋਂ ਉਠ ਕੇ ਸੋਫੇ ਉੱਪਰ ਬੈਠ ਗਿਆ | 
ਪਾਣੀ ਆਉਣ ਤੋਂ ਬਾਦ ਮੈਂ ਉਹਨਾਂ ਨੂੰ ਕਿਹਾ ਕਿ ਆਪਣੇ ਤਖਤਪੋਸ਼ ਤੇ ਪਏ ਸਿਰਹਾਣੇ ਥੱਲੇ ਪਿਆ ਕਾਗਜ਼ ਚੁੱਕਕੇ ਲਿਆਓ ਤੇ ਉਹਨੂੰ ਚੰਗੀ ਤਰ੍ਹਾਂ ਵੇਖੋ | ਉਹਨਾਂ ਸਿਰਹਾਣੇ ਥੱਲਿਓਂ ਕਾਗਜ਼ ਕਢਿਆ ਤੇ ਉਲਟ ਪੁਲਟ ਕੇ ਵੇਖਿਆ | ਮੈਂ ਇਹ ਕਾਗਜ਼ ਜੱਗ ਵਾਲੇ ਪਾਣੀ ਵਿੱਚ ਪਾਉਣ ਨੂੰ ਕਿਹਾ ਤੇ ਖੁਦ ਇੱਕ ਮੰਤਰ ਜਿਹਾ ਪੜ੍ਹਣ ਦਾ ਨਾਟਕ ਕਰਕੇ ਕਾਗਜ਼ ਬਾਹਰ ਕਢਣ ਨੂੰ ਕਿਹਾ | ਕਾਗਜ਼ ਬਾਹਰ ਕਢਦੇ ਹੀ ਉਹਨਾਂ ਵੇਖਿਆ ਕਿ ਉਸ ਉੱਪਰ ਲਿਖਿਆ ਸੀ , ' ਸੁਖਦੀਪ ਧੋਖੇਬਾਜ਼ ਹੈ ' | ਇਹ ਵੇਖਕੇ ਉਹ ਸਾਰਾ ਪਰਿਵਾਰ ਬਹੁਤ ਹੈਰਾਨ ਹੋਇਆ ਤੇ ਉਹਨਾਂ ਦੱਸਿਆ ਕਿ ਉਸ ਚਿੱਠੀ ਤੇ ਵੀ ਕੁਝ ਇਸੇ ਤਰ੍ਹਾਂ ਹੀ ਸ਼ਬਦ ਉਕਰੇ ਗਏ ਸਨ | ਇਸ ਗੱਲ ਤੋਂ ਉਹ ਹੋਰ ਵੀ ਹੈਰਾਨ ਸਨ ਕਿ ਉਹ ਚਿੱਠੀ ਵਾਲੀ ਚਲਾਕੀ ਕਰਨ ਵਾਲੇ ਤਾੰਤ੍ਰਿਕ ਦਾ ਨਾਂ ' ਸੁਖਦੀਪ ' ਹੀ ਸੀ |
ਅਸਲੀਅਤ : ਉਹਨਾਂ ਦੀ ਗੱਲਬਾਤ ਸੁਣਕੇ ਮੈਂ ਸਾਰੀ ਚਲਾਕੀ ਸਮਝ ਗਿਆ ਸਾਂ ਤੇ ਮੈਂ ਘਰ ਦੇ ਇੱਕ ਮੈਂਬਰ ਤੋਂ ਹੀ ਉਸ ਤਾੰਤ੍ਰਿਕ ਦਾ ਨਾਂ ਪੁੱਛ ਲਿਆ ਸੀ | ਉੱਥੋਂ ਇੱਕ ਕਾਗਜ਼ ਦਾ ਇੰਤਜ਼ਾਮ ਕਰਕੇ ਮੈਂ ਬਹਾਨੇ ਨਾਲ ਉਹਨਾਂ ਦੇ ਗੁਸਲਖਾਨੇ ਵਿੱਚ ਗਿਆ ਤੇ ਉੱਥੋਂ ਕਪੜੇ ਧੋਣ ਵਾਲਾ ਦੇਸੀ ਸਾਬਣ ਲੈਕੇ ਉਹਦਾ ਇੱਕ ਕਲਮਨੁਮਾ ਟੁਕੜਾ ਤਿਆਰ ਕਰਕੇ ਉਸ ਸੁੱਕੇ ਟੁਕੜੇ ਨਾਲ ਆਪਣੀ ਸਮਝ ਮੁਤਾਬਿਕ ਕਾਗਜ਼ ਉੱਪਰ ਲਿਖ ਦਿੱਤਾ ' ਸੁਖਦੀਪ ਧੋਖੇਬਾਜ਼ ਹੈ ' ਤੇ ਕਾਗਜ਼ ਲਿਆਕੇ ਉਹਨਾਂ ਦੇ ਤਖਤਪੋਸ਼ ਦੇ ਸਿਰਹਾਣੇ ਥੱਲੇ ਰੱਖ ਦਿਤਾ | ਜਦੋਂ ਉਹਨਾਂ ਨੂੰ ਅਸਲੀਅਤ ਦੱਸੀ ਤਾਂ ਉਹ ਬਹੁਤ ਹੈਰਾਨ ਹੋਏ ਤੇ ਉਹਨਾਂ ਦੇ ਦਿਮਾਗ ਚੋਂ ਤਾੰਤ੍ਰਿਕ ਦਾ ਡਰ ਨਿਕਲ ਗਿਆ |
ਇਹ ਸਾਰੀ ਗੱਲਬਾਤ ਰਾਤੀਂ ਸੀਨੀਅਰ ਪੱਤਰਕਾਰ Jatinder Sabharwal ਨਾਲ ਵਾਰਤਾਲਾਪ ਦੌਰਾਨ ਯਾਦ ਆਈ !

No comments:

Post a Comment