ਬੱਕਰੀ ਮਾਸੜ \ ਇੰਦਰਜੀਤ ਕਮਲ - Inderjeet Kamal

Latest

Wednesday, 8 October 2014

ਬੱਕਰੀ ਮਾਸੜ \ ਇੰਦਰਜੀਤ ਕਮਲ


ਗੱਲ ਲਗਭਗ ਦੋ ਦਹਾਕੇ ਪੁਰਾਨੀ ਹੈ | ਮੇਰੇ ਚੰਡੀਗੜ੍ਹ ਵਾਲੇ ਮਾਮਾ ਜੀ ਦੇ ਮੁੰਡੇ ਰਾਜੇਸ਼ ਦਾ ਵਿਆਹ ਸੀ | ਬਰਾਤ ਪਠਾਨਕੋਟ ਗਈ ਸੀ | ਦਿਨ ਦੀ ਬਰਾਤ ਹੋਣ ਕਰਕੇ ਚਾਹ ਪੀਣ ਤੋਂ ਬਾਦ ਅਸੀਂ ਸਾਰੇ ਜੰਜ ਘਰ ਵਿੱਚ ਆਕੇ ਬੈਠ ਗਏ | ਕੁਝ ਬੱਚੇ ਤੇ ਨੌਜਵਾਨ ਹਰ ਮਿਲਣੀ ਵਾਂਗ ਅੱਜ ਵੀ ਜਾਦੂ ਵੇਖਣ ਵਾਸਤੇ ਮੇਰੇ ਦਵਾਲੇ ਇੱਕਠੇ ਹੋ ਗਏ | ਮੈਂ ਵੀ ਜਰੂਰਤ ਮੁਤਾਬਕ ਆਪਣੀ ਤਿਆਰੀ ਕਰਕੇ ਗਿਆ ਸਾਂ ; ਕਿਓਂਕਿ ਕਿਸੇ ਵੀ ਰਿਸ਼ਤੇਦਾਰੀ ਵਿੱਚ ਜਾਣ ਤੇ ਇਹ ਸਭ ਕੁਝ ਸੁਭਾਵਿਕ ਹੀ ਹੁੰਦਾ ਹੈ |
ਮੈਂ ਆਪਣੇ ਸਾਥੀ ਦੋਸਤਾਂ ਨੂੰ ਜਦੋਂ ਜਾਦੂ ਦੀਆਂ ਚਲਾਕੀਆਂ ਵਿਖਾ ਰਿਹਾ ਸਾਂ ਤਾਂ ਥੋੜੀ ਦੂਰ ਕੁਰਸੀ ਤੇ ਬੈਠੇ ਮੇਰੇ ਘਰਿਆਲਾ ਵਾਲੇ ਮਾਸੜ ਜੀ ( ਜੋ ਮੈਨੂੰ ਕਈ ਸਾਲਾਂ ਤੋਂ ਮਿਲੇ ਨਹੀਂ ਸਨ ) ਹੌਲੀ ਜਿਹੀ ਉਠਕੇ ਮੇਰੇ ਕੋਲ ਖੜ੍ਹੇ ਹੋਕੇ ਕਹਿੰਦੇ ," ਓਏ ਮੁੰਡਿਆ ! ਤੂੰ ਤਾਂ ਬਿਲਕੁਲ ਭਾਈਏ ( ਮੇਰੇ ਪੀਤਾ ਜੀ ) ਤੇ ਗਿਆ ਏਂ !! ਭਾਈਆ ਵੀ ਇਹੋ ਜਿਹੇ ਬੜੇ ਜਾਦੂ ਮੰਤਰ ਜਾਣਦਾ ਸੀ |"
" ਆਜੋ ਮਾਸੜ ਜੀ , ਬਹਿ ਜਾਓ |" ਮੈਂ ਉਹਨਾਂ ਦੀ ਇੱਜਤ ਕਰਦੇ ਹੋਏ ਕਿਹਾ |
