ਸੰਮੋਹਨ ਇੱਕ ਬਹੁਤ ਹੀ ਵਧੀਆ ਕਲਾ ਹੈ ਤੇ ਇਹਦੇ ਰਾਹੀ ਕਈ ਤਰ੍ਹਾਂ ਦੀਆਂ ਮਾਨਸਿਕ ਉਲਝਣਾਂ ਦਾ ਹੱਲ ਕੀਤਾ ਜਾਂਦਾ ਹੈ | ਆਪਣੇ ਉੱਪਰ ਕਿਸੇ ਭੂਤ ਪ੍ਰੇਤ ਜਾਂ ਓਪਰੀ ਕਸਰ ਦੇ ਅਸਰ ਦਾ ਵਹਿਮ ਪਾਲਣ ਵਾਲੇ ਲੋਕਾਂ ਉੱਪਰ ਇਹਦਾ ਬਹੁਤ ਵਧੀਆ ਪ੍ਰਭਾਵ ਪੈਂਦਾ ਹੈ ਤੇ ਉਹਨਾ ਨੂੰ ਸੰਮੋਹਨ ਰਾਹੀਂ ਇਹਨਾਂ ਉਲਝਣਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ | ਕਿਸੇ ਕੰਮਜੋਰ ਦਿਲ ਦੇ ਵਿਅਕਤੀ ਨੂੰ ਟੀਕਾ ਲਗਾਉਣ ਵਾਸਤੇ ਵੀ ਇਸਦਾ ਇਸਤੇਮਾਲ ਕੀਤਾ ਜਾ ਸਕਦਾ ਹੈ | ਕਈ ਦੇਸ਼ਾਂ ਵਿੱਚ ਤਾਂ ਇਸ ਕਲਾ ਰਾਹੀਂ ਬਿਨ੍ਹਾਂ ਬੇਹੋਸ਼ੀ ਦੇ ਟੀਕੇ ਤੋਂ ਕਾਮਯਾਬ ਅਪ੍ਰੇਸ਼ਨ ਵੀ ਕੀਤੇ ਜਾਂਦੇ ਹਨ |
ਜਿਸ ਵਿਅਕਤੀ ਨੂੰ ਤੁਸੀਂ ਸੰਮੋਹਿਤ ਕਰਨਾ ਚਾਹੁੰਦੇ ਹੋ ਜਾਂ ਤਾਂ ਉਹਦਾ ਬਹੁਤ ਜਿਆਦਾ ਸਹਿਯੋਗ ਹੋਣਾ ਚਾਹੀਦਾ ਹੈ ਜਾਂ ਉਹਦੇ ਅੰਦਰ ਤੁਹਾਡੇ ਪ੍ਰਤੀ ਬਹੁਤ ਵਿਸ਼ਵਾਸ ਹੋਣਾ ਜ਼ਰੂਰੀ ਹੈ | ਅਗਰ ਕੋਈ ਵਿਅਕਤੀ ਭੂਤ ਪ੍ਰੇਤ ਜਾਂ ਓਪਰੀ ਕਸਰ ਦੇ ਨਾਂ ਤੇ ਘਰਦਿਆਂ ਨੂੰ ਡਰਾਉਣ ਲਈ ਸਿਰਫ ਨਾਟਕ ਹੀ ਕਰਦਾ ਹੈ ਤਾਂ ਉਹਨੂੰ ਸੰਮੋਹਿਤ ਕਰਨਾ ਨਾਮੁਮਕਿਨ ਹੀ ਹੁੰਦਾ ਹੈ , ਕਿਓਂਕਿ ਉਹ ਆਪਣੇ ਨਾਟਕ ਦਾ ਪਰਦਾਫਾਸ਼ ਹੋਣ ਦੇ ਡਰੋਂ ਤੁਹਾਨੂੰ ਸਹਿਯੋਗ ਦੇਵੇਗਾ ਹੀ ਨਹੀਂ |
ਸੰਮੋਹਨ ਬਾਰੇ ਪੜ੍ਹਕੇ ਕਈ ਲੋਕਾਂ ਨੂੰ ਲਗਦਾ ਹੈ ਕਿ ਉਹਨਾਂ ਦੀ ਹਰ ਸਮੱਸਿਆ ਦਾ ਹੱਲ ਸੰਮੋਹਨ ਰਾਹੀਂ ਹੋ ਜਾਏਗਾ , ਪਰ ਐਸਾ ਕੁਝ ਨਹੀਂ ਹੈ |ਹਰ ਹਫਤੇ ਕਈ ਫੋਨ ਆਉਂਦੇ ਹਨ ( ਖਾਸ ਕਰਕੇ ਪੰਜਾਬ ਤੋਂ ) ਕਿ ਉਹਨਾਂ ਦੇ ਘਰ ਦਾ ਕੋਈ ਮੈਂਬਰ ਨਸ਼ਾ ਕਰਕੇ ਪੁੱਠੀਆਂ ਸਿੱਧੀਆਂ ਹਰਕਤਾਂ ਕਰਦਾ ਹੈ ਤੇ ਕਹਿੰਦਾ ਹੈ ਕਿ ਉਹਦੇ ਉੱਪਰ ਕੋਈ ਓਪਰੀ ਸ਼ੈਅ ਦਾ ਅਸਰ ਹੈ ਜੋ ਨਸ਼ਾ ਮੰਗਦੀ ਹੈ | ਉਹ ਕਈ ਤਰ੍ਹਾਂ ਦੀਆਂ ਹਰਕਤਾਂ ਕਰਕੇ ਡਰਾਉਣ ਤੋਂ ਬਾਦ ਘਰ ਵਾਲਿਆਂ ਤੋਂ ਪੈਸੇ ਕਢਵਾ ਲੈਂਦਾ ਹੈ | ਇਹ ਲੋਕ ਮੇਰੇ ਕੋਲੋਂ ਐਸੇ ਵਿਅਕਤੀ ਦਾ ਸੰਮੋਹਨ ਰਾਹੀਂ ਹੱਲ ਚਾਹੁੰਦੇ ਹਨ | ਘਰ ਦੇ ਲੋਕ ਇਹੋ ਜਿਹੇ ਲੋਕਾਂ ਦੀਆਂ ਹਰਕਤਾਂ ਤੋਂ ਤੰਗ ਆਕੇ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹੁੰਦੇ ਹਨ |
ਅਸਲ ਵਿੱਚ ਇਹੋ ਜਿਹੇ ਲੋਕੀਂ ਮਾਨਸਿਕ ਰੋਗੀ ਘੱਟ ਤੇ ਡਰਾਮੇਬਾਜ਼ ਜਿਆਦਾ ਹੁੰਦੇ ਹਨ , ਜੋ ਦਹਿਸ਼ਤ ਨਾਲ ਆਪਣਾ ਉੱਲੂ ਸਿੱਧਾ ਕਰਦੇ ਹਨ |ਇਹੋ ਜਿਹੇ ਲੋਕਾਂ ਉੱਪਰ ਕਈ ਦਿਨ ਰੋਜ਼ ਦਿੱਤੀ ਗਈ ਉਸਾਰੂ ਸਲਾਹ ਮਸ਼ਵਰੇ ( ਕਾਉਂਸਲਿੰਗ ) ਰਾਹੀਂ ਤਾਂ ਅਸਰ ਹੋਣ ਦੀ ਸੰਭਾਵਨਾ ਹੁੰਦੀ ਹੈ ਸੰਮੋਹਨ ਰਾਹੀਂ ਨਹੀਂ |
No comments:
Post a Comment