26 ਜਨਵਰੀ \ ਇੰਦਰਜੀਤ ਕਮਲ - Inderjeet Kamal

Latest

Friday, 26 September 2014

26 ਜਨਵਰੀ \ ਇੰਦਰਜੀਤ ਕਮਲ

ਮੇਰੇ ਪਿਤਾ
ਸ਼੍ਰੀ ਬਾਲਮੁਕੰਦ ਸ਼ਰਮਾ ਜੀ
ਵੱਲੋਂ 26 ਜਨਵਰੀ 1964 ਵਾਸਤੇ ਅੱਜ ਤੋਂ ਪੰਜਾਹ ਸਾਲ ਪਹਿਲਾਂ ਲਿਖੀ ਕਵਿਤਾ
*******************************************************************


26 ਜਨਵਰੀ ਨੇ ਇੱਕ ਦਿਨ ਕਿਹਾ ਮੈਨੂੰ, ਨਵੇਂ ਭਾਰਤ ਦੇ ਜਨਮ ਦੀ ਨੀਂਹ ਸਾਂ ਮੈਂ 
ਪੂਜਾ ਪਾਠ ਨਿੱਤ ਨੇਮ ਨਮਾਜ ਰੋਜ਼ਾ, ਹਰ ਇੱਕ ਮਜਹਬ ਦੇ ਧਰਮ ਦੀ ਨੀਂਹ ਸਾਂ ਮੈਂ
ਉੱਚੀ ਸਭਿਅਤਾ ਉੱਚੇ ਆਦਰਸ਼ ਦਾ ਮੂਲ , ਇੱਜਤ ਆਬਰੂ ਸ਼ਰਮ ਦੀ ਨੀਂਹ ਸਾਂ ਮੈਂ
ਗੁਰੂ ਮਾਣ ਸਤਿਕਾਰ ਦਾ ਕਿਲ੍ਹਾ ਹਾਂ ਮੈਂ , ਆਣ ਅਣਖ ਸ਼ੁਭ ਕਰਮ ਦੀ ਨੀਂਹ ਸਾਂ ਮੈਂ

18 ਸਾਲ (29 ਤੋਂ 46 )ਕੱਟੇ ਗਰਭ ਜੂਨ ਅੰਦਰ ,ਨੱਕ ਰਗੜਕੇ ਭੁੱਲ ਬਖਸ਼ਾਈ ਸੀ ਮੈਂ
ਮਸਾਂ ਸੰਨ ਸੰਤਾਲੀ ਦੀ ਪੰਦਰਾਂ ਨੂੰ , ਪਰਮ ਗਤੀ ਪਦਵੀ ਜਾਕੇ ਪਾਈ ਸੀ ਮੈਂ

ਜਦੋਂ ਆਈ ਮੈਂ ਸਾਰੇ ਦੇਸ਼ ਅੰਦਰ ,ਘਰ ਘਰ ਮੇਰੀ ਪੂਜਾ ਹੋਣ ਲਗ ਪਈ
ਰਾਜ ਭਾਗ ਹੁਣ ਖੌਰੇ ਕਿਧਰ ਗਿਆ, ਮੇਰੀ ਆਤਮਾਂ ਅੰਦਰੋਂ ਰੋਣ ਲਗ ਪਈ
ਲੋਕਾਂ ਵਿੱਚ ਖਹਿ ਈਰਖਾ ਵਧਣ ਲੱਗੀ ,ਕਾਂਜੀ ਦੁਧ ਅੰਦਰ ਤੁਬਕੇ ਚੋਣ ਲਗ ਪਈ
ਪੁੱਠੇ ਦਿਨ ਆ ਗਏ ਪੁੱਠੀ ਮੱਤ ਹੋ ਗਈ ,ਪੁੱਠੀ ਕਲਾ ਇਸ ਦੇਸ਼ ਦੀ ਲਗ ਭੋਨ ਪਈ

