ਮਾਂ ਦੀ ਮਮਤਾ \ ਇੰਦਰਜੀਤ ਕਮਲ - Inderjeet Kamal

Latest

Friday, 8 February 2019

ਮਾਂ ਦੀ ਮਮਤਾ \ ਇੰਦਰਜੀਤ ਕਮਲ

ਥੋੜੇ ਦਿਨ ਪਹਿਲਾਂ ਮੈਂ ਆਪਣੇ ਕਲੀਨਿਕ ਦੇ ਨੇੜੇ ਇੱਕ ਖੰਡਰ ਬਣੀ ਦੁਕਾਨ ਦੇ ਸ਼ਟਰ ਥੱਲਿਓਂ ਇੱਕ ਚਿੱਟੀ ਕਾਲੀ ਕੁੱਤੀ ਬੜੀ ਮੁਸ਼ਕਿਲ ਨਾਲ ਨਿਕਲਦੀ ਵੇਖੀ, ਜਿਹਦੀ ਅਗਲੀ ਇੱਕ ਲੱਤ ਕਾਫੀ ਜ਼ਖਮੀ ਸੀ ਅਤੇ ਉਹਨੂੰ ਚੁੱਕਕੇ ਤੁਰਦੀ ਸੀ ਅਤੇ ਬਹੁਤ ਹੀ ਕਮਜ਼ੋਰ ਸੀ ! ਬਾਅਦ ਵਿੱਚ ਦੁਪਹਿਰ ਦੇ ਵਕਤ ਮੈਂ ਵੇਖਿਆ ਕਿ ਤਿੰਨ ਬਹੁਤ ਹੀ ਪਿਆਰੇ ਗੋਲਮੋਲ ਕਤੂਰੇ ( ਦੋ ਬਿਲਕੁਲ ਚਿੱਟੇ ਅਤੇ ਇੱਕ ਬਿਲਕੁਲ ਕਾਲਾ ) ਉਹਨੂੰ ਚੁੰਘ ਰਹੇ ਸਨ ,ਮੈਨੂੰ ਸਮਝਦਿਆਂ ਦੇਰ ਨਾ ਲੱਗੀ ਕਿ ਇਹਦੇ ਬੱਚੇ ਠੰਡ ਤੋਂ ਬਚਨ ਲਈ ਸ਼ਟਰ ਹੇਠਲੀ ਥੋੜੀ ਜਿਹੀ ਥਾਂ ਵਿੱਚੋਂ ਆਸਾਨੀ ਨਾਲ ਅੰਦਰ ਚਲੇ ਗਏ ਅਤੇ ਮਾਂ ਦੀ ਮਮਤਾ ਵੀ ਉਹਨੂੰ ਔਖੀ ਸੌਖੀ ਹੁੰਦੀ ਅੰਦਰ ਜਾਣ ਲਈ ਹਿੰਮਤ ਦੇ ਗਈ ! #KamalDiKalam 
ਇਹ ਸਾਰਾ ਦ੍ਰਿਸ਼ ਵੇਖਕੇ ਮੈਂ ਆਪਣੇ ਮਾਤਾਜੀ ਦੀ ਗੱਲ ਯਾਦ ਆ ਗਈ ! ਉਹ ਰੋਜ਼ ਸਭ ਤੋਂ ਪਹਿਲਾਂ ਇੱਕ ਰੋਟੀ ਬਣਾਕੇ ਅੱਲਗ ਰੱਖ ਲੈਂਦੇ ਸਨ ! ਇੱਕ ਦਿਨ ਉਹ ਰੋਟੀ ਲੈਕੇ ਬਾਹਰ ਨੂੰ ਚੱਲੇ ਤਾਂ ਮੈਂ ਵੀ ਉਹਨਾਂ ਦੇ ਨਾਲ ਚੱਲ ਪਿਆ | ਉਹਨਾਂ ਮੈਨੂੰ ਦੱਸਿਆ ਕਿ ਇਹ ਰੋਟੀ ਕੁੱਤੇ ਵਾਸਤੇ ਬਣਾਈ ਹੈ | ਰਸਤੇ ਵਿੱਚ ਇੱਕ ਕੁੱਤਾ ਮਿਲਿਆ ਤਾਂ ਮੈਂ ਮਾਤਾ ਜੀ ਨੂੰ ਕਿਹਾ ' ਆ ਗਿਆ ਕੁੱਤਾ ,ਪਾ ਦਿਓ ਰੋਟੀ |' ਪਰ ਮਾਤਾ ਜੀ ਨੇ ਨਹੀਂ ਪਾਈ ਅਤੇ ਅੱਗੇ ਚੱਲ ਪਏ ! ਅੱਗੇ ਇੱਕ ਬਰਾਂਡੇ ਨੇੜੇ ਪਹੁੰਚੇ ਤਾਂ ਇੱਕ ਕੁੱਤੀ ਪੂਛ ਹਿਲਾਉਂਦੀ ਭੱਜੀ ਆਈ ,ਮਾਤਾ ਜੀ ਨੇ ਉਹਨੂੰ ਰੋਟੀ ਪਾ ਦਿੱਤੀ ਅਤੇ ਉਹ ਲੈਕੇ ਚਲੀ ਗਈ ! ਮਾਤਾ ਜੀ ਨੇ ਮੈਨੂੰ ਦੱਸਿਆ ਕਿ ਰੋਟੀ ਦੀ ਅਸਲੀ ਹੱਕਦਾਰ ਇਹ ਹੈ ਕਿਓਂਕਿ ਇਹ ਨਿੱਕੇ ਨਿੱਕੇ ਬੱਚਿਆਂ ਵਾਲੀ ਹੈ ਅਤੇ ਇਹਨਾਂ ਨੂੰ ਛੱਡਕੇ ਖੁਰਾਕ ਦੀ ਖੋਜ ਲਈ ਇਧਰ ਉਧਰ ਨਹੀਂ ਜਾ ਸਕਦੀ ! ਉਸ ਤੋਂ ਬਾਅਦ ਉਹਦੀ ਸੇਵਾ ਮੈਂ ਆਪਣੇ ਹੱਥੀ ਕਰਨੀ ਸ਼ੁਰੂ ਕਰ ਦਿੱਤੀ !
ਸਵੇਰੇ ਘਰੋਂ ਕਲੀਨਿਕ ਆਉਣ ਲੱਗਿਆਂ ਮੈਂ ਦੋ ਰੋਟੀਆਂ ਬਣਵਾਕੇ ਲੈ ਆਇਆ ਅਤੇ ਉਸ ਕੁੱਤੀ ਨੂੰ ਪਾਈਆਂ , ਪਰ ਉਹ ਸੁੰਘਕੇ ਦੂਸਰੇ ਪਾਸੇ ਚਲੀ ਗਈ | ਮੈਨੂੰ ਉਹਦੀ ਹਰਕਤ ਵੇਖਕੇ ਬੜੀ ਹੈਰਾਨੀ ਹੋਈ ਪਰ ਮੈਂ ਮਰੀਜ਼ਾਂ ਵਿੱਚ ਰੁੱਝ ਗਿਆ ! ਕੁਝ ਦੇਰ ਬਾਅਦ ਵੇਖਿਆ ਤਾਂ ਉਥੇ ਰੋਟੀਆਂ ਨਹੀਂ ਸਨ , ਮੈਂ ਸਮਝ ਗਿਆ ਕਿ ਕੋਈ ਹੋਰ ਜਾਨਵਰ ਖਾ ਗਿਆ ਹੋਏਗਾ !
