ਮੋਹ ਦਾ ਮਾਰਿਆ \ ਇੰਦਰਜੀਤ ਕਮਲ - Inderjeet Kamal

Latest

Friday, 6 November 2015

ਮੋਹ ਦਾ ਮਾਰਿਆ \ ਇੰਦਰਜੀਤ ਕਮਲ


ਕੁਝ ਦਿਨ ਪਹਿਲਾਂ ਇੱਕ 35-38 ਸਾਲ ਦੇ ਨੌਜਵਾਨ ਨੂੰ ਮੇਰੇ ਕੋਲ ਲੈਕੇ ਆਏ ਜਿਹਨੇ ਠੀਕਠਾਕ ਮੌਸਮ ਵਿੱਚ ਵੀ ਲੋਈ ਦੀ ਬੁੱਕਲ ਮਾਰੀ ਹੋਈ ਸੀ | ਉਹਦੇ ਨਾਲ ਇੱਕ ਬਜੁਰਗ ਔਰਤ ਤੇ ਦੋ ਆਦਮੀ ਸਨ, ਜੋ ਉਹਨੂੰ ਦੋਹਾਂ ਬਾਹਾਂ ਤੋਂ ਫੜਕੇ ਲਿਆਏ ਸਨ | ‪#‎KamalDiKalam‬
ਬਜੁਰਗ ਔਰਤ ਨੇ ਦੱਸਿਆ ਕਿ ਉਹ ਪਿਪਲੀ ਤੋਂ ਆਏ ਹਨ ਤੇ ਮਰੀਜ਼ ਉਹਦਾ ਪੁੱਤਰ ਹੈ , ਜਿਹਦਾ ਦਿਮਾਗ ਖਰਾਬ ਹੈ | ਮੈਂ ਆਪਣੇ ਨੇੜੇ ਕੁਰਸੀ ਤੇ ਬੈਠੇ ਮਰੀਜ਼ ਵੱਲ ਝਾਤੀ ਮਾਰੀ , ਉਹ ਬੜਾ ਸ਼ਾਂਤ ਜਿਹਾ ਬੈਠਾ ਸੀ ਤੇ ਮੈਨੂੰ ਉਹਦੇ ਵਿੱਚ ਪਾਗਲਾਂ ਵਾਲੀ ਕੋਈ ਗੱਲ ਨਾ ਲੱਗੀ |
ਬਜੁਰਗ ਔਰਤ ਨੇ ਦੱਸਿਆ ਕਿ ਉਹ ਇਲਾਕੇ ਭਰ ਦੇ ਬਾਬਿਆਂ ਕੋਲ ਧੱਕੇ ਖਾ ਆਏ ਹਨ ਤੇ ਹਸਪਤਾਲਾਂ ਵਿੱਚ ਵੀ | ਬਾਬੇ ਕਹਿੰਦੇ ਨੇ ਕਿਸੇ ਆਤਮਾ ਨੇ ਘੇਰਿਆ ਹੈ ਤੇ ਡਾਕਟਰ ਕਹਿੰਦੇ ਨੇ ਪਾਗਲ ਹੈ |
ਮੈਂ ਮਰੀਜ਼ ਨੂੰ ਸਵਾਲ ਕਰਨ ਲੱਗਾ ਤਾਂ ਉਹਦੀ ਮਾਂ ਨੇ ਕਿਹਾ," ਇਹਨੂੰ ਕੀ ਪੁੱਛਦੇ ਹੋ ਇਹ ਤਾਂ ਪਾਗਲ ਹੈ | ਅੱਧੀ ਅੱਧੀ ਰਾਤ ਨੂੰ ਉਠਕੇ ਤੁਰ ਪੈਂਦਾ ਏ , ਫੜ ਕੇ ਲਿਆਉਣਾ ਪੈਂਦਾ ਏ |"
ਮੈਂ ਬਜੁਰਗ ਔਰਤ ਨੂੰ ਚੁੱਪ ਰਹਿਣ ਦਾ ਕਹਿਕੇ ਮਰੀਜ਼ ਨੂੰ ਪੁੱਛਿਆ ," ਤੇਰਾ ਨਾਂ ਕੀ ਏ ?"
'" ਸੇਵਾ ਰਾਮ " ਉਹਨੇ ਬੜੇ ਆਰਾਮ ਨਾਲ ਜਵਾਬ ਦਿੱਤਾ | 
" ਤੈਨੂੰ ਕੀ ਹੋਇਆ ਏ ?" ਮੈਂ ਦੂਜਾ ਸਵਾਲ ਕੀਤਾ |
" ਮੇਰਾ ਦਿਮਾਗ ਖਰਾਬ ਏ |" ਉਹਦੇ ਜਵਾਬ ਚ ਭੋਲਾਪਣ ਸੀ |
