ਇੱਕ ਮਜ਼ੇਦਾਰ ਖੇਡ \ ਇੰਦਰਜੀਤ ਕਮਲ - Inderjeet Kamal

Latest

Sunday, 12 July 2015

ਇੱਕ ਮਜ਼ੇਦਾਰ ਖੇਡ \ ਇੰਦਰਜੀਤ ਕਮਲ


ਇਹ ਬਹੁਤ ਹੀ ਮਜ਼ੇਦਾਰ ਤੇ ਦੂਜੇ ਨੂੰ ਹੈਰਾਨ ਕਰਨ ਵਾਲੀ ਖੇਡ ਹੈ , ਜਿਹਦੇ ਵਿੱਚ ਤੁਸੀਂ ਆਪਣੀ ਚਲਾਕੀ ਨਾਲ 100 % ਕਾਮਯਾਬ ਰਹਿ ਸਕਦੇ ਹੋ , ਨਹੀਂ ਤਾਂ 95 % ਤਾਂ ਹੈ ਹੀ |

ਇਹਦੇ ਵਿੱਚ ਕੁਝ ਧਿਆਨ ਰੱਖਣ ਵਾਲੀਆਂ ਗੱਲਾਂ ਹਨ , ਜਿਹਦੇ ਵਿੱਚ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਇਹ ਖੇਡ ਕਿਸੇ ਦੇ ਸਾਹਮਣੇ ਬਾਰ ਬਾਰ ਨਹੀਂ ਕਰਨੀ | 
ਇੱਕ ਛੋਟੇ ਜਿਹੇ ਕਾਗਜ਼ ਤੇ ਕੋਈ ਇੱਕ ਅੰਕ ( ਜਿਵੇਂ 6 ) ਲਿਖਕੇ ਕਿਸੇ ਦੋਸਤ ਨੂੰ ਫੜਾ ਦਿਓ ਜਾਂ ਉਹਨੂੰ ਜੇਬ੍ਹ ਵਿੱਚ ਪਾਉਣ ਲਈ ਕਹੋ | ਉਹਨੂੰ ਆਪਣੀਆਂ ਗੱਲਾਂ ਵਿੱਚ ਉਲਝਾਕੇ ਅਚਾਨਕ ਇੱਕ ਕਾਗਜ਼ ਉੱਪਰ 5 6 7 ਲਿਖੋ ਤੇ ਉਹਨੂੰ ਆਪਣੇ ਮਨ ਵਿੱਚ ਕੋਈ ਸਵਾਲ ਸੋਚਕੇ ਇਹਨਾਂ ਵਿੱਚੋਂ ਇੱਕ ਅੰਕ ਕੱਟਣ ਲਈ ਕਹੋ | 90 % ਬੰਦੇ ਵਿਚਲਾ ਅੰਕ ਹੀ ਕੱਟਣਗੇ | ਤੁਸੀਂ ਉਹਨੂੰ ਪਹਿਲਾਂ ਫੜਾਇਆ ਕਾਗਜ਼ ਖੋਲ੍ਹਣ ਲਈ ਕਹੋ | ਉਹ ਵੇਖਕੇ ਹੈਰਾਨ ਹੋ ਜਾਏਗਾ ਕਿ ਜੋ ਅੰਕ ਉਹਨੇ ਕੱਟਿਆ ਹੈ ਉਹ ਤੁਸੀਂ ਪਹਿਲਾਂ ਹੀ ਲਿਖਕੇ ਦੇ ਦਿੱਤਾ ਸੀ |‪#‎KamalDiKalam‬
ਅਗਰ ਉਹ ਵਿਅਕਤੀ ਇੱਕ ਪਾਸੇ ਦਾ ਯਾਨੀ ਕਿ 5 ਜਾਂ 7 ਅੰਕ ਕੱਟਦਾ ਹੈ ਤਾਂ ਉਹਨੂੰ ਇੱਕ ਅੰਕ ਹੋਰ ਕੱਟਣ ਲਈ ਕਹੋ , 5% ਲੋਕ ਦੂਜੇ ਪਾਸੇ ਦਾ ਅੰਕ ਕੱਟਣਗੇ | ਹੁਣ ਵੀ ਤੁਹਾਡੇ ਕੋਲ ਵਿੱਚ ਵਾਲਾ ਅੰਕ ਬਚ ਗਿਆ ਹੈ | ਤੁਸੀਂ ਉਹਨੂੰ ਪਹਿਲਾਂ ਫੜਾਇਆ ਕਾਗਜ਼ ਖੋਲ੍ਹਣ ਲਈ ਕਹੋਗੇ ਤਾਂ ਉਹ ਹੈਰਾਨ ਹੋਵੇਗਾ ਕਿ ਜੋ ਅੰਕ ਤੁਸੀਂ ਲਿਖਕੇ ਪਹਿਲਾਂ ਹੀ ਫੜਾ ਦਿੱਤਾ ਸੀ ਉਹਨੂੰ ਉਹਨੇ ਛੂਹਿਆ ਵੀ ਨਹੀਂ | 
ਕੋਈ ਕੋਈ ਬੰਦਾ ਅਜਿਹਾ ਵੀ ਮਿਲ ਸਕਦਾ ਹੈ ਜੋ ਪਹਿਲਾਂ ਪਾਸੇ ਵਾਲਾ ਅੰਕ ( 5 ਜਾਂ 7 ) ਕੱਟ ਦੇਵੇਗਾ ਤੇ ਤੁਹਾਡੇ ਵੱਲੋਂ ਇੱਕ ਅੰਕ ਹੋਰ ਕੱਟਣ ਲਈ ਕਹਿਣ ਤੇ ਵਿੱਚ ਵਾਲਾ ਕੱਟ ਦੇਵੇਗਾ | ਹੁਣ ਇੱਥੇ ਉਹ ਚਲਾਕੀ ਵੀ ਕੰਮ ਕਰ ਸਕਦੀ ਹੈ , ਜਿਹਦਾ ਤੁਸੀਂ ਵੀ ਪੜ੍ਹਦੇ ਵਕਤ ਧਿਆਨ ਨਹੀਂ ਦਿੱਤਾ | ਉਹਨੂੰ ਪੁੱਛੋ ਕਿ ਉਹਨੇ ਅੰਕ ਕੱਟਣ ਵੇਲੇ ਕੀ ਸਵਾਲ ਸੋਚਿਆ ਸੀ ? ਬਹੁਤੇ ਲੋਕਾਂ ਨੇ ਕੋਈ ਸਵਾਲ ਨਹੀਂ ਸੋਚਿਆ ਹੁੰਦਾ, ਕਿਓਂਕਿ ਇਹ ਸਵਾਲ ਸੋਚਣ ਵਾਲਾ ਵਾਕ ਤੁਸੀਂ ਸਰਸਰੀ ਢੰਗ ਨਾਲ ਹੀ ਕਹਿਣਾ ਹੈ ਤੇ ਦੁਹਰਾਉਣਾ ਨਹੀਂ ਹੈ | ਅਗਰ ਉਹ ਵਿਅਕਤੀ ਕੋਈ ਸਵਾਲ ਦੱਸ ਵੀ ਦਿੰਦਾ ਹੈ ਤਾਂ ਕੱਟੇ ਅੰਕਾਂ ਨੂੰ ਜਮ੍ਹਾਂ ਘਟਾਓ ਕਰਕੇ ਅੰਦਾਜ਼ੇ ਨਾਲ ਉਹਦੇ ਸਵਾਲ ਦਾ ਜਵਾਬ ਵੀ ਦੇ ਸਕਦੇ ਹੋ | ਅਗਰ ਉਹਨੇ 5 ਤੇ 6 ਕੱਟਿਆ ਹੈ ਤਾਂ ਤੁਸੀਂ 5+6 = 11 - 7 = 4 ਕੋਈ ਵੀ ਉਲਝਨ ਪਾਕੇ ਉਹਦੇ ਸਵਾਲ ਦਾ ਜਵਾਬ ਹੱਲ, 4 ਮਿੰਟ , ਘੰਟੇ ,ਦਿਨ ,ਹਫਤੇ ਜਾਂ ਸਾਲ ਵਿੱਚ ਹੋਣ ਦਾ ਅੰਦਾਜ਼ਾ ਲਗਾ ਦਿਓ | 7 ਤੇ 6 ਕੱਟਣ ਵਾਲੇ ਨੂੰ ਵੀ 7+6= 13 - 5 = 8 . ਕੋਈ ਇਹ ਪੁੱਛੇਗਾ ਕਿ ਉਹਦਾ ਵਿਆਹ ਕਦੋਂ ਹੋਏਗਾ ?, ਉਹਨੂੰ ਨੌਕਰੀ ਕਦੋਂ ਮਿਲੇਗੀ ਜਾਂ ਕੁਝ ਹੋਰ ਸਵਾਲ | ਇੱਥੇ ਤੁਹਾਡੀ ਅਕਲ ਦਾ ਕਮਾਲ ਹੀ ਉਹਨੂੰ ਉਲਝਾ ਸਕਦਾ ਹੈ |
ਹਰ ਵਿਅਕਤੀ ਲਈ ਅੰਕ ਬਦਲ ਸਕਦੇ ਹੋ , ਪਰ ਖੇਡ ਨੂੰ ਦੁਹਰਾਓ ਨਾ |

No comments:

Post a Comment