ਲੈਣਾ ਇੱਕ ਨਾ ਦੇਣੇ ਦੋ - Inderjeet Kamal

Latest

Friday 23 January 2015

ਲੈਣਾ ਇੱਕ ਨਾ ਦੇਣੇ ਦੋ



ਲਓ  ਜੀ ਮੇਰੇ ਪਿਤਾ ਸ਼੍ਰੀ ਬਾਲਮੁਕੰਦ ਸ਼ਰਮਾ ਜੀ ਦੀ ਤਕਰੀਬਨ ਪੰਜ ਦਹਾਕੇ ਪਹਿਲਾਂ  ਲਿਖੀ ਗਈ ਹਾਸਰਸ ਕਵਿਤਾ ਪੇਸ਼ ਹੈ
ਲੈਣਾ ਇੱਕ ਨਾ ਦੇਣੇ  ਦੋ
ਬਾਬੂਆਣੀ   ਕਹਿੰਦੀ  ਕਿਓਂ ਜੀ ਮੇਰਾ ਸੂਟ  ਲਿਆਏ ਜੇ ?
ਪੱਪੀ ਦੀ   ਚੁੰਨੀ  ਚਪਲਾਂ  ਛਿੰਦੇ  ਦੇ    ਬੂਟ  ਲਿਆਏ ਜੇ ?
ਅਗਸਤ ਦੀ ਪੰਦਰਾਂ ਹੋ ਗਈ ਏ ਕੋਈ ਫਲ ਫਰੂਟ ਲਿਆਏ ਜੇ ?
ਕਿ  ਛੱਬੀ  ਜਨਵਰੀ ਵਾਂਗੂੰ ਹੀ ਝੂਠਾਂ ਦਾ ਊਠ ਲਿਆਏ ਜੇ  ?

ਖਾਲੀ   ਹੱਥੀਂ  ਆਇਆਂ     ਮੂੰਹ  ਕੀਤੀ  ਫਿਰਦਾ ਥੱਬੀ ਦਾ
ਝੂਠਾਂ ਦਾ ਲਾਰਾ ਲਾਉਣਾ ਏ ਕਦੀ ਪੰਦਰਾਂ ਦਾ ਕਦੀ ਛੱਬੀ ਦਾ

ਬਾਬੂ  ਅੱਗੋਂ  ਕਹਿਣ   ਲੱਗਾ , ਕੁਦਰਤ   ਦੀ  ਹੇਰਾ ਫੇਰੀ ਏ
ਤਨਖਾਹ ਥੋੜੀ ਤੇ ਖਰਚ ਵਧੇਰਾ ਸੌਂ ਗਈ ਕਿਸਮਤ  ਮੇਰੀ ਏ
ਹਾੜੀ ਦੇ ਉਧਾਰ ਤੇ ਮਿਲਦੀ ਇੱਕ ਗਾਂ ਲਵੇਰੀ 
ਜੇ ਆਖੇਂ ਤਾਂ ਲੈ  ਆਵਾਂ ਦੱਸ   ਕੀ ਮਰਜੀ ਤੇਰੀ ਏ ?

ਬਾਬੂਆਣੀ  ਕਹਿੰਦੀ ਲੈਆ  ਦੁਧ  ਦਹੀਂ  ਘਰ ਦਾ ਖਾਵਾਂਗੇ
ਆਇਆ   ਗਿਆ  ਰਹੂ   ਸੁਖਾਲਾ ਸੌਖਾ   ਡੰਗ  ਟਪਾਵਾਂਗੇ

ਮੇਰਾ ਦੋਸਤ ਕਹਿੰਦਾ ਮੈਨੂੰ , ਗਾਂ ਵੇਚਦਾ ਮਿਸਤਰੀ ਨੈਣੁ
ਚੱਲ  ਲਵੇਰੀ ਲੈ   ਦਿਆਂ ਤੈਨੂੰ  ਲੈਣੀ ਏ ਤਾਂ ਵੇਖ ਲੈ ਚੋ
                                    ਲੈਣਾ ਇੱਕ ਨਾ ਦੇਣੇ ਦੋ

