ਕੱਲ੍ਹ ਦੁਪਹਿਰ ਤੋਂ ਬਾਅਦ ਮੈਂ ਆਪਣੇ ਕਲੀਨਿਕ ਤੋਂ ਨਿਕਲਕੇ ਪੈਦਲ ਕਿਤੇ ਜਾ ਰਿਹਾ ਸਾਂ | ਕੁਝ ਕਦਮ ਸੜਕ ਦੇ ਸੱਜੇ ਪਾਸੇ ਚੱਲਣ ਤੋਂ ਬਾਅਦ ਹੀ ਮੈਂ ਸੜਕ ਪਾਰ ਕਰਨੀ ਸੀ | ਮੈਂ ਵੇਖਿਆ ਇੱਕ ਸਾਇਕਲ ਸਵਾਰ ਝੂਲਦਾ ਹੋਇਆ ਆ ਰਿਹਾ ਸੀ , ਉਹਦੇ ਪਿੱਛੋਂ ਇੱਕ ਆਟੋ ਆਉਂਦਾ ਹੋਇਆ ਜਦੋਂ ਉਹਦੇ ਨੇੜਿਓਂ ਲੰਘ ਰਿਹਾ ਸੀ ਤਾਂ ਸਾਇਕਲ ਵਾਲਾ ਝੂਲਕੇ ਆਟੋ ਦੇ ਪਿਛਲੇ ਹਿੱਸੇ 'ਤੇ ਵੱਜ ਕੇ ਧੜੰਮ ਸੜਕ ਉੱਪਰ ਡਿੱਗ ਪਿਆ | ਮੈਂ ਇਸ਼ਾਰੇ ਨਾਲ ਆਟੋ ਵਾਲੇ ਨੂੰ ਰੋਕਿਆ ਅਤੇ ਆਪ ਭੱਜ ਕੇ ਸਾਇਕਲ ਸਵਾਰ ਨੂੰ ਚੁੱਕਣ ਲੱਗਾ | ਬੇਸੁੱਧ ਸਾਇਕਲ ਸਵਾਰ ਕੋਲੋਂ ਸ਼ਰਾਬ ਦੀ ਬਹੁਤ ਜ਼ਿਆਦਾ ਮੁਸ਼ਕ ਆ ਰਹੀ ਸੀ | #KamalDiKalam
ਮੈਂ ਸਾਇਕਲ ਸਵਾਰ ਨੂੰ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਸਾਂ , ਪਰ ਉਹਦਾ ਪੈਰ ਸਾਇਕਲ ਵਿੱਚ ਫਸਿਆ ਹੋਣ ਕਰਕੇ ਚੁੱਕਣਾ ਮੁਸ਼ਕਿਲ ਹੋ ਰਿਹਾ ਸੀ | ਆਸਪਾਸ ਖੜ੍ਹੇ ਲੋਕਾਂ ਵਿੱਚੋਂ ਇੱਕ ਅੱਗੇ ਹੋਕੇ ਉਸ ਵਿਅਕਤੀ ਦਾ ਸਾਇਕਲ ਵਿੱਚ ਫਸਿਆ ਪੈਰ ਕੱਢਣ ਲੱਗਾ ਅਤੇ ਮੈਂ ਉਹਦੀਆਂ ਬਾਹਾਂ ਫੜਕੇ ਉਠਾ ਰਿਹਾ ਸਾਂ ਕਿ ਕਿਸੇ ਨੇ ਪਿੱਛੋਂ ਮੇਰਾ ਮੋਢਾ ਫੜ੍ਹ ਕੇ ਕਿਹਾ ," ਭਾਈ ਸਾਹਬ ਆਟੋ ਤੁਸੀਂ ਚਲਾ ਰਹੇ ਸੀ ?"
ਮੈਂ ਆਪਣਾ ਕੰਮ ਕਰਦਾ ਹੋਇਆ ਮੁੜਕੇ ਸਵਾਲ ਕਰਨ ਵਾਲੇ ਵੱਲ ਵੇਖਕੇ ਕਿਹਾ ," ਭਾਊ , ਤੂੰ 'ਡਰਾਇਵਰ ਕੁੱਟ' ਦਸਤੇ ਦਾ ਮੈਂਬਰ ਲਗਦਾ ਏਂ | ਪਹਿਲਾਂ ਮੇਰੇ ਨਾਲ ਇਸ ਸ਼ਰਾਬੀ ਨੂੰ ਚੁਕਵਾਕੇ ਪਾਸੇ ਕਰ ਫਿਰ ਆਪਾਂ ਲੱਭਦੇ ਆਂ ਡਰਾਇਵਰ ਨੂੰ |"
ਉਹ ਹੋਰ ਚਾਰ ਕਦਮ ਪਿੱਛੇ ਹੋਕੇ ਅਸੇਪਾਸੇ ਝਾਕਣ ਲੱਗਾ | ਸ਼ਰਾਬੀ ਨੂੰ ਖੜ੍ਹਾ ਕਰਨ ਤੋਂ ਬਾਅਦ ਮੈਂ ਥੋੜੀ ਦੂਰ ਡਰੇ ਖੜ੍ਹੇ ਆਟੋ ਡਰਾਇਵਰ ਨੂੰ ਖਿਸਕਣ ਦਾ ਇਸ਼ਾਰਾ ਕਰਕੇ ਭੇਜ ਦਿੱਤਾ ਅਤੇ ਸ਼ਰਾਬੀ ਵੀ ਆਪਣਾ ਸਾਇਕਲ ਲੈਕੇ ਝੂਮਦਾ ਹੋਇਆ ਪੈਦਲ ਹੀ ਚੱਲ ਪਿਆ |
ਮੈਂ ਆਸਪਾਸ ਉਸ 'ਡਰਾਇਵਰ ਕੁੱਟ' ਨੂੰ ਲੱਭਦਾ ਰਿਹਾ, ਪਰ ਉਹ ਵੀ ਕਿਤੇ ਖਿਸਕ ਚੁੱਕਾ ਸੀ !
No comments:
Post a Comment