" ਪਰ ਮੈਂਨੂੰ ਤੇ ਨਹੀਂ ਲਗਦਾ !" ਮੈਂ ਉਲਟਾ ਜਵਾਬ ਦਿੱਤਾ ਤਾਂ ਉਹ ਕਹਿੰਦਾ ," ਸਾਰੇ ਤਾਂ ਕਹਿੰਦੇ ਨੇ ........ ਨਹੀਂ ਤੇ ਫਿਰ ਕੋਈ ਆਤਮਾ ਹੋਊ !!" #kamaldikalam
ਉਹਦੀਆਂ ਗੱਲਾਂ ਵਿਚਲਾ ਭੋਲਾਪਣ ਵੇਖਕੇ ਮੈਨੂੰ ਉਹਦੇ 'ਤੇ ਤਰਸ ਜਿਹਾ ਵੀ ਆਇਆ |
ਮੈਂ ਕੁਝ ਹੋਰ ਵੇਰਵਾ ਲੈਣ ਲਈ ਮਰੀਜ਼ ਨੂੰ ਉਹਦੇ ਨਾਲ ਆਏ ਲੋਕਾਂ ਤੋਂ ਅਲੱਗ ਕਰ ਲਿਆ | ਕਾਫੀ ਮਸ਼ੱਕਤ ਤੋਂ ਬਾਦ ਮੈਂ ਉਹਨੂੰ ਥੋੜਾ ਜਿਹਾ ਮਨਾਉਣ ਵਿੱਚ ਕਾਮਯਾਬ ਹੋ ਗਿਆ ਕਿ ਉਹ ਪਾਗਲ ਨਹੀਂ ਹੈ | 
ਜਦੋਂ ਮੈਂ ਉਹਨੂੰ ਪੁੱਛਿਆ ਕਿ ਉਹ ਰਾਤ ਨੂੰ ਉਠਕੇ ਕਿਓਂ ਚੱਲ ਪੈਂਦਾ ਹੈ ਤਾਂ ਉਹਨੇ ਦੱਸਿਆ ਕਿ ਉਹ ਆਪਣੀ ਭੈਣ ਨੂੰ ਮਿਲਣਾ ਚਾਹੁੰਦਾ ਹੈ , ਪਰ ਉਹ ਉਹਨੂੰ ਮਿਲਣਾ ਨਹੀਂ ਚਾਹੁੰਦੀ ਤੇ ਨਫਰਤ ਕਰਦੀ ਹੈ | ਘਰਦੇ ਵੀ ਉਹਨੂੰ ਮਿਲਣ ਨਹੀਂ ਜਾਣ ਦਿੰਦੇ , ਇਸ ਲਈ ਉਹ ਚੋਰੀ ਜਾਣ ਦੀ ਕੋਸ਼ਿਸ਼ ਕਰਦਾ ਹੈ | 
ਖੈਰ ! ਮਰੀਜ਼ ਦੀ ਮਾਂ ਨੇ ਵੀ ਮੰਨਿਆਂ ਕਿ ਉਹਦੀ ਭੈਣ ਉਹਨੂੰ ਮਿਲਣਾ ਪਸੰਦ ਨਹੀਂ ਕਰਦੀ ਕਿਓਂਕਿ ਉਹ ਇੱਕ ਰੱਜੇ ਪੁੱਜੇ ਘਰ ਵਿੱਚ ਹੈ ਤੇ ਇਹ ਗਰੀਬ ਬੱਕਰੀ ਪਾਲਕ ਹੈ | ਹੁਣ ਸਾਰੀ ਗੱਲ ਸਮਝ ਆ ਚੁੱਕੀ ਸੀ ਕਿ ਇਹ ਪਾਗਲ ਨਹੀਂ ਬਲਕਿ ਭੈਣ ਦੇ ਮੋਹ ਤੋਂ ਟੁੱਟਾ ਭਰਾ ਹੈ |
ਮੈਂ ਆਪਣੀ ਸਮਝ ਮੁਤਾਬਕ ਉਹਨੂੰ ਸੰਮੋਹਨ ਕਰਕੇ ਤੇ ਪੂਰਨ ਜਾਗ੍ਰਿਤ ਅਵਸਥਾ ਵਿੱਚ ਵੀ ਸੁਝਾਅ ਦਿੱਤੇ ਜਿਹਨਾਂ ਬਹੁਤ ਹੀ ਵਧੀਆ ਅਸਰ ਨਜਰ ਆਇਆ | ਦੋ ਘੰਟੇ ਦੀ ਮਿਹਨਤ ਤੋਂ ਬਾਦ ਸਾਰਿਆਂ ਦੇ ਚਿਹਰਿਆਂ ਤੇ ਇੱਕ ਆਸ਼ਾਵਾਦੀ ਖੁਸ਼ੀ ਸੀ ਤੇ ਮੈਂ ਉਹਨਾਂ ਨੂੰ ਦੋਬਾਰਾ ਆਉਣ ਦਾ ਵਕਤ ਦੇ ਦਿੱਤਾ, ਕਿਓਂਕਿ ਇਹੋ ਜਿਹੇ ਕੇਸਾਂ ਨੂੰ ਠੀਕ ਹੋਣ ਤੇ ਵਕਤ ਲੱਗਦਾ ਹੈ |

No comments:

Post a Comment