ਹੱਕ ਤੇ ਡਾਕਾ \ ਇੰਦਰਜੀਤ ਕਮਲ - Inderjeet Kamal

Latest

Friday 12 September 2014

ਹੱਕ ਤੇ ਡਾਕਾ \ ਇੰਦਰਜੀਤ ਕਮਲ

ਪਿਛਲੇ ਹਫਤੇ ਇੱਕ ਜੋੜੀ ਮੇਰੇ ਕੋਲ ਆਈ | ਘਰਵਾਲੇ ਨੇ ਦੱਸਿਆ ਕਿ ਉਹ ਫੌਜ ਚੋਂ ਸੇਵਾਮੁਕਤ ਹੋਕੇ ਆ ਗਿਆ ਹੈ ( ਪਰ ਉਮਰ ਜਿਆਦਾ ਨਹੀਂ ਸੀ ) , ਉਹਦੀ ਘਰਵਾਲੀ ਨੂੰ ਰੋਜ਼ ਸਵੇਰੇ ਸਿਰ ਦਰਦ ਹੁੰਦਾ ਹੈ ਤੇ ਉਲਟੀਆਂ ਆਉਂਦੀਆਂ ਨੇ | ਉਹ ਕਈ ਥਾਂ ਇਲਾਜ ਕਰਵਾ ਚੁੱਕੇ ਸਨ , ਪਰ ਕੋਈ ਫਰਕ ਨਹੀਂ ਸੀ ਪਿਆ | ਸਾਰੇ ਟੈਸਟ ਵੀ ਸਹੀ ਸਨ | ਮੇਰੇ ਦਿਮਾਗ ਵਿੱਚ ਆਇਆ ਕਿ ਮਾਈਗ੍ਰੇਨ ਦਾ ਕੇਸ ਹੋਵੇਗਾ , ਪਰ ਉਸ ਪਾਸੇ ਵੀ ਕੋਈ ਕਾਮਯਾਬੀ ਨਾ ਮਿਲੀ | ਫੌਜੀ ਕਾਫੀ ਬੋਲ ਰਿਹਾ ਸੀ , ਪਰ ਉਹਦੀ ਘਰਵਾਲੀ ਚੁੱਪ ਸੀ | ਮੈਂ ਫੌਜੀ ਨੂੰ ਕੁਝ ਚਿਰ ਚੁੱਪ ਰਹਿਣ ਵਾਸਤੇ ਕਿਹਾ ਤਾਂ ਕਿ ਮੈਂ ਮਰੀਜ਼ ਦੀ ਗੱਲ ਸੁਣ ਸਕਾਂ |
ਮੈਂ ਉਸ ਔਰਤ ਨੂੰ ਕਈ ਸਵਾਲ ਕੀਤੇ , ਪਰ ਉਹ ਹਰ ਵਾਰ ਆਪਣੇ ਘਰਵਾਲੇ ਵੱਲ ਵੇਖਕੇ ਨੀਵੀਂ ਪਾ ਲੈਂਦੀ | ਮੈਂ ਥੋੜੀ ਦੇਰ ਵਾਸਤੇ ਇੱਕ ਛੋਟੇ ਜਿਹੇ ਭਾਸ਼ਣ ਵਰਗੀ ਗੱਲਬਾਤ ਕੀਤੀ ਤੇ ਉਹਨੂੰ ਆਪਣੇ ਮਨ ਦੀ ਗੱਲ ਕਹਿਣ ਲਈ ਤਿਆਰ ਕਰ ਲਿਆ | ਉਹਦੇ ਘਰਵਾਲੇ ਨੇ ਵੀ ਕਿਹਾ ਕਿ ਉਹ ਆਪਣੇ ਮਨ ਦੀ ਗੱਲ ਖੁੱਲ੍ਹ ਕੇ ਕਰੇ | ਫਿਰ ਕੀ ਸੀ ਉਸ ਔਰਤ ਦੇ ਅੱਥਰੂ ਪਰਲ ਪਰਲ ਵਗਨੇ ਸ਼ੁਰੂ ! ਹੁਣ ਮੈਨੂੰ ਸਮਝ ਆ ਗਈ ਕਿ ਉਹ ਆਪਣੇ ਅੰਦਰ ਕੋਈ ਦੁੱਖਾਂ ਦਾ ਸਮੁੰਦਰ ਸਮੋਈ ਬੈਠੀ ਹੈ |
ਉਹਨੂੰ ਦਿਲਾਸਾ ਦੇਣ ਤੋਂ ਬਾਦ ਮੈਂ ਕਿਹਾ ਕਿ ਉਹਦਾ ਕੋਈ ਵੀ ਮਸਲਾ ਹੋਏਗਾ ਉਹ ਹੱਲ ਕੀਤਾ ਜਾਏਗਾ | ਦੁਨੀਆਂ ਵਿੱਚ ਕੋਈ ਇਹੋ ਜਿਹਾ ਮਸਲਾ ਨਹੀਂ ਹੁੰਦਾ ਜਿਹਦਾ ਕੋਈ ਨਾ ਕੋਈ ਹੱਲ ਨਾ ਨਿਕਲੇ | ਹੁਣ ਉਹ ਕੁਝ ਸਹਿਜ ਹੋ ਚੁੱਕੀ ਸੀ | ਉਹਨੇ ਇੱਕ ਵਾਰ ਆਪਣੇ ਘਰਵਾਲੇ ਵੱਲ ਵੇਖਿਆ ਤੇ ਆਪਣੇ ਅੰਦਰਲਾ ਗੁਬਾਰ ਕਢਣ ਲਈ ਤਿਆਰ ਹੋ ਗਈ | ਆਪਣੇ ਘਰਵਾਲੇ ਵੱਲ ਇਸ਼ਾਰਾ ਕਰਕੇ ਕਹਿੰਦੀ , " ਇਹਨੇ ਮੈਨੂੰ ਬਹੁਤ ਤੰਗ ਕੀਤਾ ਏ | ਆਪਣੀ ਛੋਟੀ ਭਰਜਾਈ ਦਾ ਜਿਆਦਾ ਖਿਆਲ ਰੱਖਦਾ ਏ | ਮੈਨੂੰ ਕਹਿੰਦਾ ਤੂੰ ਉਹਨੂੰ ਚੰਗਾ ਖਾਣਪੀਣ ਨੂੰ ਨਹੀਂ ਦਿੰਦੀ , ਉਹ ਕਮਜ਼ੋਰ ਹੋਈ ਜਾਂਦੀ ਏ | ਉਹ ਮਾੜੀ ਜਿਹੀ ਬੀਮਾਰ ਹੋ ਜਾਵੇ ਉਹਦਾ ਮੱਥਾ ਘੁੱਟਣ ਲੱਗ ਜਾਂਦਾ ਏ | ਉਹਨੂੰ ਉਲਟੀ ਆਵੇ ਤਾਂ ਡੱਬਾ ਫੜ ਕੇ ਉਹਦੇ ਮੂੰਹ ਅੱਗੇ ਕਰ ਕਰਕੇ ਉਲਟੀ ਕਰਵਾਉਂਦਾ ਏ , ਜੇ ਮੈਨੂੰ ਉਲਟੀ ਆ ਜਾਵੇ ਤਾਂ ਕਹਿੰਦਾ ਏ , ਬਾਹਰ ਜਾਕੇ ਮਰ ਇੱਥੇ ਕਿਓਂ ਗੰਦ ਪਾਈ ਜਾਨੀ ਏਂ | " ਉਹ ਇੱਕੋ ਸਾਹ ਵਿੱਚਹੋਰ ਵੀ ਕਈ ਕੁਝ ਬੋਲ ਗਈ |
ਤਸਵੀਰ ਸਾਫ਼ ਹੋ ਚੁੱਕੀ ਸੀ | ਸ਼ਾਇਦ ਫੌਜੀ ਨੂੰ ਵੀ ਇਹੋ ਜਿਹੇ ਪ੍ਰਤੀਕਰਮ ਦੀ ਉਮੀਦ ਨਹੀਂ ਸੀ, ਜਿਸ ਕਾਰਨ ਉਹਨੇ ਨਕਲੀ ਜਿਸੀ ਸਫਾਈ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਮੇਰੀਆਂ ਦਲੀਲਾਂ ਅੱਗੇ ਝੱਟ ਹੀ ਹਥਿਆਰ ਸੁੱਟ ਦਿਤੇ | ਮੈਂ ਉਹਨੂੰ ਪੁੱਛਿਆ ਕਿ ਕੀ ਉਹਦੀ ਛੋਟੀ ਭਰਜਾਈ ਅਪਾਹਿਜ ਹੈ ਜੋ ਉਹਦੇ ਖਾਣਪੀਣ ਦਾ ਧਿਆਨ ਉਹਦੀ ਜੇਠਾਨੀ ਨੂੰ ਰੱਖਣਾ ਪਏਗਾ ? ਮੇਰੇ ਕਿਸੇ ਵੀ ਸਵਾਲ ਦਾ ਉਹਦੇ ਕੋਲ ਕੋਈ ਤਸੱਲੀਬਖਸ਼ ਜਵਾਬ ਨਹੀਂ ਸੀ | ਅਖੀਰ ਉਹਨੇ ਗਲਤੀ ਮੰਨੀ ਤੇ ਅੱਗੇ ਤੋਂ ਆਪਣੇ ਪਰਿਵਾਰ ਦਾ ਖਿਆਲ ਰੱਖਣ ਦਾ ਵਾਦਾ ਕੀਤਾ | ਅੱਜ ਉਹ ਔਰਤ ਬਿਲਕੁਲ ਠੀਕ ਸੀ ਤੇ ਇਹ ਹਫਤੇ ਦੌਰਾਨ ਉਹਨੂੰ ਇੱਕ ਵਾਰ ਵੀ ਉਲਟੀ ਨਹੀਂ ਆਈ |

1 comment: