ਅੱਜ ਇੱਕ ਸਵਾਲ ,ਕੀ ਇਹ ਭੋਲਾਪਣ ਹੈ ? - Inderjeet Kamal

Latest

Sunday, 14 September 2014

ਅੱਜ ਇੱਕ ਸਵਾਲ ,ਕੀ ਇਹ ਭੋਲਾਪਣ ਹੈ ?


ਮੇਰੇ ਕੋਲ R....... ਆਇਆ ਤੇ ਕਹਿੰਦਾ ਉੱਤਰ ਪ੍ਰਦੇਸ਼ ਵਿੱਚ ਰਹਿੰਦੀ ਉਹਦੀ ਭੈਣ ਦੇ ਘਰ ਬੰਦ ਬਕਸਿਆਂ ਵਿੱਚ ਕਪੜਿਆਂ ਨੂੰ ਅੱਗ ਲੱਗ ਜਾਂਦੀ ਹੈ ਤੇ ਕਦੇ ਕਦੇ ਉਹਦੇ ਗਲ ਪਾਏ ਕਪੜਿਆਂ ਨੂੰ ਵੀ ਅੱਗ ਲੱਗ ਜਾਂਦੀ ਹੈ , ਮਾਮਲਾ ਦੂਰ ਦਾ ਹੋਣ ਕਰਕੇ ਮੈਂ ਆਪਣੇ ਇੱਕ ਸਾਥੀ ਨਾਲ ਸਲਾਹ ਕਰਕੇ ਐਤਵਾਰ ਸਵੇਰੇ ਦਸ ਵਜੇ ਦਾ ਵਕਤ ਦੇ ਦਿੱਤਾ
R..... ਨੇ, "ਪੁੱਛਿਆ ਤੁਹਾਡਾ ਖਰਚਾ ਕੀ ਹੈ ?"
ਮੈਂ ਕਿਹਾ ,"ਸਾਡਾ ਖਰਚਾ ਕੋਈ ਨਹੀਂ ਹੁੰਦਾ ਬੱਸ ਜਾਣ ਆਉਣ ਦਾ ਪ੍ਰਬੰਧ ਕਰ ਦਿਓ "
ਉਹ ਐਤਵਾਰ ਠੀਕ ਦਸ ਵਜੇ ਗੱਡੀ ਲੈਕੇ ਮੇਰੇ ਕੋਲ ਆ ਗਿਆ , ਮੈਂ ਆਪਣੇ ਇੱਕ ਸਾਥੀ ਨੂੰ ਨਾਲ ਲਿਆ ਤੇ ਅਸੀਂ ਚੱਲ ਪਏ
ਇੱਕ ਘੰਟੇ ਦੇ ਸਫਰ ਤੋਂ ਬਾਦ ਅਸੀਂ ਉਸ ਪਿੰਡ ਵਿੱਚ ਪਹੁੰਚ ਗਏ , ਵੱਡੀ ਸਾਰੀ ਹਵੇਲੀ ਸੀ
ਘਰ ਵਿੱਚ ਉਤਸੁਕਤਾ ਨਾਲ ਸਾਡੀ ਉਡੀਕ ਹੋ ਰਹੀ ਸੀ , ਅਸੀਂ ਅੰਦਰ ਵੜਦਿਆਂ ਹੀ ਵੇਖਿਆ ਕਿ ਇੱਕ ਬੰਦਾ ਜਮੀਨ ਤੇ ਚਟਾਈ ਵਿਛਾਕੇ ਉੱਤੇ ਕਈ ਰੱਬਾਂ ਦੀਆਂ ਫੋਟੋਆਂ ਰੱਖਕੇ ਬੈਠਾ ਸੀ , ਉਹਨੇ ਆਪਣੇ ਸਾਹਮਣੇ ਇੱਕ ਕੁੱਜਾ ਰੱਖਿਆ ਸੀ ਤੇ ਉਹਦੇ ਕੋਲ ਕੁਝ ਪਤਾਸੇ ਖਿਲਾਰੇ ਸਨ ਜਿਹਨਾਂ ਤੇ ਮੱਖੀਆਂ ਭਿਣਕ ਰਹੀਆਂ ਸਨ ਮੈਂ ਉਸ ਬੰਦੇ ਨੂੰ ਚੰਗੀ ਤਰ੍ਹਾਂ ਵੇਖਣ ਤੋਂ ਬਾਦ ਵੀ ਜਾਣਬੁਝ ਕੇ ਅਣਗੌਲਿਆ ਕਰ ਦਿੱਤਾ