ਉਸ ਬਹੁਤ ਹੀ ਕਮਜ਼ੋਰ ਜਿਹੀ ਮਾਂ ਦਾ ਦੁੱਧ ਚੁੰਘ ਰਹੇ ਕਤੂਰੇ ਵੇਖਕੇ ਮੈਨੂੰ ਟਿਕਾਅ ਨਾ ਹੋਇਆ | ਦੁਪਹਿਰ ਦੇ ਖਾਣੇ ਤੋਂ ਵਾਪਸ ਆਉਣ ਲੱਗਿਆਂ ਮੇਰੀ ਘਰਵਾਲੀ ਨੇ ਰੋਟੀ ਲੈਕੇ ਜਾਣ ਬਾਰੇ ਪੁੱਛਿਆ ਪਰ ਮੈਂ ਨਾਂਹ ਕਰ ਦਿੱਤੀ ਕਿ ਉਹਨੇ ਪਹਿਲੀ ਤਾਂ ਖਾਧੀ ਨਹੀਂ ! ਰਸਤੇ ਵਿੱਚ ਮੈਂ ਇੱਕ ਮੁਰਗਿਆਂ ਵਾਲੇ ਕੋਲ ਰੁਕਿਆ ਅਤੇ ਉਹਨੂੰ ਸਾਰੀ ਗੱਲ ਦੱਸ ਕੇ ਇਹੋ ਜਿਹਾ ਪਾਈਆ ਕੁ ਮਾਸ ਮੰਗਿਆ ਜੋ ਉਹ ਕੁੱਤੀ ਖਾ ਸਕੇ | ਉਹਨੇ ਮਾਸ ਦੇ ਨਾਲ ਆਪਣੇ ਵੱਲੋਂ ਕੁਝ ਨਾੜਾਂ ਵੀ ਪਾ ਦਿੱਤੀਆਂ ! ਉਹ ਲਿਆਕੇ ਕੁੱਤੀ ਨੂੰ ਪੁਚਕਾਰਿਆ ਅਤੇ ਸਾਰਾ ਮਾਸ ਇੱਕ ਸਾਫ ਜਿਹੀ ਥਾਂ ਉੱਤੇ ਢੇਰੀ ਕਰ ਦਿੱਤਾ | ਉਹਨੇ ਸੁੰਘਿਆ ਅਤੇ ਛੱਡਕੇ ਨਾਲ ਵਾਲੀ ਗਲੀ ਵੱਲ ਚਲੀ ਗਈ ਅਤੇ ਛੇਤੀ ਹੀ ਆਕੇ ਦੂਸਰੀ ਗਲੀ ਵੱਲ ਬੜੇ ਗਹੁ ਨਾਲ ਵੇਖਣ ਤੋਂ ਬਾਅਦ ਫਿਰ ਵਾਪਸ ਆਈ ਅਤੇ ਪਏ ਮਾਸ ਨੂੰ ਮੂੰਹ ਨਾਲ ਖਿਲਾਰ ਦਿੱਤਾ ! ਮੈਂ ਆਪਣੇ ਦੋਸਤ ਹਰਭਜਨ ਨਾਲ ਉੱਥੇ ਖੜ੍ਹਾ ਕੁੱਤੀ ਦੀਆਂ ਹਰਕਤਾਂ ਵਿੰਹਦਾ ਰਿਹਾ | ਉਹਨੇ ਮਾਸ ਵਿੱਚੋਂ ਨਾੜਾਂ ਇੱਕ ਪਾਸੇ ਕੀਤੀਆਂ ਅਤੇ ਉਹਨਾਂ ਦਾ ਬੁਰਕ ਭਰਕੇ ਚਲੀ ਗਈ ਅਤੇ ਕੁਝ ਕੁ ਕਦਮਾਂ ਉੱਤੇ ਖੇਡ ਰਹੇ ਆਪਣੇ ਬੱਚਿਆਂ ਅੱਗੇ ਢੇਰੀ ਕਰ ਆਈ ! ਬੱਚੇ ਬੜੇ ਮਜ਼ੇ ਨਾਲ ਨਾੜਾਂ ਖਾਣ ਲੱਗ ਪਏ ! ਅਸੀਂ ਦੋਹਾਂ ਦੋਸਤਾਂ ਨੇ ਗੱਲਬਾਤ ਕਰਕੇ ਇਹ ਨਤੀਜਾ ਕੱਢਿਆ ਕਿ ਉਹ ਨਾਲ ਵਾਲੀਆਂ ਗਲੀਆਂ ਵਿੱਚ ਇਹ ਤਸੱਲੀ ਕਰਨ ਗਈ ਸੀ ਕਿ ਬੱਚਿਆਂ ਵਾਸਤੇ ਖੁਰਾਕ ਲੈਕੇ ਜਾਣ ਮਗਰੋਂ ਕੋਈ ਹੋਰ ਸ਼ਿਕਾਰੀ ਤਾਂ ਉਹਦਾ ਹੱਕ ਨਹੀਂ ਖਾ ਜਾਏਗਾ ? ਸੰਤੁਸ਼ਟੀ ਹੋਣ ਤੇ ਹੀ ਉਹਨੇ ਅਗਲੀ ਕਾਰਵਾਈ ਕੀਤੀ ! ਅਸੀਂ ਵੀ ਉਹਦੀ ਖੁਰਾਕ ਦੀ ਰਾਖੀ ਲਈ ਦੋਵੇਂ ਦੋਸਤ ਉੱਥੇ ਹੀ ਡਟੇ ਰਹੇ ! ਮੈਂ ਸਮਝ ਗਿਆ ਕਿ ਸ਼ਾਇਦ ਸਵੇਰ ਵੇਲੇ ਵੀ ਰੋਟੀ ਸੁੰਘ ਕੇ ਚਲੇ ਜਾਣ ਦਾ ਉਹਦਾ ਹੁਣ ਵਾਲਾ ਹੀ ਮਕਸਦ ਹੋਏਗਾ ! 
ਅਗਲੇ ਦਿਨ ਫਿਰ ਉਹਦੇ ਵਾਸਤੇ ਖੁਰਾਕ ਲਿਆਂਦੀ ,ਪਰ ਉਹਦੇ ਦੋ ਚਿੱਟੇ ਬੱਚੇ ਗਾਇਬ ਸਨ ,ਜਿਸ ਕਾਰਨ ਉਹ ਬੜੀ ਉਦਾਸ ਲੱਗ ਰਹੀ ਸੀ ! ਅਗਲੇ ਦਿਨ ਜਦੋਂ ਮੈਂ ਆਇਆ ਤਾਂ ਉਹ ਚੂੰ ਚੂੰ ਕਰਦੀ ਅਤੇ ਜ਼ੋਰ ਜ਼ੋਰ ਦੀ ਸੁੰਘੜੀ ਲੰਗੜਾਉਂਦੀ ਹੋਈ ਇਧਰ ਉਧਰ ਭੱਜ ਰਹੀ ਸੀ , ਉਹਦਾ ਤੀਸਰਾ ਬੱਚਾ ਵੀ ਕੋਈ ਚੁੱਕ ਕੇ ਲੈ ਗਿਆ ਸੀ ! ਉਹਨੇ ਦੁਪਹਿਰ ਤੱਕ ਕੁਝ ਨਾ ਖਾਧਾ ਅਤੇ ਰੋਂਦੀ ਹੀ ਰਹੀ ,ਫਿਰ ਪਤਾ ਨਹੀਂ ਕਿੱਧਰ ਚਲੀ ਗਈ ! 
ਦੋ ਕੁ ਦਿਨ ਪਤਾ ਨਹੀਂ ਕਿੱਥੇ ਘੁੰਮਾਘੁਮਾ ਕੇ ਨਿਰਾਸ਼ ਹੋਕੇ ਗੁੱਚਮੁੱਛਾ ਜਿਹਾ ਹੋਕੇ ਬੈਠ ਗਈ ਅਤੇ ਕੋਈ ਬਿੜਕ ਸੁਣਕੇ ਅੱਖਾਂ ਖੋਲ੍ਹ ਕੇ ਵੇਖ ਲੈਂਦੀ ਹੈ , ਪਰ ਉਹਦੇ ਵਾਸਤੇ ਕਿਤੇ ਕੁਝ ਨਹੀਂ !

No comments:

Post a Comment