ਲਗਨ \ ਇੰਦਰਜੀਤ ਕਮਲ - Inderjeet Kamal

Latest

Friday, 26 September 2014

ਲਗਨ \ ਇੰਦਰਜੀਤ ਕਮਲ


                                 ਜਦੋਂ ਅਸੀਂ ਪ੍ਰਾਇਮਰੀ ਸਕੂਲ ਦੀ ਪੜ੍ਹਾਈ ਪੂਰੀ ਕਰਕੇ ਵੱਡੇ ਸਕੂਲ ਵਿੱਚ ਪਹੁੰਚੇ ਤਾਂ ਉੱਥੇ ਮੇਰੀ ਕੋਈ ਜਾਣ ਪਹਿਚਾਣ ਨਹੀਂ ਸੀ ਜਿਸ ਕਾਰਨ ਮੈਨੂੰ ਹਲਕੇ ਪੱਧਰ ਦੇ ਵਿਦਿਆਰਥੀਆਂ  ਦੇ ਦਾਇਰੇ ਵਿੱਚ ਰੱਖਿਆ ਗਿਆ | ਸਾਡੇ ਸਕੂਲ ਵਿੱਚ ਵਿਦਿਆਰਥੀ ਕਾਫੀ ਹੋਣ ਕਰਕੇ ਛੇਵੀਂ ਜਮਾਤ 8 ਭਾਗਾਂ ਵਿੱਚ ਵੰਡੀ ਗਈ | ਪਹਿਲੇ ਤਿੰਨ ਭਾਗਾਂ ਵਿੱਚ ਚੁਣੇ ਹੋਏ ਵਿਦਿਆਰਥੀ ਸਨ ਜਿਹਨਾਂ ਵਿੱਚ ਅਧਿਆਪਕਾਂ ਦੇ ਬੱਚੇ ਵੀ ਸਨ ਤੇ ਉਹਨਾਂ ਭਾਗਾਂ ਨੂੰ ਪੜ੍ਹਨ ਲਈ ਡਰਾਇੰਗ ਵਿਸ਼ਾ ਦਿੱਤਾ ਗਿਆ , ਪਰ ਸਾਨੂੰ ਉਹਦੇ ਮੁਕਾਬਲੇ ਖੇਤੀਬਾੜੀ ਵਿਸ਼ਾ ਦਿਤਾ ਗਿਆ | ਪਹਿਲੇ ਤਿੰਨ ਭਾਗਾਂ ਵਿੱਚ ਪੜ੍ਹੇ  ਵਿਦਿਆਰਥੀ ਅੱਜ ਮੇਰੀ ਮਿੱਤਰ ਸੂਚੀ ਵਿੱਚ ਹਨ ਜੋ ਉੱਚੇ ਉੱਚੇ ਅਹੁਦਿਆਂ ਤੇ ਬਿਰਾਜ਼ਮਾਨ ਹਨ | ਚਾਰ  ਸਾਲ ਅਣਮੰਨੇ ਮਨ ਨਾਲ ਖੇਤੀਬਾੜੀ ਪੜ੍ਹੀ ਕਿਓਂਕਿ ਇਸ ਵਿਸ਼ੇ ਵਿੱਚ ਸਾਡੇ ਕੋਲ ਘੋਟਾ ਲਾਉਣ ਤੋਂ ਬਿਨ੍ਹਾਂ ਕੁਝ ਨਹੀਂ ਸੀ |ਅਸੀਂ  ਦਸਵੀਂ ਵਿੱਚ ਪਹੁੰਚ ਗਏ | ਇਸ ਦੌਰਾਨ ਸਕੂਲ ਦੇ ਅਧਿਆਪਕਾਂ ਵਿੱਚ ਆਪਣੀ ਚੰਗੀ ਪਹੁੰਚ ਬਣ ਗਈ ਸੀ |