ਵੇਖਣ ਗਏ ਤਰਖਾਣਾ ਵਿਹੜੇ , ਖੌਰੂ   ਪਵੇ   ਕਢੇ ਗੇੜੇ
ਕਿਹੜਾ ਜਾਵੇ ਗਾਂ ਦੇ ਨੇੜੇ , ਜਾਨ ਗਵਾਉਣੀ ਚਾਹਵੇ ਜੋ
                                      ਲੈਣਾ ਇੱਕ ਨਾ ਦੇਣੇ ਦੋ

ਗਾਂ ਨੂੰ ਮਾਰੀ ਹੋਈ  ਸੀ ਨੱਥ,  ਨੈਣੁ ਪਾਇਆ    ਘੁਟਕੇ ਹੱਥ
ਸਿਰ ਤੋਂ ਰੱਸਾ ਗਿਆ ਸੀ ਲੱਥ , ਬੁੜਕੀ ਗਜ ਗਜ ਉੱਚੀ ਹੋ  
                                     ਲੈਣਾ ਇੱਕ ਨਾ ਦੇਣੇ ਦੋ

ਗਾਂ  ਨੇ   ਮਾਰੇ ਜਦੋਂ ਦੜੰਗੇ ,ਫੱਟੜ ਹੋ ਗਏ ਬੰਦੇ  ਚੰਗੇ
ਛਡਕੇ ਜੁੱਤੀਆਂ ਭੱਜ ਗਏ ਨੰਗੇ , ਕੋਠੇ ਚੜ੍ਹਕੇ ਗਏ ਖਲੋ
                                   ਲੈਣਾ ਇੱਕ ਨਾ ਦੇਣੇ ਦੋ

ਅੱਗੜ ਪਿੱਛੜ ਲੋਕੀਂ ਭੱਜੇ, ਸਾਡਾ ਫਟ ਫਟ ਕਾਲਜਾ ਵੱਜੇ
ਆਈ ਦੇ ਮੂੰਹ ਵਿਚ ਫਸੇ ਕੁਚੱਜੇ ਸਭਦਾ ਹੋ ਗਿਆ ਕਾਂਟਾ ਬੋ
                                       ਲੈਣਾ ਇੱਕ ਨਾ ਦੇਣੇ ਦੋ

ਲਾਖੇ  ਨਾਈ ਨੂੰ ਮਾਰਿਆ ਢੁੱਡ , ਦਿੱਤਾ ਵਹਿਨੀ ਦੇ ਵਿੱਚ ਸੁੱਟ
ਪੈ ਗਈ ਮੱਥੇ ਦੇ ਵਿੱਚ  ਖੁੱਡ ,ਲਹੂ ਲੁਹਾਨ ਗਿਆ ਉਹ ਹੋ
                                   ਲੈਣਾ ਇੱਕ ਨਾ ਦੇਣੇ ਦੋ