ਅਸੀਂ ਆਪਣੇ ਕੰਮ ਵਿਚ ਲੱਗ ਗਏ ਤੇ ਤਕਰੀਬਨ ਘੰਟੇ ਡੇੜ ਘੰਟੇ ਵਿੱਚ ਸਾਰਾ ਮਸਲਾ ਹੱਲ ਹੋ ਗਿਆ
ਅਸੀਂ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਹੁਣ ਤੁਹਾਡੇ ਘਰ ਵਿੱਚ ਇਹੋ ਜਿਹੀਆਂ ਘਟਨਾਵਾਂ ਹੋਣੀਆਂ ਬੰਦ ਹੋ ਚੁੱਕੀਆਂ ਹਨ
ਹੁਣ ਵਾਰੀ ਆਈ ਚਟਾਈ ਵਿਛਾਕੇ ਬੈਠੇ ਬੰਦੇ ਦੀ , ਸਾਨੂੰ ਦੱਸਿਆ ਗਿਆ ਕਿ ਉਹ ਚਾਰ ਦਿਨ ਤੋਂ ਇੱਥੇ ਬੈਠਾ ਹੈ ,ਪਰ ਅੱਗ ਲੱਗਣ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ ਅਸੀਂ ਉਹਨੂੰ ਕੁਝ ਸਵਾਲ ਕੀਤੇ ਤਾਂ ਉਹ ਕਹਿਣ ਲੱਗਾ " ਮੈਂ ਤਾਂ ਭਗਤ ਹਾਂ ਤੇ ਭਗਤੀ ਕਰਦਾ ਹਾਂ "
ਅਖੀਰ ਉਹ ਆਪਣਾ ਤਾਮ ਝਾਮ ਚੁੱਕ ਕੇ ਚਲਦਾ ਬਣਿਆਂ
R..... ਨੇ ਸਾਨੂੰ ਆਪਣੇ ਮਗਰ ਚਲਣ ਦਾ ਇਸ਼ਾਰਾ ਕੀਤਾ ਅਤੇ ਬਾਹਰ ਨੂੰ ਚੱਲ ਪਿਆ, ਜਦੋਂ ਅਸੀਂ ਬਾਹਰ ਆਏ ਤਾਂ ਸਾਹਮਣੇ ਗੱਡੀ ਖੜੀ ਸੀ , ਸਾਰੇ ਗੱਡੀ ਵਿੱਚ ਬੈਠ ਗਏ ਤੇ ਗੱਡੀ ਚੱਲ ਪਈ , ਮੈਂ ਵੇਖਿਆ ਤਿੰਨ ਵਜੇ ਤੋਂ ਉੱਪਰ ਵਕਤ ਹੋ ਚੁੱਕਾ ਸੀ ਤੇ ਭੁੱਖ ਪੂਰੇ ਜ਼ੋਰਾਂ ਤੇ ਸੀ
ਉਹਨਾਂ ਦੇ ਘਰ ਵਿੱਚ ਕੇਸ ਦੀ ਜਾਂਚ ਪੜਤਾਲ ਕਰਦਿਆਂ ਸਾਨੂੰ ਸਿਰਫ ਇੱਕ ਵਾਰ ਪਾਣੀ ਹੀ ਪਿਆਇਆ ਗਿਆ ਸੀ ,ਹੋਰ ਕਿਸੇ ਚਾਹ ਪਾਣੀ ਦੀ ਫੋਕੀ ਸੁਲ੍ਹਾ ਵੀ ਨਹੀਂ ਸੀ ਮਾਰੀ ਗਈ ਅਸੀਂ ਸੋਚਿਆ R..... ਦੀ ਭੈਣ ਦਾ ਘਰ ਹੈ ਸ਼ਾਇਦ ਇਸ ਕਰਕੇ ਉਹਨੇ ਪਰਹੇਜ਼ ਕੀਤਾ ਹੋਵੇ
ਪਿੰਡ ਤੋਂ ਬਾਹਰ ਨਿਕਲਦੇ ਹੀ ਮੋਟਰ ਸਾਇਕਲ ਤੇ ਆ ਰਹੇ ਦੋ ਮੁੰਡਿਆਂ ਨੂੰ ਵੇਖਕੇ R..... ਨੇ ਗੱਡੀ ਰੁਕਵਾ ਲਈ ਉਹਨਾਂ ਦੇ ਹੱਥ ਵਿੱਚ ਦੋ ਥੈਲੇ ਸਨ .
