ਦੋ ਬੰਦਿਆਂ ਨੇ ਆਕੇ ਦੱਸਿਆ ਕਿ ਉਹਨਾਂ ਦੇ ਮੁਹੱਲੇ ਦੇ ਕਈ ਘਰਾਂ ਚ ਪੱਥਰ ਡਿੱਗਦੇ ਹਨ , ਪਰ ਪਤਾ ਹੀ ਨਹੀਂ ਲਗਦਾ ਕਿ ਪੱਥਰ ਕਿੱਥੋਂ ਆਉਂਦੇ ਹਨ | ਮੈਂ ਉਹਨਾਂ ਕੋਲੋਂ ਪਤਾ ਵਗੈਰਾ ਨੋਟ ਕਰਕੇ ਉਹਨਾਂ ਕੋਲ ਪਹੁੰਚਣ ਦਾ ਵਕਤ ਦੇ ਦਿੱਤਾ ਤੇ ਨਾਲ ਹੀ ਹਦਾਇਤ ਕੀਤੀ ਕਿ ਜਿਹਨਾਂ ਜਿਹਨਾਂ ਘਰਾਂ ਵਿੱਚ ਪੱਥਰ ਡਿੱਗਦੇ ਹਨ ਉਹਨਾਂ ਘਰਾਂ ਦੇ ਸਾਰੇ ਜੀਅ ਮੌਕੇ ਤੇ ਹਾਜ਼ਿਰ ਹੋਣੇ ਚਾਹੀਦੇ ਹਨ |
ਮੈਂ ਤੇ ਮੇਰੇ ਬਜੁਰਗ ਤਰਕਸ਼ੀਲ ਸਾਥੀ ਸ਼੍ਰੀ ਆਰ. ਪੀ ਗਾਂਧੀ ਮਿਥੇ ਵਕਤ ਮੁਤਾਬਕ ਉੱਥੇ ਪਹੁੰਚ ਗਏ | ਬੇਸਬਰੀ ਨਾਲ ਸਾਡੀ ਉਡੀਕ ਹੋ ਰਹੀ ਸੀ | ਮਜ਼ੇਦਾਰ ਗੱਲ ਸੀ ਕਿ ਉਸ ਮੁਹੱਲੇ ਵਿੱਚ ਸਭ ਤੋਂ ਜਿਆਦਾ ਘਰ ਪੁਲਿਸ ਵਾਲਿਆਂ ਦੇ ਸਨ ਤੇ ਉਹਨਾਂ ਦੇ ਪੂਰੀ ਮੁਸਤੈਦੀ ਨਾਲ ਇਕੱਠੇ ਹੋਕੇ ਪਹਿਰਾ ਦੇਣ ਦੇ ਬਾਵਜੂਦ ਵੀ ਮੌਕੇ ਤੇ ਹੀ ਪੱਥਰ ਡਿੱਗ ਪੈਂਦੇ ਸਨ , ਜਿਹਦੇ ਬਾਰੇ ਕੋਈ ਸਮਝ ਨਾ ਲੱਗਣ ਕਾਰਨ ਉਹ ਡਰ ਜਾਂਦੇ ਸਨ |#KamalDiKalam
ਅਸੀਂ ਉਹਨਾਂ ਘਰਾਂ ਦਾ ਆਪਣੇ ਹਿਸਾਬ ਨਾਲ ਜਾਇਜ਼ਾ ਲਿਆ | ਸਾਨੂੰ ਪੱਥਰ ਵੀ ਵਿਖਾਏ ਗਏ , ਜਿਹਨਾਂ ਵਿੱਚੋਂ ਕੁਝ ਉੱਪਰ ਟੁੱਟੀ ਫੁੱਟੀ ਹਿੰਦੀ ਵਿੱਚ ਕੁਝ ਨਾ ਕੁਝ ਲਿਖਿਆ ਹੋਇਆ ਸੀ | ਅਸੀਂ ਉਹ ਪੱਥਰ ਆਪਣੇ ਕਬਜ਼ੇ ਵਿੱਚ ਲੈ ਲਏ | ਇੱਕ ਘਰ ਵਿੱਚ ਪਹੁੰਚਕੇ ਅਸੀਂ ਪੁੱਛ ਪੜਤਾਲ ਕਰ ਰਹੇ ਸਾਂ ਤਾਂ ਖੁਰੇ ਵਿੱਚ ਭਾਂਡੇ ਮਾਂਜਦੀ ਪੰਦਰਾਂ ਸੋਲਾਂ ਵਰ੍ਹਿਆਂ ਦੀ ਕੁੜੀ ਨੇ ਰੌਲਾ ਪਾ ਦਿੱਤਾ ਕਿ ਉਹਦੇ ਕੋਲ ਪੱਥਰ ਡਿੱਗਾ ਹੈ | ਮੈਂ ਭੱਜ ਕੇ ਉਸ ਥਾਂ ਤੇ ਪਹੁੰਚਿਆ ਤੇ ਵੇਖਿਆ ਕਿ ਬੱਜਰੀ ਦਾ ਗੋਲ ਜਿਹਾ ਪੱਥਰ ਸੀ ਜੋ ਗਿੱਲਾ ਸੀ | ਪੱਥਰ ਕੁੜੀ ਦੇ ਲਾਗੇ ਹੀ ਪਿਆ ਸੀ | ਜਦੋਂ ਮੈਂ ਕੁਝ ਸਵਾਲ ਕੀਤੇ ਤਾਂ ਉਹਨੇ ਦੱਸਿਆ ਕਿ ਨਾਲ ਦੇ ਚੌਬਾਰੇ ਚੋਂ ਪੱਥਰ ਆਇਆ ਹੈ ਤੇ ਸਿੱਧਾ ਉਹਦੇ ਕੋਲ ਆਕੇ ਡਿੱਗਾ ਹੈ |