ਦੇਸ਼ ਭਗਤ ਅਸਲੀ ਵਿਰਲਾ ਕੋਈ ਕੋਈ ,ਦੇਸ਼ ਭਗਤ ਬਹੁਤੇ ਬੋਗਸ ਬਣੇ ਹੋਏ ਨੇ
ਵਿਰਲਾ ਮਾਈ ਦਾ ਲਾਲ ਹੈ ਕਿਤੇ ਕੋਈ , ਬਹੁਤੇ ਸੰਨ ਸੰਤਾਲੀ ਦੇ ਜਣੇ ਹੋਏ ਨੇ

ਹੁੰਦਾ ਗਿਆ ਇਖਲਾਕ ਦਾ ਸਿਰ ਨੀਵਾਂ ,ਗੰਦੇ ਤਵੇ ਲਾ ਲਾ ਕੇ ਪ੍ਰਚਾਰ ਵਧਿਆ
ਭੁੱਬਾਂ ਮਾਰ ਕੇ ਸਭਿਅਤਾ ਰੋ ਉੱਠੀ , ਥਾਂ ਥਾਂ ਤੇ ਜਦੋਂ ਵਿਭਚਾਰ ਵਧਿਆ
ਨਿਘਰ ਗਈ ਭਲਮਾਨਸੀ ਸ਼ਰਮ ਖਾਕੇ , ਲੁਚਪੁਣੇ ਦਾ ਜਦੋਂ ਵੱਕਾਰ ਵਧਿਆ
ਦੇਸ਼ ਭਗਤ ਦਾ ਮਾਣ ਸਤਿਕਾਰ ਘਟਿਆ ,ਕੌਮ ਘਾਤੀ ਦਾ ਜ਼ੋਰ ਬਲਕਾਰ ਵਧਿਆ

ਚੰਗੇ ਸਮੇਂ ਦੇ ਜਾਪਦੇ ਨਹੀਂ ਲਛਣ , ਮੇਰੇ ਬਚਨ ਦਾ ਜਾਪਦਾ ਲ੍ਲ੍ਹ ਕੋਈ ਨਹੀਂ
ਤੂੰ ਵੀ ਜੋਤਸ਼ੀ ਏ ਕੋਈ ਮਾਰ ਟੇਵਾ , ਤੇਰੇ ਜਿਹੇ ਵਰਗੇ ਅੱਗੇ ਗੱਲ ਕੋਈ ਨਹੀਂ

ਅਗੋਂ ਕਿਹਾ ਮੈਂ ਛੱਬੀ ਜਨਵਰੀ ਨੀ , ਭਾਰਤ ਵਿੱਚ ਮਿਲ ਗਈ ਉੱਚੀ ਥਾਂ ਤੈਨੂੰ
ਜੰਮੀ ਤੂੰ ਸ਼ਹੀਦਾਂ ਦੇ ਸਿਰ ਸਦਕਾ , ਅਮਰ ਕੀਤਾ ਸ਼ਹੀਦਾ ਦੇ ਨਾਂ ਤੈਨੂੰ
ਉੱਚੀ ਅੰਬਰਾਂ ਤੋਂ ਹੋਊ ਸ਼ਾਨ ਤੇਰੀ , ਸਦਾ ਰਹੇ ਤਿਰੰਗੇ ਦੀ ਛਾਂ ਤੈਨੂੰ
ਫੁੱਲਾਂ ਵਾਂਗ ਹਮੇਸ਼ਾ ਤੂੰ ਮਹਿਕਦੀ ਰਹਿ,ਗਲ ਦੇ ਨਾਲ ਲਾਇਆ ਭਾਰਤ ਮਾਂ ਤੈਨੂੰ

