ਕਰਨੀ ਵਾਲੇ ਬਾਬੇ - 2 \ ਇੰਦਰਜੀਤ ਕਮਲ - Inderjeet Kamal

Latest

Saturday, 15 August 2015

ਕਰਨੀ ਵਾਲੇ ਬਾਬੇ - 2 \ ਇੰਦਰਜੀਤ ਕਮਲ


ਮੁੰਡੇ ਨੇ ਦੱਸਿਆ ਕਿ ਉਹਦਾ ਨਾਮ ਜੱਪਣ , ਪੜ੍ਹਣ ਜਾਂ ਕੋਈ ਵੀ ਹੋਰ ਕੰਮ ਕਰਨ ਵਿੱਚ ਬਿਲਕੁਲ ਮਨ ਨਹੀਂ ਲੱਗ ਰਿਹਾ | ਕਈ ਦਿਨ ਤੋਂ ਉਹਨੇ ਰੋਟੀ ਵੀ ਢੰਗ ਨਾਲ ਨਹੀਂ ਖਾਧੀ | ਉਹਦੇ ਦੱਸਣ ਮੁਤਾਬਿਕ ਉਹਨੂੰ ਲਗ ਰਿਹਾ ਸੀ ਕਿ ਉਹ ਕੋਈ ਵੀ ਕੰਮ ਕਰਨ ਦੇ ਕਾਬਿਲ ਨਹੀਂ ਰਿਹਾ | ਉਹਦਾ ਬਾਰ ਬਾਰ ਆਤਮ ਹੱਤਿਆ ਕਰਨ ਨੂੰ ਮਨ ਕਰਦਾ ਹੈ | ਇੱਕ ਵਾਰ ਤਾਂ ਉਹਨੇ ਕੂਲਰ ਦੀ ਤਾਰ ਗਲ ਵਿੱਚ ਪਾਕੇ ਫਾਹਾ ਲੈਣ ਦੀ ਕੋਸ਼ਿਸ਼ ਵੀ ਕੀਤੀ
ਮੁੰਡੇ ਵੱਲੋਂ ਨਾਮ ਨਾਲੋਂ ਨਾਤਾ ਤੋੜਣ ਤੋਂ ਸਾਫ਼ ਇਨਕਾਰ ਕਰਨ ਤੋਂ ਬਾਦ ਉਹਦੇ ਨਾਲ ਲੰਮੀ ਚੌੜੀ ਤਕਰਾਰ ਕਰਕੇ ਇਹ ਫੈਸਲਾ ਹੋਇਆ ਕਿ ਉਹ ਆਪਣੇ ਇਸ ਨਾਮ ਜੱਪਣ ਨੂੰ ਦਿਨ ਵਿੱਚ ਵੀਹ ਮਿੰਟ ਯਾਨੀ ਦਸ ਮਿੰਟ ਸਵੇਰੇ ਤੇ ਦਸ ਮਿੰਟ ਸ਼ਾਮ ਨੂੰ ਦੇਵੇਗਾ ਤੇ ਵੀਹ ਮਿੰਟ ਹੀ ਮੈਂ ਉਹਨੂੰ ਆਪਣੇ ਵਲੋਂ ਦਿੱਤੇ ਕੁਝ ਵਾਕ ਉਚਾਰਨ ਲਈ ਲਗਾਉਣ ਲਈ ਕਿਹਾ | ਮੈਂ ਉਹਨੂੰ ਸਵੇਰੇ ਉਠਦੇ ਹੀ ਤੇ ਰਾਤ ਨੂੰ ਸੌਣ ਵੇਲੇ ਆਪਣੇ ਬਿਸਤਰੇ ਉੱਪਰ ਹੀ ਅੱਖਾਂ ਬੰਦ ਕਰਕੇ ਲੰਮੇ ਪੈਕੇ ਪੰਜ ਵਾਕ ਤਕਰੀਬਨ ਦੋ ਦੋ ਮਿੰਟ ਵਾਸਤੇ ਉਚਾਰਣ ਵਾਸਤੇ ਲਿਖਵਾਏ |
1 . ਮੈਂ ਆਪਣੇ ਮਾਂ-ਬਾਪ ਨੂੰ ਹਮੇਸ਼ਾ ਖੁਸ਼ ਰੱਖਾਂਗਾ ਤਾਂ ਕਿ ਘਰ ਦਾ ਮਾਹੌਲ ਖੁਸ਼ਗਵਾਰ ਰਹੇ |
2 . ਮੈਂ ਹੁਣ ਮਾਨਸਿਕ ਤੌਰ ਤੇ ਹਮੇਸ਼ਾ ਵਾਸਤੇ ਮਜਬੂਤ ਹੋ ਚੁੱਕਾ ਹਾਂ |
3. ਮੈਂ ਆਪਣਾ ਸਾਰਾ ਧਿਆਨ ਆਪਣੀ ਪੜ੍ਹਾਈ ਵਿੱਚ ਲਗਾਵਾਂਗਾ |
4. ਅੱਜ ਤੋਂ ਮੇਰੀ ਭੁੱਖ ਪਿਆਸ ਤੇ ਨੀਂਦ ਬਿਲਕੁਲ ਠੀਕ ਹੋ ਚੁੱਕੀ ਹੈ , ਮੈਂ ਰੋਜ਼ ਵਕਤ ਸਿਰ ਰੋਟੀ ਖਾਵਾਂਗਾ |
5 . ਹੁਣ ਮੈਂ ਆਪਣਾ ਹਰ ਕੰਮ ਬੜੀ ਆਸਾਨੀ ਤੇ ਲਗਣ ਨਾਲ ਕਰ ਸਕਦਾ ਹਾਂ |
ਦੂਸਰੇ ਦਿਨ ਦੁਪਹਿਰ ਨੂੰ ਮੁੰਡੇ ਦੀ ਮਾਂ ਦਾ ਫੋਨ ਆਇਆ ਕਿ ਉਹ ਕਾਲਜ ਛੱਡ ਕੇ ਘਰ ਆ ਗਿਆ ਹੈ ਤੇ ਬਹੁਤ ਘਬਰਾਇਆ ਹੋਇਆ ਹੈ | ਮੈਂ ਉਹਨਾਂ ਨੂੰ ਸਲਾਹ ਦਿੱਤੀ ਕਿ ਮੁੰਡੇ ਨੂੰ ਗਲ ਨਾਲ ਲਗਾਕੇ ਪਿਆਰ ਕਰੋ ਤੇ ਕਾਰਣ ਪੁੱਛੋ , ਪਰ ਉਹ ਖੁਦ ਡਰੀ ਹੋਈ ਸੀ | ਮੈਂ ਉਹਨੂੰ ਕਿਹਾ ਕਿ ਤੁਹਾਨੂੰ ਇੱਕ ਗੱਲ ਦੀ ਖੁਸ਼ੀ ਹੋਣੀ ਚਾਹੀਦੀ ਹੈ ਕਿ ਮੁੰਡਾ ਕਿਸੇ ਗਲਤ ਰਸਤੇ ਤੇ ਜਾਣ ਦੀ ਥਾਂ ਸਿੱਧਾ ਘਰ ਆਇਆ ਹੈ |ਕਿਸੇ ਕਿਸਮ ਦੀ ਚਿੰਤਾ ਕਰਨ ਦੀ ਥਾਂ ਮੁੰਡੇ ਨੂੰ ਪਿਆਰ ਨਾਲ ਕੁਝ ਨਾ ਕੁਝ ਖਾਣ ਨੂੰ ਦਿਓ |
ਸ਼ਾਮ ਨੂੰ ਜਦੋਂ ਮੁੰਡੇ ਨੂੰ ਮੇਰੇ ਕੋਲ ਲੈਕੇ ਆਏ ਤਾਂ ਉਹਦੇ ਪਿਤਾ ਨੇ ਦੱਸਿਆ ਕਿ ਉਹਨੇ ਉਹਨਾਂ ਨੂੰ ਰਸਤੇ ਵਿੱਚ ਦੱਸਿਆ ਕਿ ਉਹਨੇ ਡਾਕਟਰ ਤੋਂ ਪਿੱਛਾ ਛੁਡਾਉਣ ਵਾਸਤੇ ਝੂਠ ਬੋਲਿਆ ਸੀ ਕਿ ਉਹ ਲਿਖੇ ਹੋਏ ਵਾਕ ਉਚਾਰੇਗਾ , ਪਰ ਉਹਨੇ ਕੁਝ ਨਹੀਂ ਕੀਤਾ |
