ਉਹ ਤਕਰੀਬਨ ਪਿਛਲੇ ਤਿੰਨ ਸਾਲ ਤੋਂ ਮੇਰੇ ਮਰੀਜ਼ ਹਨ | ਕਦੇ ਦੋਵੇਂ ਜੀਅ ਆਉਂਦੇ ਤੇ ਕਦੇ ਕਦੇ ਆਪਣੀਆਂ ਛੋਟੀਆਂ ਛੋਟੀਆਂ ਬੱਚੀਆਂ ਨੂੰ ਵੀ ਲੈਕੇ ਆਉਂਦੇ | ਜਦੋਂ ਦੇ ਮੈਂ ਉਹਨਾਂ ਦੀ ਰਿਸ਼ਤੇਦਾਰੀ ਵਿੱਚ ਤਿੰਨ ਚਾਰ ਵਿਗੜੇ ਤਿਗੜੇ ਕੇਸ ਠੀਕ ਕੀਤੇ ਹਨ , ਉਸ ਤੋਂ ਬਾਦ ਉਹਨਾਂ ਨੂੰ ਅੰਗ੍ਰੇਜ਼ੀ ਦਵਾਈ ਛੱਡ ਕੇ ਹੋਮਿਓਪੈਥੀਕ ਤੇ ਵਿਸ਼ਵਾਸ ਵਧ ਗਿਆ ਹੈ | ਕਿਸੇ ਵੀ ਛੋਟੀ ਮੋਟੀ ਬਿਮਾਰੀ ਵਾਸਤੇ ਉਹ ਮੇਰੇ ਕੋਲ ਹੀ ਆਉਂਦੇ ਹਨ |
ਅੱਜ ਉਸ ਵਕਤ ਅਟਪਟਾ ਜਿਹਾ ਲੱਗਾ, ਜਦੋਂ ਉਹ ਇੱਕ ਹੋਰ ਜਨਾਨੀ ਤੇ ਦੋ ਬੱਚਿਆਂ ਨਾਲ ਦਵਾਈ ਲੈਣ ਆਇਆ | ਮੈਂ ਉਸ ਔਰਤ ਬਾਰੇ ਜਾਣਕਾਰੀ ਲੈਣੀ ਚਾਹੀ ਤਾਂ ਉਹਨੇ ਦੱਸਿਆ ," ਇਹ ਮੇਰੀ ਬੀਵੀ ਹੈ ! "#KamalDiKalm
ਮੈਂ ਪੁੱਛ ਹੀ ਲਿਆ ਕਿ ਜਿਹੜੀ ਪਹਿਲਾਂ ਆਉਂਦੀ ਸੀ ਉਹ ਕੌਣ ਸੀ ? ਤਾਂ ਜਵਾਬ ਮਿਲਿਆ ਕਿ ਉਹ ਵੀ ਬੀਵੀ ਸੀ | ਮੈਂ ਸਮਝ ਗਿਆ ਕਿ ਇਹਦੀਆਂ ਦੋ ਵਹੁਟੀਆਂ ਹਨ | ਮੈਂ ਕਿਹਾ ," ਹਾਂ , ਤੁਹਾਡੇ ਚ ਤਾਂ ਦੋ ਤਿੰਨ ਜਨਾਨੀਆਂ ਰੱਖਣ ਦਾ ਰਿਵਾਜ਼ ਵੀ ਹੈ |"
ਕਹਿੰਦਾ ," ਨਹੀਂ ਮੇਰੇ ਕੋਲ ਤਾਂ ਇੱਕੋ ਹੀ ਹੈ |"
ਮੈਂ ਫਿਰ ਪੁੱਛ ਲਿਆ ," ਤੇ ਪਹਿਲੀ ?"
ਝੱਟ ਬੋਲਿਆ ," ਉਹ ਲੜਦੀ ਬਹੁਤ ਸੀ , ਪਿਛਲੇ ਹਫਤੇ ਛੱਡ ਦਿੱਤੀ ਤੇ ਇਹਨੂੰ ਲੈ ਆਇਆ |"
" ਉਹ ਕਿੱਥੇ ਗਈ ?" ਮੈਂ ਬੜੀ ਹੈਰਾਨੀ ਨਾਲ ਪੁੱਛਿਆ |"
" ਆਪਣੀ ਮਾਂ ਕੋਲ |" ਉਹਨੇ ਬੜੇ ਸਹਿਜ ਨਾਲ ਕਹਿ ਦਿੱਤਾ , ਪਰ ਉਸ ਔਰਤ ਦੀਆਂ ਦੋਹਾਂ ਉਂਗਲਾਂ ਨਾਲ ਲੱਗੀਆਂ ਰੋਂਦੀਆਂ ਬੱਚੀਆਂ ਦੀ ਤਸਵੀਰ ਮੇਰੇ ਜ਼ਿਹਨ ਵਿੱਚ ਘੁੰਮ ਗਈ ਤੇ ਮੈਂ ਅੰਦਰ ਤੱਕ ਹਿੱਲ ਗਿਆ |

No comments:
Post a Comment