ਗ੍ਰਹਿਣ \ ਇੰਦਰਜੀਤ ਕਮਲ - Inderjeet Kamal

Latest

Tuesday, 16 September 2014

ਗ੍ਰਹਿਣ \ ਇੰਦਰਜੀਤ ਕਮਲ


ਅੱਜ ਕਿਸੇ ਦੋਸਤ ਨਾਲ ਗੱਲਾਂ ਕਰਦਿਆਂ ਬਚਪਣ ਦੀ ਗੱਲ ਯਾਦ ਆ ਗਈ | ਜਦੋਂ ਗ੍ਰਹਿਣ ਲੱਗਣਾ ਹੁੰਦਾ ਸੀ ਤਾਂ ਮੁਹੱਲੇ ਦੇ ਸਾਰੇ ਲੋਕ ਆਪੋ ਆਪਣੇ ਬੱਚਿਆਂ ਨੂੰ ਮੰਦਿਰ ਦੇ ਪੰਡਿਤ ਕੋਲ ਭੇਜਿਆ ਕਰਦੇ ਸਨ , ਤਾਂ ਕਿ ਉਹਦੇ ਕੋਲੋਂ ਕੁਛਾ ( ਇੱਕ ਕਿਸਮ ਦਾ ਘਾਹ ) ਲੈਕੇ ਆਉਣ ਜਿਹਦੇ ਛੋਟੇ ਛੋਟੇ ਟੁਕੜੇ ਖਾਣ ਵਾਲਿਆਂ ਚੀਜ਼ਾਂ ਵਿੱਚ ਰੱਖੇ ਜਾਣ ਤੇ ਉਹਨਾਂ ਨੂੰ ਗ੍ਰਹਿਣ ਤੋਂ ਬਚਾਇਆ ਜਾ ਸਕੇ | ਰਾਤ ਨੂੰ ਆਰਤੀ ਵੇਲੇ ਤਾਂ ਰੋਜ਼ ਹੀ ਪ੍ਰਸ਼ਾਦ ਦੇ ਲਾਲਚ ਨੂੰ ਮੰਦਿਰ ਜਾਂਦੇ ਸਾਂ , ਪਰ ਦਿਨ ਵੇਲੇ ਗ੍ਰਹਿਣ ਲੱਗਣ ਦਾ ਆਪਣਾ ਹੀ ਚਾਅ ਹੁੰਦਾ ਸੀ , ਕਿਓਂਕਿ ਕੁਛਾ ਲੈਣ ਗਏ ਵੀ ਪੰਡਿਤ ਤੋਂ ਪ੍ਰਸ਼ਾਦ ਮੰਗ ਲੈਂਦੇ ਸਾਂ | ਆਪਣੇ ਘਰ ਕੁਛਾ ਦੇਣ ਤੋਂ ਬਾਦ ਬਾਕੀ ਦੋਸਤਾਂ ਨੂੰ ਤੇ ਉਹਨਾ ਦੇ ਘਰਦਿਆਂ ਨੂੰ ਵੀ ਇਹਦਾ ਯਾਦ ਕਰਵਾਉਂਦੇ ਸਾਂ ਤਾਂਕਿ ਉਹਨਾਂ ਦੋਸਤਾਂ ਨਾਲ ਫਿਰ ਜਾਇਆ ਜਾਵੇ |
ਗ੍ਰਹਿਣ ਲੱਗਣ ਤੋਂ ਇੱਕ ਦਿਨ ਪਹਿਲਾਂ ਹੀ ਪੰਡਿਤ ਕਿਸੇ ਨੂੰ ਭੇਜਕੇ , ਸ਼ਹਿਰ ਦੇ ਬਾਹਰਵਾਰ ਰੋਹੀ ਦੇ ਕੰਡੇ ਤੋਂ ਕੁਛਾ ਮੰਗਵਾ ਲੈਂਦਾ ਸੀ ਤਾਂਕਿ ਭਗਤ ਨਿਰਾਸ਼ ਨਾ ਜਾਣ | ਇੱਕ ਵਾਰ ਸ਼ਾਮ ਨੂੰ ਗ੍ਰਹਿਣ ਲੱਗਣਾ ਸੀ ਪਰ ਛੁੱਟੀ ਹੋਣ ਕਰਕੇ ਅਸੀਂ ਸਵੇਰ ਤੋਂ ਹੀ ਕੁਛਾ ਵਾਸਤੇ ਵਹੀਰਾਂ ਘੱਤ ਦਿਤੀਆਂ | ਸ਼ਾਮ ਹੁੰਦੇ ਹੁੰਦੇ ਪੰਡਿਤ ਦੀ ਸਾਰੀ ਕੁਛਾ ਖਤਮ ਹੋ ਗਈ , ਪਰ ਅਸੀਂ ਉਹਦਾ ਪਿੱਛਾ ਨਹੀਂ ਛੱਡਿਆ ਕਦੇ ਕਿਸੇ ਦਾ ਨਾਂ ਲੈ ਦੇਣਾ ਤੇ ਕਦੇ ਕਿਸੇ ਦਾ | ਪੰਡਿਤ ਪਰੇਸ਼ਾਨ ਹੋ ਗਿਆ | ਇੱਕ ਵਾਰ ਅਸੀਂ ਗਏ ਤਾਂ ਕੁਛਾ ਬਿਲਕੁਲ ਹੀ ਖਤਮ ਸੀ | ਪੰਡਿਤ ਜਿਸ ਚਟਾਈ ਤੇ ਬੈਠਾ ਸੀ ਉਹ ਥੋੜੀ ਟੁੱਟੀ ਹੋਈ ਸੀ | ਪੰਡਿਤ ਨੇ ਚਲਾਕੀ ਕਰਦੇ ਹੋਏ ਚਟਾਈ ਵਿੱਚੋਂ ਹੀ ਤਿੰਨ ਚਾਰ ਤੀਲੇ ਖਿਚ ਕੇ ਦੇ ਦਿਤੇ | ਸਾਡੇ ਵਾਸਤੇ ਨਵਾਂ ਰਸਤਾ ਖੁੱਲ੍ਹ ਗਿਆ | ਅਸੀਂ ਰਾਤ ਤੱਕ ਪੰਡਿਤ ਦੀ ਚਟਾਈ ਤੀਲਾ ਤੀਲਾ ਕਰਵਾ ਦਿਤੀ |
ਅੱਜ ਇਹ ਵਹਿਮ ਬਿਲਕੁਲ ਖਤਮ ਹੋ ਗਿਆ ਹੈ ਫਿਰ ਵੀ ਵਹਿਮੀ ਲੋਕ ਗ੍ਰਹਿਣ ਵੇਲੇ ਕੁਝ ਨਾ ਖਾਣਾ ਤੇ ਦਾਨ ਦੇਣਾ ਹਾਲੇ ਵੀ ਚੰਗਾ ਸਮਝਦੇ ਹਨ |ਇੰਦਰਜੀਤ ਕਮਲ 
September 4 -14 

No comments:

Post a Comment