ਮੁੰਡੇ ਨੇ ਆਉਂਦਿਆਂ ਹੀ ਗੱਲਾਂ ਕਰਦੇ ਕਰਦੇ ਕਹਿ ਦਿੱਤਾ ਕਿ ਉਹਦੇ ਗੁਰੂ ਜੀ ਸਭ ਕੁਝ ਕਰ ਸਕਦੇ ਹਨ | ਮੈਂ ਕਿਹਾ," ਫਿਰ ਤੁਸੀਂ ਹੁਣ ਤੱਕ ਉਹਨਾਂ ਕੋਲ ਕਿਓਂ ਨਹੀਂ ਗਏ ? ਉਂਝ ਵੀ ਫਿਲਮਾਂ ਵਿੱਚ ਤਾਂ ਇੱਕ ਮਾੜੂਆ ਜਿਹਾ ਬੰਦਾ ਵੀ ਫੂਕ ਮਾਰਕੇ ਦਸ ਬੰਦਿਆਂ ਨੂੰ ਧੂਲ ਚੱਟਣ ਲਗਾ ਸਕਦਾ ਹੈ ਤੇ ਡਾਕਟਰਾਂ ਵੱਲੋਂ ਕਈ ਮਹੀਨਿਆਂ ਵਿੱਚ ਠੀਕ ਨਾ ਹੋਣ ਵਾਲੇ ਮਰੀਜ਼ ਨੂੰ ਚਮਤਕਾਰੀ ਬਾਬੇ ਆਸ਼ੀਰਵਾਦ ਦੇਕੇ ਝੱਟ ਠੀਕ ਕਰ ਦਿੰਦੇ ਨੇ |" ਮੈਨੂੰ ਪਤਾ ਸੀ ਮੇਰੇ ਇਹ ਬੋਲ ਉਹਨੂੰ ਅੰਦਰ ਤੱਕ ਹੀਲਾ ਦੇਣਗੇ ਪਰ ਉਹਨੂੰ ਇੱਕ ਭਰਮ ਚੋਂ ਕਢਣ ਲਈ ਕਿਸੇ ਨਾ ਕਿਸੇ ਵੇਲੇ ਇਹ ਗੱਲਾਂ ਹੋਣੀਆਂ ਹੀ ਸਨ |
ਹੁਣ ਮੈਨੂੰ ਕੁਝ ਸਖਤ ਹੋਣ ਦੀ ਲੋੜ ਪਈ | ਮੈਂ ਕਿਹਾ ," ਤੇਰੇ ਗੁਰੂ ਨੇ ਇਹ ਸਿਖਾਇਆ ਹੈ ਕਿ ਝੂਠ ਬੋਲੋ , ਮਾਂ ਬਾਪ ਦੀ ਇੱਜਤ ਨਾ ਕਰੋ , ਘਰ ਦਿਆਂ ਨੂੰ ਤੰਗ ਪਰੇਸ਼ਾਨ ਕਰਕੇ ਰੋਣ ਕੁਰਲਾਉਣ ਲਈ ਤੇ ਦਰ ਦਰ ਭਟਕਣ ਲਈ ਮਜਬੂਰ ਕਰੋ ?" 
ਉਹ ਚੁੱਪ ਸੀ |ਮੈਂ ਕਿਹਾ ," ਇਹਦਾ ਮਤਲਬ ਤੂੰ ਕਿਸੇ ਗੁਰੂ ਗਰੂ ਨੂੰ ਨਹੀਂ ਮੰਨਦਾ , ਬੱਸ ਨਾਟਕ ਕਰਦਾ ਏਂ , ਜਾਂ ਤੇਰਾ ਗੁਰੂ ਤੈਨੂੰ ਇਹੋ ਕੁਝ ਸਿਖਾਉਂਦਾ ਏ |"
ਉਹਨੂੰ ਅੰਦਰ ਤੱਕ ਹਿਲਾਉਣ ਲਈ ਮੈਂ ਹੋਰ ਵੀ ਬਹੁਤ ਕੁਝ ਕਿਹਾ ਤੇ ਅਖੀਰ ਉਹ ਫੁੱਟ ਪਿਆ | ਹੁਣ ਉਹਨੇ ਆਪਣੇ ਗੁਰੂ ਦੀ ਸੰਹੁ ਖਾਕੇ ਕਿਹਾ ਕਿ ਉਹ ਠੀਕ ਹੋਣ ਲਈ ਮੇਰੀ ਹਰ ਗੱਲ ਦਾ ਪਾਲਣ ਕਰੇਗਾ | ਮੈਂ ਦੁਬਾਰਾ ਉਹਨੂੰ ਉਹੀ ਕੁਝ ਦੁਹਰਾਉਣ ਲਈ ਕਿਹਾ ਤੇ ਘਰ ਭੇਜ ਦਿੱਤਾ |

No comments:

Post a Comment