ਆਉਂਦੇ ਹੀ R..... ਨੇ ਪੁੱਛਿਆ ," ਕੀ ਗੱਲ ਇੰਨੀ ਦੇਰ ਲੱਗ ਗਈ ? "
ਇੱਕ ਕਹਿੰਦਾ ," ਬੋਤਲ ਤਾਂ ਠੇਕੇ ਤੋਂ ਮਿਲ ਗਈ ਸੀ ਪਰ ਦੇਸੀ ਕਾਲਾ ਮੁਰਗਾ ਲਭਦੇ ਦੇਰ ਹੋ ਗਈ , ਪੰਜ ਸੌ ਦਾ ਮਲਿਆ ਏ "
R..... ਕਹਿੰਦਾ, "ਚੱਲ ਕੋਈ ਗੱਲ ਨਹੀਂ , ਭਗਤ ਤਾਂ ਚਲਾ ਗਿਆ ਏ , ਉਹਦੇ ਘਰ ਦੇ ਆਓ "
ਹੁਣ ਬਰਦਾਸ਼ਤ ਦੀ ਹੱਦ ਟੱਪ ਚੁੱਕੀ ਸੀ , ਮੈਂ R..... ਨੂੰ ਪੁੱਛਿਆ, " ਅਸੀਂ ਸਵੇਰ ਦੇ ਚੱਲੇ ਹਾਂ ਤੇ ਹੁਣ ਤੱਕ ਤੇਰੇ ਨਾਲ ਹਾਂ , ਤੇਰੀ ਭੈਣ ਦੇ ਘਰ ਦਾ ਮਸਲਾ ਵੀ ਹੱਲ ਹੋ ਗਿਆ ਤੇ ਸਾਨੂੰ ਰੋਟੀ ਤਾਂ ਕੀ ਖਵਾਉਣੀ ਸੀ ਚਾਹ ਵੀ ਨਹੀਂ ਪੁੱਛੀ ਤੇ ਉਸ ਠੱਗ ਭਗਤ ਵਾਸਤੇ ਬੋਤਲ ਤੇ ਮੁਰਗਾ ਭੇਜ ਰਿਹਾ ਏ ?'
ਅੱਗੋਂ R....... ਬੜਾ ਭੋਲਾ ਜਿਹਾ ਬਣ ਕੇ ਕਹਿੰਦਾ , ' ਤੁਸੀਂ ਆਪੇ ਤਾਂ ਕਿਹਾ ਸੀ ,ਸਾਡਾ ਖਰਚਾ ਕੋਈ ਨਹੀਂ ਹੁੰਦਾ ਬੱਸ ਜਾਣ ਆਉਣ ਦਾ ਪ੍ਰਬੰਧ ਕਰ ਦਿਓ !'
ਮੈਂ ਕਿਹਾ ,"ਭਾਈ ਅਸੀਂ ਢਿੱਡ ਥੋੜਾ ਘਰ ਛੱਡ ਕੇ ਆਏ ਹਾਂ ! "
ਅਖੀਰ ਅਸੀਂ ਰਸਤੇ ਵਿੱਚ ਇੱਕ ਫਲ ਦੀ ਦੁਕਾਨ ਤੋਂ ਪਪੀਤਾ ਖਾਕੇ ਘਰ ਆ ਗਏ
ਕਈ ਦਿਨਾ ਬਾਦ ਪਤਾ ਲੱਗਾ ਕਿ ਉਸ ਦਿਨ ਤੋਂ ਬਾਦ ਉਹਨਾਂ ਦੇ ਘਰ ਵਿੱਚ ਅੱਗ ਉਵੇਂ ਦੀ ਘਟਨਾ ਕੋਈ ਨਹੀਂ ਹੋਈ
ਨਾਲ ਹੀ ਸਾਨੂੰ ਇਹ ਵੀ ਪਤਾ ਲੱਗਾ ਕਿ ਉਸ ਭਗਤ ਨੂੰ ਉਹਨਾਂ ਨੇ ਗਿਆਰਾਂ ਹਜ਼ਾਰ ਰੂਪਏ ਵੀ ਦਿੱਤੇ ਸਨ
ਕੀ ਕਹੋਗੇ ਇਹੋ ਜਿਹੇ ਲੋਕਾਂ ਬਾਰੇ ?

No comments:

Post a Comment