ਇੱਕ ਕੁੜੀ ਸੀ ਬੈਠੀ ਪੜ੍ਹਦੀ , ਦੇਕੇ ਧੁੱਸ ਗਾਂ ਉਸਤੇ ਚੜ੍ਹਗੀ
ਤੇ  ਉਹ  ਮੰਜੇ  ਹੇਠਾਂ  ਵੜਗੀ ,ਲੱਗੀ  ਮੂਲ   ਨਾ ਤੱਤੀ ਲੋ
                                   ਲੈਣਾ ਇੱਕ ਨਾ ਦੇਣੇ ਦੋ
ਭੱਜਕੇ ਬੱਕਰੀਆਂ ਨੂੰ ਪੈ ਗਈ ਦੋ ਤਿੰਨ ਪੈਰਾਂ ਹੇਠਾਂ ਲੈ ਗਈ
ਇੱਕ ਪਠੋਰੀ ਥਾਂ ਤੇ ਰਹੀ ਗਈ ਮੂੰਹੋਂ ਨਿਕਲੀ ਮੇਂ ਨਾ ਮੋਂ
                                        ਲੈਣਾ ਇੱਕ ਨਾ ਦੇਣੇ ਦੋ
ਹਰ ਕੋਈ ਕੰਬੀ ਜਾਵੇ ਡਰਦਾ ਹਰਟ ਫੇਲ ਹੋਣ ਨੂੰ ਕਰਦਾ
ਨਾ ਕੋਈ ਜੀਵੇ ਨਾ ਕੋਈ ਮਰਦਾ ਕਿੱਥੇ ਲਈਏ ਜਾਨ ਲਕੋ
                                        ਲੈਣਾ ਇੱਕ ਨਾ ਦੇਣੇ ਦੋ
ਨੈਣੁ ਦਾ ਪੁੱਤ ਆਇਆ ਜੀਤਾ ਉਹਨੇ ਗਾਂ ਨੂੰ ਕਾਬੂ ਕੀਤਾ
ਤਾਂ ਹੀ ਸੁੱਖ ਦਾ ਸਾਹ ਅਸੀਂ ਲੀਤਾ ਕੁਦਰਤ ਢੋਇਆ ਚੰਗਾ ਢੋ
                                           ਲੈਣਾ ਇੱਕ ਨਾ ਦੇਣੇ ਦੋ
ਮੈਂ ਕਿਹਾ ਜੀਤਿਆ ਇਧਰ ਆ ਸਾਨੂੰ ਚੋਕੇ ਗਾਂ ਵਿਖਾ
ਨਾਲੇ ਇਹਦਾ ਮੁੱਲ ਮੁਕਾ ਸਾਡੇ ਕੰਨ ਪਾ ਦੇ ਕਨਸੋ
                                ਲੈਣਾ ਇੱਕ ਨਾ ਦੇਣੇ ਦੋ
ਅੱਧ ਕੁ ਸੇਰ ਦੁਧ ਜਦ ਚੋਇਆ ਕੀ ਕੁਦਰਤ ਦਾ ਭਾਣਾ ਹੋਇਆ
ਸਨ੍ਹੇ ਨਿਆਣਾਂ ਦੋਵੇਂ ਲੱਤਾਂ ਬਾਲਟੀ ਚ ਰੱਖਕੇ ਗਈ ਖਲੋ
                                   ਲੈਣਾ ਇੱਕ ਨਾ ਦੇਣੇ ਦੋ
ਗੜੀ ਹੋਨੀਏ ਕਿਓਂ ਨਹੀਂ ਮਰਦੀ ਰੋਜ਼ ਦਿਹਾੜੀ ਇਦਾਂ ਕਰਦੀ
ਬਾਲਟੀ ਦੇ ਵਿੱਚ ਲੱਤਾਂ ਧਰਦੀ ਪੈ ਗਈ ਤੈਨੂੰ ਭੈੜੀ ਖੋ
                                            ਲੈਣਾ ਇੱਕ ਨਾ ਦੇਣੇ ਦੋ
ਜਾਹ ਪੰਡਤਾ ਤੂੰ ਕਰਮਾਂ ਵਾਲਾ ਹੋਣੀ ਕਰਗੀ ਤੇਥੋਂ ਟਾਲਾ
ਮੇਰਾ ਕਢਿਆ ਏਸ ਦਵਾਲਾ ਰੋਟੀਓਂ ਆਤੁਰ ਗਿਆ ਮੈਂ ਹੋ
                                           ਲੈਣਾ ਇੱਕ ਨਾ ਦੇਣੇ ਦੋ
ਪੰਡਤਾ ਇਹੋ ਜਿਹੀ ਊ ਗਾਂ ਸਾਰਾ ਟੱਬਰ ਕਰ ਗਿਆ ਭਾਂ
ਵਿਕਣ ਦਾ ਨਹੀਂ ਇਹ ਲੈਂਦੀ ਨਾਂ ਗਾਹਕ ਨੂੰ ਕਹਿੰਦੀ ਅੱਗੇ ਹੋ
                                            ਲੈਣਾ ਇੱਕ ਨਾ ਦੇਣੇ ਦੋ

ਜੀਤੇ ਨੂੰ ਮੈਂ ਫਤਹਿ ਬੁਲਾਈ ਉਥੋਂ ਆਪਣੀ ਜਾਨ ਬਚਾਈ
ਆਕੇ ਕਵਿਤਾ ਨਵੀਂ ਬਣਾਈ ਇੱਕ ਦੋ ਤਿੰਨ ਦਾ ਬਣ ਗਿਆ ਸੌ
                                          ਲੈਣਾ ਇੱਕ ਨਾ ਦੇਣੇ ਦੋ

No comments:

Post a Comment