ਮੈਂ ਹਿਸਾਬ ਲਗਾਇਆ ਕਿ ਅਗਰ ਪੱਥਰ ਸਾਹਮਣੇ ਚੌਬਾਰੇ ਚੋਂ ਆਇਆ ਹੁੰਦਾ ਤਾਂ ਦੋ ਚਾਰ ਟਪੂਸੀਆਂ ਮਾਰ ਕੇ ਅੱਗੇ ਜਾਕੇ ਰੁਕਦਾ , ਨਾਕਿ ਲੋਹੇ ਤੇ ਡਿੱਗੇ ਚੁੰਬਕ ਵਾਂਗ ਇੱਕ ਹੀ ਥਾਂ ਜੰਮ ਜਾਂਦਾ | ਪੱਥਰ ਦਾ ਗਿੱਲਾ ਹੋਣਾ ਵੀ ਉਹਨੂੰ ਭਾਂਡੇ ਮਾਂਜਦੀ ਕੁੜੀ ਨਾਲ ਜੋੜਦਾ ਸੀ |
ਪੱਥਰਾਂ ਉੱਪਰ ਅਕਸਰ ਲਿਖਿਆ ਹੁੰਦਾ ਸੀ ਕਿ ਸਾਹਮਣੇ ਚੌਬਾਰੇ ਤੋਂ ....... ਨਾਮ ਦਾ ਲੜਕਾ ਪੱਥਰ ਮਾਰਦਾ ਹੈ | ਉਸ ਮੁੰਡੇ ਬਾਰੇ ਸਾਰੇ ਲੋਕਾਂ ਦੀ ਰਾਏ ਸੀ ਕਿ ਉਹ ਇੱਕ ਸ਼ਰੀਫ਼ ਲੜਕਾ ਹੈ | ਫਿਰ ਵੀ ਲੋਕਾਂ ਨੇ ਉਸ ਲੜਕੇ ਨੂੰ ਬੁਲਾਕੇ ਪੁੱਛਣ ਲਈ ਕਿਹਾ ਤਾਂ ਮੈਂ ਦਲੀਲ ਦਿੱਤੀ ਕਿ ਅਗਰ ਪੱਥਰ ਮਾਰਦਾ ਵੀ ਹੁੰਦਾ ਤਾਂ ਉਹਨੂੰ ਪੱਥਰਾਂ ਉੱਪਰ ਇੰਝ ਲਿਖਣ ਦੀ ਕੀ ਲੋੜ ਸੀ !! ਅਸੀਂ ਜਾਂਚ ਪੜਤਾਲ ਦੌਰਾਨ ਕੁੜੀ ਤੋਂ ਕਾਗਜ਼ ਉੱਪਰ ਕੁਝ ਸਤਰਾਂ ਲਿਖਵਾਈਆਂ ਜਿਹਨਾਂ ਦੀ ਲਿਖਾਈ ਪੱਥਰਾਂ ਉੱਪਰ ਲਿਖੀ ਲਿਖਾਈ ਨਾਲ ਮਿਲ ਗਈ |
ਅਸਲ ਚ ਉਹ ਕੁੜੀ ਦਾ ਪੜ੍ਹਨ ਲਿਖਣ ਵੱਲ ਧਿਆਨ ਘੱਟ ਸੀ ਤੇ ਉਹ ਪੜ੍ਹਾਈ ਛੱਡ ਚੁੱਕੀ ਸੀ | ਉਹਨੂੰ ਆਪਣੇ ਗਵਾਂਢ ਰਹਿੰਦਾ ਮੁੰਡਾ ਪਸੰਦ ਸੀ , ਪਰ ਉਹ ਮੁੰਡੇ ਨੂੰ ਉਸ ਕੁੜੀ ਵਿੱਚ ਕੋਈ ਦਿਲਚਸਪੀ ਨਹੀਂ ਸੀ | ਬੱਸ , ਇਸੇ ਖੁੰਦਕ ਚ ਉਸ ਮੁੰਡੇ ਨੂੰ ਬਦਨਾਮ ਕਰਨ ਲਈ ਇਹ ਪੈਂਤੜਾ ਵਰਤ ਰਹੀ ਸੀ |
ਅਸੀਂ ਉਸ ਕੁੜੀ ਤੋਂ ਅਸਲੀਅਤ ਉਗਲਵਾ ਲਈ ਤੇ ਉਹਨੂੰ ਉਹਦੇ ਘਰਦਿਆਂ ਦੀ ਸਹਿਮਤੀ ਨਾਲ ਉਹਦੀ ਮਾਂ ਦੇ ਸਾਹਮਣੇ ਸੰਮੋਹਿਤ ਕਰਕੇ ਕੁਝ ਆਦੇਸ਼ ਦਿੱਤੇ ਤਾਂ ਕਿ ਉਹ ਇਹਨਾਂ ਹਰਕਤਾਂ ਤੋਂ ਬਾਜ ਆ ਜਾਏ | ਮੁਹੱਲੇ ਦੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਹੁਣ ਇਹੋ ਜਿਹੀ ਕੋਈ ਘਟਨਾ ਨਹੀਂ ਹੋਵੇਗੀ | ਕਈ ਵਰ੍ਹੇ ਹੋ ਗਏ ਨੇ ਸਭ ਕੁਝ ਠੀਕ ਰਿਹਾ |
No comments:
Post a Comment