" ਨਾ ਬਈ ਨਾ , ਐਵੇਂ ਕੋਈ ਪੁੱਠਾ ਸਿਧਾ ਕੰਮ ਹੋ ਗਿਆ ਤਾਂ ਸਿਆਪਾ ਪੈਜੂ | " ਮਾਸੜ ਜੀ ਦਾ ਜਾਦੂ ਪ੍ਰਤੀ ਡਰ ਸਾਹਮਣੇ ਆ ਗਿਆ |
ਮੇਰੇ ਪਿਹੋਵਾ ਵਾਲੇ ਵੱਡੇ ਮਾਸੀ ਜੀ ਦਾ ਮੁੰਡਾ ਤਿਲਕ ਰਾਜ ਮੇਰੇ ਕੰਨ ਕੋਲ ਕਹਿੰਦਾ ," ਭਾਜੀ , ਇਹ ਮਾਸੜ ਬੜਾ ਕੰਜੂਸ ਏ , ਇਹਨੂੰ ਘੇਰੀਏ ! ਲਗਦੈ ਅੱਜ ਤੁਹਾਡੇ ਕਾਬੂ ਆਜੂ !"
ਦੁਪਹਿਰ ਤੱਕ ਵਕਤ ਵੀ ਪਾਸ ਕਰਨਾ ਸੀ ਤੇ ਰੌਨਕ ਮੇਲਾ ਲਗਾਉਣਾ ਵੀ ਜ਼ਰੂਰੀ ਸੀ | ਮੈਂ ਤਿਲਕ ਰਾਜ ਨੂੰ ਸਾਹਮਣੇ ਪਈ ਛੋਟੀ ਜਿਹੀ ਸੋਟੀ ਫੜ ਕੇ ਲਿਆਉਣ ਨੂੰ ਕਿਹਾ | ਉਹਨੇ ਸੋਟੀ ਲਿਆਕੇ ਮੈਨੂੰ ਫੜਾ ਦਿਤੀ | ਮੈਂ ਆਪਣੇ ਸਾਥੀਆਂ ਨੂੰ ਸ਼ਾਂਤ ਰਹਿਣ ਲਈ ਸਮਝਾ ਕੇ ਮਾਸੜ ਜੀ ਦੀ ਕੁਰਸੀ ਕੋਲ ਜਾਕੇ ਖੜ੍ਹਾ ਹੋ ਗਿਆ | ਮੈਂ ਹੱਥ ਵਿੱਚ ਫੜ੍ਹੀ ਸੋਟੀ ਦਾ ਇੱਕ ਸਿਰਾ ਜਮੀਨ ਤੇ ਲਗਾਕੇ ਮਾਸੜ ਦੀ ਕੁਰਸੀ ਦੁਆਲੇ ਚੱਕਰ ਲਗਾਉਣਾ ਸ਼ੁਰੂ ਕਰ ਦਿਤਾ | ਮਾਸੜ ਨੇ ਇੱਕ ਦੰਮ ਕੁਰਸੀ ਤੋਂ ਉੱਠਕੇ ਕਿਹਾ ," ਗੁਰੂਆ , ਇਹ ਕੀ ਕਰਨ ਲੱਗਾ ਏਂ ? "
" ਕੁਝ ਨਹੀਂ ਮਾਸੜ ਜੀ, ਤੁਹਾਨੂੰ ਇੱਕ ਜਾਦੂ ਵਿਖਾਉਣ ਲੱਗਾ ਹਾਂ |" ਮੈਂ ਬੜੇ ਠਰੰਮ੍ਹੇ ਨਾਲ ਕਿਹਾ |
" ਨਾ ਭਰਵਾ ! ਕਿਸੇ ਹੋਰ ਨੂੰ ਵਿਖਾ |" ਮਾਸੜ ਛਾਲ ਮਾਰਕੇ ਦੋ ਫੁੱਟ ਹੋਰ ਪਰ੍ਹਾਂ ਹੋ ਗਿਆ ਤੇ ਮੈਂ ਵੀ ਥੋੜਾ ਮਾਸੜ ਦੇ ਨੇੜੇ ਹੋਕੇ ਕਿਹਾ ," ਡਰਨ ਵਾਲੀ ਗੱਲ ਕੋਈ ਨਹੀਂ ਹੈ |ਮੈਂ ਤੁਹਾਡੇ ਦੁਆਲੇ ਚੱਕਰ ਲਗਾਵਾਂਗਾ ਤੇ ਤੁਸੀਂ ਬੱਕਰੀ ਬਣ ਜਾਓਗੇ .................... |" ਮੇਰੀ ਗੱਲ ਹਾਲੇ ਵਿੱਚ ਹੀ ਸੀ ਕਿ ਮਾਸੜ ਨੇ ਇੱਕ ਲੰਮੀ ਛਾਲ ਮਾਰੀ | ਹਰ ਹਰਕਤ ਤੇ ਬੱਚੇ ਖਿੜ ਖਿੜਾ ਕੇ ਹੱਸ ਰਹੇ ਸਨ ਜਿਸ ਕਾਰਨ ਬਹੁਤ ਸਾਰੇ ਬਰਾਤੀ ਉੱਥੇ ਇਕੱਠੇ ਹੋ ਗਏ |
ਮੈਂ ਸਰੀਰ ਦੀ ਕੋਈ ਵੀ ਹਰਕਤ ਕਰਦਾ ( ਭਾਵੇਂ ਕਿਤੇ ਖੁਰਕਣ ਵੀ ਲਗਦਾ ) ਤਾਂ ਮਾਸੜ ਦੇ ਮੂੰਹੋਂ ਨਿਕਲਦਾ , " ਨਾ ਓਏ ਗੁਰੂਆ ! ਰੱਬ ਦਾ ਵਾਸਤਾ ਈ !! ਕੁਝ ਨਾ ਕਰੀਂ , ਕਿਤੇ ਜਾਹ ਜਾਂਦੀ ਹੋਏ !" ਤੇ ਮਾਸੜ ਦੋ ਚਾਰ ਫੁੱਟ ਪਰ੍ਹੇ ਹਟ ਜਾਂਦਾ |
ਮਾਹੌਲ ਬਹੁਤ ਹੀ ਮਜ਼ੇਦਾਰ ਹੋ ਗਿਆ ਸੀ | ਮੇਰੇ ਸਰੀਰ ਦੀ ਕੋਈ ਮਾੜੀ ਜਿਹੀ ਹਰਕਤ ਨਾਲ ਹੀ ਸਾਰੀ ਫਿਜ਼ਾ ਹਾਸੇ ਨਾਲ ਭਰ ਜਾਂਦੀ ਸੀ | ਅਖੀਰ ਮਾਸੜ ਨੇ ਬਿਲਕੁਲ ਹੀ ਹਥਿਆਰ ਸੁੱਟ ਦਿਤੇ ਤੇ ਹੱਥ ਜੋੜਣ ਲੱਗ ਪਿਆ | ਹੁਣ ਸਾਡੀ ਫੌਜ ਹਰਕਤ ਵਿੱਚ ਆ ਗਈ ਤੇ ਮਾਸੜ ਨੂੰ ਇਸ ਜਾਦੂ ਤੋਂ ਬਚਣ ਲਈ ਜੇਬ੍ਹ ਢਿੱਲੀ ਕਰਨ ਵਾਸਤੇ ਕਿਹਾ | ਬੜੀ ਜੱਦੋ ਜਹਿਦ ਤੋਂ ਬਾਦ ਮਾਸੜ ਨੇ ਦੋ ਸੌ ਰੂਪਏ ਦਿਤੇ , ਜਿਹਨਾਂ ਨਾਲ ਬੱਚਿਆਂ ਨੇ ਮੌਜ ਮਸਤੀ ਦਾ ਸਮਾਨ ਖਰੀਦ ਲਿਆ | ਮਾਸੜ ਬੱਕਰੀ ਬਣਨੋ ਬਚ ਗਿਆ | 

No comments:

Post a Comment