ਕਈ ਦਿਨਾਂ ਤੋਂ ਧੁੱਪ ਨਹੀਂ ਸੀ ਨਿਕਲੀ , ਜਿਸ ਕਾਰਨ ਠੰਢ ਕਰਕੇ ਕਈ ਕੰਮ ਰੁਕੇ ਹੋਏ ਸਨ | ਤਰਕਸ਼ੀਲ ਸੋਸਾਇਟੀ ਦੇ ਮੈਂਬਰ ਇੱਕ ਦੋਸਤ ਨੇ ਆ ਕੇ ਦੱਸਿਆ ਕਿ ਉਹਦੇ ਮਾਤਾ ਪਿਤਾ ਦੀ ਮਾਨਸਿਕ ਹਾਲਤ ਥੋੜੀ ਠੀਕ ਨਹੀਂ ਹੈ | ਕੋਈ ਖਾਸ ਗੱਲ ਨਹੀਂ ਹੈ , ਉਮਰ ਦਾ ਅਸਰ ਵੀ ਹੋ ਸਕਦਾ ਹੈ | ਉਹਨੇ ਇਹ ਵੀ ਕਿਹਾ ਕਿ ਉਹਨੂੰ ਲਗਦਾ ਏ ਕਿ ਘਰ ਦਾ ਮੈਂਬਰ ਹੋਣ ਕਰਕੇ ਉਹਨਾਂ ਉੱਪਰ ਉਹਦੀਆਂ ਗੱਲਾਂ ਦਾ ਅਸਰ ਨਹੀਂ ਹੋਏਗਾ , ਇਸੇ ਕਰਕੇ ਉਹਨੇ ਮੇਰੇ ਤੱਕ ਪਹੁੰਚ ਕੀਤੀ ਹੈ | ਉਹਨੇ ਇਹ ਵੀ ਕਿਹਾ ਕਿ ਉਹ ਉਹਨਾਂ ਦੋਹਾਂ ਨੂੰ ਮੇਰੇ ਕੋਲ ਲੈਕੇ ਆ ਸਕਦਾ ਸੀ , ਪਰ ਠੰਢ ਬਾਰੇ ਸੋਚਕੇ ਨਹੀਂ ਲੈਕੇ ਆਇਆ , ਇਸ ਕਰਕੇ ਮੈਨੂੰ ਹੀ ਉਹਨਾਂ ਦੇ ਪਿੰਡ ਜਾਣਾ ਪਏਗਾ | ਮੈਂ ਕਿਹਾ ਕਿ ਅਗਰ ਤਾਂ ਜਿਆਦਾ ਜ਼ਰੂਰੀ ਹੈ ਤਾਂ ਕੱਲ੍ਹ ਹੀ ਪ੍ਰੋਗ੍ਰਾਮ ਬਣਾ ਲੈਂਦੇ ਹਾਂ , ਨਹੀਂ ਤਾਂ ਜਿਸ ਦਿਨ ਧੁੱਪ ਨਿਕਲੇਗੀ ਉਸ ਦਿਨ ਉਹਨਾਂ ਦੇ ਪਿੰਡ ਪਹੁੰਚ ਜਾਵਾਂਗਾ | ਉਹਨੇ ਕਿਹਾ ਕਿ ਇੰਨਾਂ ਵੀ ਜਲਦੀ ਕਰਨ ਵਾਲੀ ਗੱਲ ਨਹੀਂ ਹੈ ,ਮੈਂ ਆਰਾਮ ਨਾਲ ਵਕਤ ਕਢ ਕੇ ਜਾ ਸਕਦਾ ਹਾਂ |
ਧੁੱਪ ਨਿਕਲ ਆਈ ਤੇ ਮੈਂ ਉਹਨੂੰ ਬਿਨ੍ਹਾਂ ਸੂਚਿਤ ਕੀਤੇ , ਮੋਟਰ ਸਾਇਕਲ ਲੈਕੇ ਉਹਦੇ ਪਿੰਡ ਨੂੰ ਨਿਕਲ ਗਿਆ | ਘਰ ਪਹੁੰਚਦਿਆਂ ਹੀ ਵੇਖਿਆ ਕਿ ਦੋਸਤ ਘਰ ਨਹੀਂ ਸੀ ਤੇ ਉਹਦੀ ਦਿੱਲੀ ਵਾਲੀ ਭੈਣ ਆਪਣੇ ਬੱਚਿਆਂ ਸਮੇਤ ਆਈ ਹੋਈ ਸੀ | ਭੈਣ ਨਾਲ ਦੁਆ ਸਲਾਮ ਕਰਨ ਤੋਂ ਬਾਦ ਮੈਂ ਬੈਠਾ ਹੀ ਸਾਂ ਕਿ ਉਹਦੇ ਬੱਚੇ ਮੇਰੇ ਜਾਣਕਾਰ ਹੋਣ ਕਰਕੇ ਮੇਰੇ ਨਾਲ ਗੱਲ ਬਾਤ ਕਰਨ ਲੱਗ ਪਏ | ਮੇਰੇ ਮਨ ਵਿੱਚ ਆਇਆ ਕਿ ਅਗਰ ਗੱਲਬਾਤ ਵਿੱਚ ਜਿਆਦਾ ਵਕਤ ਖਰਾਬ ਕੀਤਾ ਤਾਂ ਮੁੜਣ ਵੇਲੇ ਜਿਆਦਾ ਠੰਢ ਹੋਣ ਕਰਕੇ ਪਰੇਸ਼ਾਨੀ ਹੋ ਸਕਦੀ ਹੈ | ਮੈਂ ਦਿੱਲੀਓਂ ਆਏ ਦਸ ਕੁ ਸਾਲ ਦੇ ਸ਼ੈਰੀ ਨੂੰ ਪੁੱਛਿਆ , " ਬਾਪੂ ਜੀ ਤੇ ਬੇਬੇ ਜੀ ਕਿੱਥੇ ਨੇ ? "
ਉਹ ਝੱਟ ਕਹਿੰਦਾ ," ਬਾਪੂ ਜੀ ਅੰਦਰ ਆਪਣੇ ਵਾਲ ਪੁੱਟਦੇ ਪਏ ਨੇ ਤੇ ਬੇਬੇ ਜੀ ਲੈਟਰੀਨ ਇਕੱਠੀ ਕਰ ਰਹੇ ਨੇ | " ਤੇ ਨਾਲ ਹੀ ਉਹਨੇ ਆਪਣਾ ਨੱਕ ਘੁੱਟ ਲਿਆ ਜਿਵੇਂ ਬਹੁਤ ਬਦਬੋ ਆ ਰਹੀ ਹੋਵੇ | ਮੈਂ ਅੰਦਰ ਤੱਕ ਹਿੱਲ ਗਿਆ | ਮੈਂ ਸੋਚਿਆ ਦੋਸਤ ਨੇ ਤਾਂ ਕਿਹਾ ਸੀ ਕਿ ਕੋਈ ਖਾਸ ਗੱਲ ਨਹੀਂ ਹੈ , ਪਰ ਇੱਥੇ ਤਾਂ ਕੇਸ ਕਾਫੀ ਵਿਗੜਿਆ ਲੱਗ ਰਿਹਾ ਹੈ | ਪਹਿਲਾਂ ਸੋਚਿਆ ਕਿ ਫੋਨ ਕਰਕੇ ਹੁਣੇ ਹੀ ਦੋਸਤ ਨੂੰ ਬੁਲਾ ਲਵਾਂ ਤੇ ਉਹਦੇ ਕੋਲੋਂ ਸਾਰਾ ਵੇਰਵਾ ਲੈਕੇ ਹੀ ਕੇਸ ਨੂੰ ਹੱਥ ਪਾਵਾਂ | ਫਿਰ ਮੈਂ ਹੌਸਲਾ ਕਰਕੇ ਸ਼ੈਰੀ ਨੂੰ ਪੁੱਛਿਆ ਕਿ ਬਾਪੂ ਜੀ ਕਿਸ ਕਮਰੇ ਵਿੱਚ ਹਨ ਤਾਂ ਉਹਨੇ ਇਸ਼ਾਰੇ ਨਾਲ ਦੱਸ ਦਿਤਾ | ਮੈਂ ਸ਼ੈਰੀ ਦਾ ਇਸ਼ਾਰਾ ਸਮਝਕੇ ਹੌਲੀ ਹੌਲੀ ਬਾਪੂ ਜੀ ਵਾਲੇ ਕਮਰੇ ਵੱਲ ਵਧਣ ਲੱਗਾ | ਥੋੜੇ ਵਕਤ ਵਿੱਚ ਹੀ ਮੇਰੇ ਮਨ ਵਿੱਚ ਕਈ ਤਰ੍ਹਾਂ ਦੇ ਖਿਆਲ ਆ ਗਏ ਤੇ ਤਸਵੀਰਾਂ ਉਭਰ ਗਈਆਂ | ਪਾਟੇ ਕੱਪੜੇ , ਖਿਲਰਿਆ ਸਿਰ ਤੇ ਦੋਹਾਂ ਹੱਥਾ ਚ ਬਾਪੂ ਜੀ ਨੇ ਆਪਣੇ ਜੂੰਡੇ ਫੜੇ ਹੋਏ | ਇਹ ਸਭ ਸੋਚ ਕੇ ਸਰੀਰ ਕੰਬ ਜਿਹਾ ਗਿਆ | ਕਮਰੇ ਦੇ ਦਰਵਾਜੇ ਕੋਲ ਜਾ ਮੈਂ ਰੁਕ ਗਿਆ | ਬਾਹਰ ਖਲੋ ਕੇ ਹੀ ਮੈਂ ਕੋਡਾ ਜਿਹਾ ਹੋਕੇ ਕਮਰੇ ਅੰਦਰ ਝਾਤੀ ਮਾਰੀ ਤਾਂ ਅੰਦਰ ਦਾ ਨਜ਼ਾਰਾ ਵੇਖ ਕੇ ਮੈਨੂੰ ਆਪਣੇ ਖਿਆਲੀ ਪੁਲਾਓ ਤੇ ਹਾਸਾ ਆ ਗਿਆ | ਬਾਪੂ ਜੀ ਸ਼ੀਸ਼ੇ ਅੱਗੇ ਬੈਠੇ ਆਪਣੀ ਦਾੜ੍ਹੀ ਚੋਂ ਮੋਚਨੇ ਨਾਲ ਚਿੱਟੇ ਵਾਲ ਚੁਣ ਰਹੇ ਸਨ | ਮੇਰਾ ਸਾਹ ਚ ਸਾਹ ਆਇਆ |
ਮੈਂ ਬੇਝਿਜਕ ਅੰਦਰ ਗਿਆ ਤੇ ਬਾਪੂ ਜੀ ਨੂੰ ਪੈਰੀ ਪੈਣਾ ਕਰਕੇ ਉੱਥੇ ਬੈਠ ਗਿਆ | ਗੱਲਾਂ ਗੱਲਾਂ ਚ ਮੈਂ ਪੁੱਛ ਹੀ ਲਿਆ , " ਬੇਬੇ ਜੀ ਕਿੱਥੇ ਨੇ ? "
" ਉਹਨੇ ਕਿੱਥੇ ਜਾਣਾ ਏ ! ਡੰਗਰਾਂ ਦਾ ਕੰਮ ਕਰਨ ਵਾਲਾ ਅੱਜ ਆਇਆ ਨਹੀਂ ਸੀ , ਕਹਿੰਦੀ ਧੁੱਪ ਤਾਂ ਨਿਕਲ ਹੀ ਆਈ ਏ ਹਵੇਲੀ ਚ ਡੰਗਰਾਂ ਦਾ ਗੋਹਾ ਹੀ ਸਾਂਭ ਆਵਾਂ | ਆਉਂਦੀ ਹੀ ਹੋਣੀ ਏ !! " ਇਹ ਸੁਨ ਕੇ ਮੇਰਾ ਮਨ ਪੂਰੀ ਤਰ੍ਹਾਂ ਸ਼ਾਂਤ ਹੋ ਗਿਆ | ਵਾਕਿਆ ਹੀ ਮਸਲਾ ਕੋਈ ਖਾਸ ਨਹੀਂ ਸੀ , ਮੈਂ ਨਿਪਟਾ ਕੇ ਘਰ ਮੁੜ ਆਇਆ |
No comments:
Post a Comment