ਪੜ੍ਹਾਈ ਲਿਖਾਈ ਵੱਲੋਂ ਔਖਾ ਤੇ ਪੈਸੇ ਵੱਲੋਂ ਸੌਖਾ ਇੱਕ ਪੁਰਾਣਾ ਦੋਸਤ ਆਪਣੀ ਬੇਟੀ ਦੇ ਵਿਆਹ ਦੇ ਕਾਰਡ ਵੰਡਦਾ ਹੋਇਆ ਮੇਰੇ ਕੋਲ ਪਹੁੰਚਿਆ | ਉਹਨੇ ਕੁਝ ਕਾਰਡ ਮੇਰੇ ਅੱਗੇ ਰੱਖੇ ਅਤੇ ਕਹਿਣ ਲੱਗਾ ," ਇਹਨਾਂ ਉੱਪਰ ਨਾਂ ਲਿਖਦੇ !" #KamalDiKalam
ਉਹ ਨਾਂ ਬੋਲਦਾ ਗਿਆ ਅਤੇ ਮੈਂ ਲਿਖਦਾ ਗਿਆ | ਫਿਰ ਉਹਨੇ ਲਿਖੇ ਨਾਂਵਾਂ ਵਾਲੇ ਕੁਝ ਕਾਰਡ ਵੱਖਰੇ ਕਰਨੇ ਸ਼ੁਰੂ ਕਰ ਦਿੱਤੇ ਅਤੇ ਵੱਖਰੇ ਕਰਨ ਤੋਂ ਬਾਅਦ ਉਹ ਕਾਰਡ ਫਿਰ ਮੇਰੇ ਅੱਗੇ ਰੱਖਦਾ ਹੋਇਆ ਕਹਿੰਦਾ ," ਇਹਨਾਂ 'ਤੇ with family ਲਿਖਦੇ |"
ਮੈਂ ਉਹ ਵੀ ਕੰਮ ਕਰ ਦਿੱਤਾ ਅਤੇ ਉਹ ਕਾਰਡ ਲੈਕੇ ਚਲਾ ਗਿਆ !
ਅਗਲੇ ਦਿਨ ਮੇਰੇ ਕੋਲ ਆਇਆ ਤਾਂ ਉਹਦੇ ਹੱਥ ਵਿੱਚ ਇੱਕ ਹੀ ਕਾਰਡ ਬਚਿਆ ਸੀ , ਜਿਹਦੇ ਉੱਪਰ ਨਾਂ ਤਾਂ ਲਿਖਿਆ ਸੀ , ਪਰ with family ਰਹਿ ਗਿਆ ਸੀ | ਕਹਿੰਦਾ ," ਇਹਦੇ ਉੱਤੇ with family ਲਿਖਣਾ ਬਹੁਤ ਜ਼ਰੂਰੀ ਸੀ ,ਇਹ ਤਾਂ ਰਹਿ ਹੀ ਗਿਆ | ਜਦੋਂ ਮੈਂ ਨਾਂ ਪੜ੍ਹਿਆ ਤਾਂ ਉਹ ਸਾਡੇ ਇੱਕ ਸਾਂਝੇ ਮਿੱਤਰ ਦਾ ਨਾਂ ਸੀ ਜੋ ਸ਼ਰਾਬ ਦਾ ਕੁਝ ਜਿਆਦਾ ਹੀ ਸ਼ੌਕੀਨ ਹੈ !
ਦੋਸਤ ਕਹਿਣ ਲੱਗਾ ," ਜ਼ਿਆਦਾ ਸ਼ਰਾਬ ਪੀਣ ਵਾਲਿਆਂ ਦੇ ਕਾਰਡ ਉੱਪਰ ਮੈਂ with family ਜਰੂਰ ਲਿਖਾਇਆ ਏ |"
ਮੈਂ ਪੁੱਛਿਆ ," ਉਹ ਕਿਓਂ ?"
ਕਹਿੰਦਾ ," ਅਸੀਂ ਜਿਹੜੀ ਸ਼ਰਾਬ ਮੰਗਵਾਈ ਏ , ਉਹ ਬਹੁਤ ਮਹਿੰਗੀ ਏ , ਪਰ ਜਦੋਂ ਘਰਵਾਲੀ ਨਾਲ ਹੋਵੇ ਤਾਂ ਇਹੋ ਜਿਹੇ ਬੰਦੇ ਡਰਦੇ ਜ਼ਿਆਦਾ ਸ਼ਰਾਬ ਨਹੀਂ ਪੀਂਦੇ !"
ਮੈਂ ਕਿਹਾ ," ਬੱਲੇ ਓਏ ਸ਼ੇਰਾ ! ਮੰਨ ਗਏ ਤੇਰੀ ਸਕੀਮ ਨੂੰ ! ਇੱਕ ਬੰਦਾ ਕਿੰਨੀ ਕੁ ਸ਼ਰਾਬ ਪੀ ਜਾਊ ? ਜੇ ਉਹਦੇ ਨਾਲ ਪਰਿਵਾਰ ਦੇ ਦੋ ਤਿੰਨ ਮੈਂਬਰ ਵੀ ਆ ਗਏ ਤਾਂ ਜਿਹੜੇ ਹਿਸਾਬ ਨਾਲ ਤੂੰ ਥਾਲੀ ਦੀ ਕੀਮਤ ਦੱਸ ਰਿਹਾ ਏਂ , ਦੋ ਢਾਈ ਹਜ਼ਾਰ ਦੀ ਤਾਂ ਉਹ ਰੋਟੀ ਹੀ ਖਾ ਜਾਣਗੇ ! ਉਝ ਵੀ ਇੰਤਜ਼ਾਮ ਨਾਲੋਂ ਵੱਧ ਲੋਕ ਨਾ ਇਕੱਠੇ ਕਰ ਲਈਂ !"
ਸੋਚਦਾ ਹੋਇਆ ਕਹਿੰਦਾ ," ਗੱਲ ਤਾਂ ਠੀਕ ਏ , ਪਰ ਹੁਣ ਤਾਂ ਕਾਰਡ ਵੰਡੇ ਗਏ ਨੇ ! ਚੱਲ ਵੇਖੀ ਜਾਊ ਜੋ ਹੋਊ ! "
No comments:
Post a Comment