ਜਦੋਂ ਮੈਂ ਅੱਤਵਾਦੀ ਐਲਾਨਿਆ ਗਿਆ - Inderjeet Kamal

Latest

Sunday, 14 September 2014

ਜਦੋਂ ਮੈਂ ਅੱਤਵਾਦੀ ਐਲਾਨਿਆ ਗਿਆ

 ਗੱਲ 1986 ਦੀ ਹੈ , ਮੈਂ ਜਲੰਧਰ ਦੇ ਇੱਕ ਅਖਬਾਰ ਨਾਲ ਪੱਤਰਕਾਰੀ ਦਾ ਕੰਮ ਕਰਦਾ ਸਾਂ ,ਪਰ ਪੰਜਾਬ ਦੇ ਹਾਲਾਤਾਂ ਕਾਰਣ ਸਾਨੂੰ ਪੰਜਾਬ ਤੋਂ ਹਰਿਆਣਾ ਆਉਣਾ ਪਿਆ | ਉਸ ਵਕਤ ਯਮੁਨਾਨਗਰ ਸ਼ਹਿਰ ਵਿੱਚ ਦੋ ਤਿੰਨ ਹੀ ਪੱਤਰਕਾਰ ਸਨ | ਸ਼ਹਿਰ ਦੇ ਇੱਕ ਉਮਰ ਦਰਾਜ਼ ਵਿਅਕਤੀ ਨਾਲ ਮੁਲਾਕਾਤ ਹੋਈ ਜਿਹਨੇ ਆਪਣੇ ਆਪ ਨੂੰ ਪੱਤਰਕਾਰ ਦੱਸਿਆ |ਹਾਲਾਤ ਬਾਰੇ ਕੁਝ ਗੱਲਾਂਬਾਤਾਂ ਹੋਈਆਂ ਤੇ ਆਪਸੀ ਜਾਣ  ਪਹਿਚਾਣ  ਤੋਂ ਬਾਦ ਅਸੀਂ ਆਪਣੇ ਆਪਣੇ ਰਸਤੇ ਪੈ ਗਏ | ਕੁਝ ਦਿਨਾਂ ਬਾਦ ਹੀ ਮੇਰੇ ਕੋਲ ਡਾਕ ਰਾਹੀਂ  ਇੱਕ ਬੰਡਲ ਆਇਆ ਤੇ ਡਾਕੀਏ ਨੇ ਉਹ ਬੰਡਲ 120 ਰੂਪਏ ਦੇਕੇ ਲੈਣ ਨੂੰ ਕਿਹਾ ,ਪਰ ਮੈ ਉਹ ਬੰਡਲ ਲੈਣ ਤੋਂ ਇਨਕਾਰ ਕਰ ਦਿੱਤਾ | ਮੇਰਾ ਇਨਕਾਰ ਸੁਣਕੇ ਡਾਕੀਆ ਹੈਰਾਨ ਹੋ ਗਿਆ ਤੇ ਕਹਿਣ ਲੱਗਾ ," ਇਹ ਬੰਦਾ ਬਹੁਤ ਗੰਦਾ ਏ ਜੀ ਲੋਕਾਂ ਨੂੰ ਅਕਸਰ ਇਹੋ ਜਿਹੇ ਬੰਡਲ ਭੇਜਦਾ ਏ ,ਤੇ ਜੋ ਇਹ ਬੰਡਲ ਨਹੀਂ ਲੈਂਦਾ ਉਹਦੇ ਨਾਲ ਬੜਾ ਵੈਰ ਕਰਦਾ ਏ |"
 ਮੈਂ ਡਾਕੀਏ ਨੂੰ ਕਿਹਾ ,
 " ਤੂੰ ਮੇਰੀ ਚਿੰਤਾ ਨਾ ਕਰ ਤੇ ਇਹ ਬੰਡਲ ' ਲੈਣ ਤੋਂ ਇਨਕਾਰੀ' ਲਿਖਕੇ ਵਾਪਿਸ ਭੇਜ ਦੇ |"
 ਮੈਨੂੰ ਆਸ ਪਾਸ ਦੇ ਲੋਕਾਂ ਨੇ ਵੀ ਡਰਾਉਣ ਦੀ ਕੋਸ਼ਿਸ਼ ਕੀਤੀ , ਪਰ ਮੈਂ ਟੱਸ ਤੋਂ ਮੱਸ ਨਾ ਹੋਇਆ ਤੇ ਬੰਡਲ ਵਾਪਿਸ ਕਰ ਦਿੱਤਾ | ਕੁਝ ਦਿਨਾ ਬਾਦ ਹੀ ਉਹਦੀ ਉਸੇ ਲੋਕਲ ਅਖਬਾਰ ਦਾ ਤਾਜ਼ਾ ਅੰਕ ਡਾਕ ਰਾਹੀਂ ਮੇਰੇ ਕੋਲ ਆਇਆ | ਅਖਬਾਰ ਦੀ ਮੁੱਖ ਸੁਰਖੀ ਸੀ
  ਪੰਜਾਬ ਤੋਂ ਆਏ ਅੱਤਵਾਦੀ ਨੇ ਫੁਹਾਰਾ ਚੌਕ ਚ ਆਪਣਾ ਅੱਡਾ ਬਣਾਇਆ '
 ਖਬਰ ਚ ਲਿਖਿਆ ਸੀ , ' ਪੰਜਾਬ ਦੇ ਪੱਟੀ ਕਸਬੇ ਤੋਂ ਆ ਕੇ ਇੱਕ ਅੱਤਵਾਦੀ ਨੇ ਯਮੁਨਾਨਗਰ ਦੇ ਫੁਹਾਰਾ ਚੌੰਕ ਵਿੱਚ ਆਪਣਾ ਅੱਡਾ ਬਣਾਇਆ ਹੋਇਆ ਹੈ ਤੇ  ਆਪਣੇ ਆਪ ਨੂੰ ਪੱਤਰਕਾਰ ਦੱਸਦਾ ਹੈ | ਇਸ ਅੱਤਵਾਦੀ ਨੇ ਦਾੜ੍ਹੀ ਰੱਖੀ ਹੋਈ ਹੈ ਤੇ ਰਾਤ ਨੂੰ ਪਗੜੀ ਬੰਨ੍ਹ ਕੇ ਵਾਰਦਾਤਾਂ ਕਰਦਾ ਹੈ 
 ............... ਹੋਰ ਵੀ ਬਹੁਤ ਕੁਝ ਲਿਖਿਆ ਸੀ ' 
 ਲੋਕਾਂ ਨੇ ਆਕੇ ਮੈਨੂੰ ਹੁਣ ਪੁਲਿਸ ਦਾ ਡਰ ਦੇਣਾ ਸ਼ੁਰੂ ਕਰ ਦਿੱਤਾ , ਪਰ ਮੈਂ ਮਸਤ ਰਿਹਾ | ਦੁਪਹਿਰ ਤੱਕ ਹੀ ਇੱਕ ਪੁਲਿਸ ਵਾਲਾ ਮੇਰੇ ਕੋਲ ਪਹੁੰਚ ਗਿਆ  | ਉਹਦੇ ਹੱਥ ਵਿੱਚ ਅਖਬਾਰ ਵੇਖ ਕੇ ਮੈਂ ਸਭ ਕੁਝ ਸਮਝ ਗਿਆ | ਉਹਨੇ ਆਉਂਦਿਆਂ  ਹੀ ਮੇਰਾ ਨਾਂ 
 ਪੁੱਛਿਆ ਤੇ ਕਿਹਾ ,
" ਸਾਹਿਬ ਨੇ ਬੁਲਾਇਆ ਏ " 
ਮੈਂ ਕੋਈ ਇਤਰਾਜ਼ ਨਾ ਕੀਤਾ ਤੇ ਉਹਨੂੰ ਥਾਣੇ ਪਹੁੰਚਣ ਦਾ ਵਾਦਾ ਕੀਤਾ , ਪਰ ਉਹ ਨਾ ਮੰਨਿਆਂ ਤੇ ਆਪਣੇ ਨਾਲ ਹੀ ਲੈਕੇ ਜਾਣ  ਦੀ ਜਿਦ ਕੀਤੀ |ਮੈਂ ਉਹਨੂੰ ਥੋੜੀ ਦੇਰ ਬੈਠਣ ਲਈ ਕਿਹਾ ਤੇ ਆਪ  ਤਿਆਰ ਹੋ ਕੇ ਆ ਗਿਆ | ਉਹ ਮੈਨੂੰ ਗੱਲਾਂ ਗੱਲਾਂ ਵਿੱਚ ਪੁੱਛਣ ਲੱਗਾ ,
 " ਪਗੜੀ ਬੰਨ੍ਹਦੇ ਹੋ ?"
 ਮੈਂ ਵੀ ਜਵਾਨੀ ਦੇ ਜੋਸ਼ ਵਿੱਚ ਕਿਹਾ , 
 " ਹਾਂ ਹਾਂ , ਨਾਟਕ ਵਗੈਰਾ ਵਿੱਚ ਕਦੇ ਕਦੇ ਬੰਨ੍ਹ ਲਈਦੀਏ |"
 ਅਸੀਂ ਥਾਣੇ ਪਹੁੰਚੇ ਤਾਂ ਉਹ ਜਾਂਦਿਆਂ ਹੀ ਥਾਨੇਦਾਰ ਨੂੰ  ਕਿਹੰਦਾ , 
 " ਸਰ , ਇੱਕ ਗੱਲ ਦਾ ਪਤਾ ਮੈਂ ਲਗਾ ਲਿਆ ਏ , ਇਹ ਪੱਗ ਜ਼ਰੁਰ ਬੰਨਦਾ ਏ "
 ਮੈਂ ਥਾਨੇਦਾਰ ਨੂੰ ਪੁੱਛਿਆ , 
 " ਸਰ , ਤੁਹਾਡਾ ਨਾਂ ਕੀ ਏ ? "
 ਉਹ ਗੁੱਸੇ ਵਿੱਚ ਕਹਿੰਦਾ,
 " ਤੂੰ ਮੇਰੇ ਨਾਂ ਤੋਂ ਧਨੀਆਂ ਲੈਣਾ ਏ ? ਅਖਬਾਰ ਚ ਜੋ ਕੁਝ ਲਿਖਿਆ ਏ ,ਤੂੰ ਕਦੋਂ ਤੋਂ ਕਰਦਾ ਏਂ ?"
  ਮੈਂ ਆਪਣਾ ਪਰਸ ਕਢਿਆ ਤੇ ਉਹਦੇ ਚੋਂ ਆਪਣੇ ਰੋਜ਼ਾਨਾ ਅਖਬਾਰ ਦਾ ਪਹਿਚਾਨ ਪੱਤਰ ਕਢਕੇ ਥਾਨੇਦਾਰ ਦੇ ਅੱਗੇ ਰੱਖ ਦਿੱਤਾ | ਮੈਂ ਕਿਹਾ ,
 " ਤੁਸੀਂ 200 ਅਖਬਾਰ ਛਾਪਣ ਵਾਲੇ ਬਲੈਕ ਮੇਲਰ ਦੇ ਲਿਖੇ ਤੇ ਇਤਬਾਰ ਕਰ ਰਹੇ ਹੋ | ਮੈਂ ਤਾਂ ਰੋਜ਼ਾਨਾ ਦਸ ਲੱਖ ਛਪਣ ਵਾਲੇ ਅਖਬਾਰ ਦਾ ਪੱਤਰਕਾਰ ਹਾਂ "
 ਫਿਰ ਕੀ ਸੀ , ਥਾਨੇਦਾਰ ਅੰਦਰ ਤੱਕ ਹਿਲ ਗਿਆ ਤੇ ਫਟਾਫਟ ਮੇਰੇ ਵਾਸਤੇ ਕੁਰਸੀ ਮੰਗਵਾਈ ਤੇ ਉਸੇ ਸਿਪਾਹੀ ਨੂੰ ਠੰਡਾ ਲਿਆਉਣ ਵਾਸਤੇ ਭੇਜ ਦਿੱਤਾ | ਹੁਣ ਉਹ ਥਾਨੇਦਾਰ ਉਸ ਅਖੌਤੀ ਪੱਤਰਕਾਰ ਦਾ ਤਵਾ ਲਗਾ ਰਿਹਾ ਸੀ ਤੇ ਉਹਨੇ ਉਹਦੇ ਕਈ ਕਾਰਨਾਮੇ ਸੁਨਾਏ ਤੇ ਮੈਨੂੰ ਬਾਇੱਜਤ ਭੇਜ ਦਿੱਤਾ | ਮੇਰੇ ਯਮੁਨਾਨਗਰ ਦੇ ਪੱਤਰਕਾਰ ਦੋਸਤ ਤਾਂ ਉਸ ਵਿਅਕਤੀ ਬਾਰੇ ਸਮਝ ਹੀ ਗਏ ਹੋਣਗੇ | ਜੇ ਉਹਦਾ ਪੱਤਰਕਾਰ ਪੁੱਤਰ ਵੀ ਪੜ੍ਹ ਲਵੇ ਤਾਂ ਚੰਗਾ ਹੈ |

No comments:

Post a Comment