ਕਾਣੀ ਅੱਖ ਵੇਖੇ ਤੇਰੇ ਵੱਲ ਜਿਹੜਾ , ਜੜ ਮੇਖ ਉਹਦੀ ਫੜ ਕੇ ਪੁੱਟ ਦੇਵਾਂ
ਤੂੰਬਾ ਤੂੰਬਾ ਸਰੀਰ ਦਾ ਪਿੰਜ ਉਹਦਾ, ਲਾਸ਼ ਕੁੱਤਿਆਂ ਦੇ ਅੱਗੇ ਸੁੱਟ ਦੇਵਾਂ

ਲੋਕੀਂ ਆਖਦੇ ਬੜੀ ਬਲਵਾਨ ਕੁਦਰਤ , ਡੰਡੇ ਨਾਲ ਅੱਗੇ ਲਾਕੇ ਹਿੱਕਦੀ ਏ
ਕਾਇਨਾਤ ਸਾਰੀ ਉੱਤੇ ਰੋਹਬ ਪਾਕੇ , ਅਣਖਦਾਰ ਬੈਠੀ ਲੇਖ ਲਿਖਦੀ ਏ
ਅਪ੍ਰੈਲ ਤੇਰਾਂ ਵਿਸਾਖੀ ਤੋਂ ਹਾੜ ਤੀਕਰ , ਕਣਕ ਤੇਰਾਂ ਸਾਢੇ ਤੇਰਾਂ ਵਿਕਦੀ ਏ
ਅਗਸਤ ਪੰਦਰਾਂ ਨੂੰ ਕਣਕ ਪੰਦਰਾਂ ਏ , ਛੱਬੀ ਜਨਵਰੀ ਨੂੰ ਛੱਬੀ ਵਿਕਦੀ ਏ

ਕਿਤੇ ਸ਼ਿਖਰ ਅਸਮਾਨ ਤੇ ਚਾੜ੍ਹਦੀ ਏ , ਕਿਤੇ ਜੜ੍ਹ ਪਤਾਲ ਚੋਂ ਪੁੱਟਦੀ ਏ
ਸਦਾ ਫੁੱਲਾਂ ਦੀ ਵਾਸ਼ਨਾ ਸੁੰਘਦੀ ਏ , ਪਈ ਐਸ਼ ਜਹਾਨ ਤੇ ਲੁੱਟਦੀ ਏ

ਅੱਜ ਅੰਬਰੋਂ ਹੋਈ ਆਕਾਸ਼ਬਾਣੀ, ਭਾਰਤ ਮਾਂ ਦੇ ਪੁੱਤਰੋ ਰਲੋ ਸਾਰੇ
ਆਪਸ ਵਿੱਚ ਦੀ ਪ੍ਰੇਮ ਪਿਆਰ ਪਾਕੇ ,ਕਦਮ ਕਦਮ ਅੱਗੇ ਵਧੀ ਚੱਲੋ ਸਾਰੇ
ਭਾਰਤ ਮਾਂ ਦੀ ਅਣਖ ਤੇ ਧਰਮ ਸਾਰੇ , ਸਦਾ ਪਾਲਦੇ ਰਹੋ ਤੇ ਪਲੋ ਸਾਰੇ
ਕੌੜੀ ਵੇਲ ਵਾਂਗ ਸਦਾ ਵਧ ਫੁੱਲੋ , ਦੁਧੀ ਨਹਾਓ ਤੇ ਪੁੱਤਰੀ ਫਲੋ ਸਾਰੇ

ਖੁਸ਼ੀਆਂ ਨਾਲ ਸਦਾ ਹੀ ਮਹਿਕਦੇ ਰਹੋ ,ਇੱਜਤ ਆਬਰੂ ਦੂਨ ਸਵਾਈ ਹੋਵੇ
ਛੱਬੀ ਜਨਵਰੀ ਦੀ ਸਾਰੇ ਸਾਥੀਆਂ ਨੂੰ , ਲੱਖ ਲੱਖ ਵਧਾਈ ਵਧਾਈ ਹੋ

No comments:

Post a Comment