            ਦਸਵੀਂ ਵਿੱਚ ਆਪਣੇ ਚੋਣਵੇਂ ਵਿਸ਼ੇ ਚੁਣਨ ਦੀ ਇਜਾਜ਼ਤ ਸੀ | ਮੈਂ ਪਹਿਲੇ ਦਿਨ ਹੀ ਡਰਾਇੰਗ ਦੀ ਜਮਾਤ ਵਿੱਚ ਜਾਕੇ ਬੈਠ ਗਿਆ | ਅਧਿਆਪਕਾ ਅਵਿਨਾਸ਼ ਸ਼ਰਮਾ ਨੇ ਮੈਨੂੰ ਖੜ੍ਹਾ ਕਰਕੇ ਪੁੱਛਿਆ ਕਿ ਮੈਂ ਉਹਦੀ ਜਮਾਤ ਵਿੱਚ ਕਿਵੇਂ ਬੈਠਾ ਹਾਂ | ਮੈਂ ਕਿਹਾ ਜੀ ਮੈ ਡਰਾਇੰਗ ਪੜ੍ਹਨੀ ਹੈ ਇਸ ਕਰਕੇ | ਉਹ ਕਹਿੰਦੀ ਜਦੋਂ ਤੂੰ ਚਾਰ ਸਾਲ ਖੇਤੀਬਾੜੀ ਪੜ੍ਹੀ ਹੈ ਫਿਰ ਡਰਾਇੰਗ ਕਿਵੇਂ ਕਰੇਂਗਾ ? ਮੈਂ ਬੜਾ ਵਿਸ਼ਵਾਸ ਦਵਾਇਆ ਪਰ ਉਹ ਨਾ ਮੰਨੀ | ਅਖੀਰ ਮੈਂ ਆਪਣੇ ਪੁਰਾਣੇ ਇੰਚਾਰਜ ਮਾਸਟਰ ਪ੍ਰਿਥਵੀ ਰਾਜ ਜੀ ਕੋਲ ਜਾਕੇ ਮਸਲਾ ਦੱਸਿਆ | ਉਹਨਾਂ ਆਕੇ ਅਧਿਆਪਕਾ ਅਵਿਨਾਸ਼ ਸ਼ਰਮਾ ਨੂੰ ਮੇਰੇ ਬਾਰੇ ਵਿਸ਼ਵਾਸ ਦਵਾਇਆ ਕਿ ਮੈਂ ਇਸ ਕੰਮ ਵਿੱਚ ਕਾਮਯਾਬ ਹੋ ਸਕਦਾ ਹਾਂ | ਮੈਨੂੰ ਇੱਕ ਹਫਤੇ ਦਾ ਵਕਤ ਦਿਤਾ ਗਿਆ ਡਰਾਇੰਗ ਦੀ ਤਿਆਰੀ ਕਰਨ ਵਾਸਤੇ |
           ਬੱਸ ਫਿਰ ਕੀ ਸੀ ! ਮੈਂ ਸਾਰੇ ਕੰਮ ਛੱਡਕੇ ਡਰਾਇੰਗ ਦੇ ਦਵਾਲੇ ਹੋ ਗਿਆ | ਰੋਟੀ ਡਰਾਇੰਗ , ਨੀਂਦ ਡਰਾਇੰਗ ,ਖੇਡਣਾ ਡਰਾਇੰਗ ........ ਯਾਨੀ ਕਿ ਹਰ ਕੰਮ ਡਰਾਇੰਗ | ਇੱਕ ਹਫਤੇ ਬਾਦ ਜਦੋਂ ਅਧਿਆਪਕਾ ਨੇ ਮੈਨੂੰ ਡਰਾਇੰਗ ਬਾਰੇ ਕੁਝ ਸਵਾਲ ਕੀਤੇ ਤਾਂ ਉਹਨੂੰ ਸੰਤੁਸ਼ਟੀ ਹੋ ਗਈ ਕਿ ਮੈਂ ਡਰਾਇੰਗ ਸਿੱਖ ਸਕਦਾ ਹਾਂ | ਆਉਣ ਵਾਲੇ ਕੁਝ ਦਿਨਾਂ ਬਾਦ ਮੇਰੇ ਨਾਲ ਪੜ੍ਹਨ ਵਾਲੇ ਮੁੰਡੇ ਡਰਾਇੰਗ ਦੇ ਕੰਮ ਬਾਰੇ ਮੇਰੇ ਤੋਂ ਸਲਾਹ ਲੈਂਦੇ ਸਨ ਤੇ ਕਈ ਤਾਂ ਆਪਣਾ ਕੰਮ ਵੀ ਮੇਰੇ ਤੋਂ ਕਰਵਾ ਲੈਂਦੇ ਸਨ |
                           ਇਹ ਦੱਸਣ ਦਾ ਮੇਰਾ ਮਤਲਬ ਇਹ ਹੈ ਕਿ ਲਗਨ ਨਾਲ ਕੀਤੇ ਗਏ ਕਿਸੇ ਵੀ ਕੰਮ ਵਿੱਚ ਤੁਸੀਂ ਕਾਮਯਾਬੀ ਹਾਸਲ ਕਰ ਸਕਦੇ ਹੋ |

1 comment: