ਜਦੋਂ ਮੈਂ ਭੂਤ ਕਢਣ ਗਿਆ ਭੂਤ ਬਣ ਕੇ ਪਰਤਿਆ \ ਇੰਦਰਜੀਤ ਕਮਲ - Inderjeet Kamal

Latest

Monday, 15 September 2014

ਜਦੋਂ ਮੈਂ ਭੂਤ ਕਢਣ ਗਿਆ ਭੂਤ ਬਣ ਕੇ ਪਰਤਿਆ \ ਇੰਦਰਜੀਤ ਕਮਲ


ਗੱਲ ਪਰਸੋੰ ਦੀ ਹੈ | ਮੇਰੇ ਇੱਕ ਪੁਰਾਣੇ ਜਾਣਕਾਰ ਸੇਵਾਮੁਕਤ ਸਰਕਾਰੀ ਅਫਸਰ ...... ਸਿੰਘ ਇੱਕ ਲਾਗਲੇ ਪਿੰਡ ਤੋਂ ਦੋ ਮੁਸਲਮਾਨਾ ਨੂੰ ਲੈਕੇ ਆਏ ਜਿਹਨਾਂ ,ਦੇ ਘਰ ਵਿੱਚ ਉਹਨਾਂ ਦੀ ਨੂੰਹ ਦੇ ਕੱਪੜੇ ,ਗਹਿਣੇ ਤੇ ਰੂਪਏ ਗੁੰਮ ਹੋਣ ਦੀਆਂ ਘਟਨਾਵਾਂ ਹੋ ਰਹੀਆਂ ਸਨ | ਉਹਨਾਂ ਦੇ ਮਤਾਬਿਕ ਹੁਣ ਤੱਕ ਉਹ ਤਕਰੀਬਨ ਦੋ ਲੱਖ ਰੂਪਏ ਦਾ ਨੁਕਸਾਨ ਝੱਲ ਚੁੱਕੇ ਸਨ |
..... ਸਿੰਘ ਬਾਰੇ ਵੀ ਦੱਸਣਾ ਚਾਹਾਂਗਾ ਕਿ ਇਹ ਉਹ ਵਿਅਕਤੀ ਹੈ ਜਿਹਨਾਂ ਦੇ ਘਰ ਅੱਜ ਤੋਂ ਲੱਗਭੱਗ 18 ਵਰ੍ਹੇ ਪਹਿਲਾਂ ਇਹੋ ਜਿਹੀਆਂ ਘਟਨਾਵਾਂ ਹੀ ਹੁੰਦੀਆਂ ਸਨ , ਜਿਹਨਾਂ ਤੋਂ ਤੰਗ ਆ ਕੇ ਉਹਨਾਂ ਆਤਮ ਹੱਤਿਆ ਕਰਨ ਦਾ ਮਨ ਬਣਾ ਲਿਆ ਸੀ , ਪਰ ਕਿਸੇ ਜਾਣਕਾਰ ਨੇ ਇਹਨਾਂ ਨੂੰ ਮੇਰੇ ਕੋਲ ਭੇਜ ਦਿਤਾ ਤੇ ਇਹਨਾਂ ਦਾ ਮਸਲਾ ਹੱਲ ਹੋ ਗਿਆ | ਹੌਲੀ ਹੌਲੀ ਇਹਨਾ ਦੀ ਮੇਰੇ ਨਾਲ ਸਾਂਝ ਵਧੀ ਤੇ ਇਹਨਾਂ ਨੂੰ ਸਾਰੀ ਸਮਝ ਲੱਗ ਗਈ ਕਿ ਜਿਸ ਨੂੰ ਇਹ ਓਪਰੀ ਕਸਰ ਦਾ ਪ੍ਰਕੋਪ ਮੰਨਦੇ ਸਨ ,ਉਹ ਘਰ ਵਿਚਲੇ ਹੀ ਇੱਕ ਮਾਨਸਿਕ ਰੋਗੀ ਦੀਆਂ ਹਰਕਤਾਂ ਸਨ | ਇਸ ਤੋਂ ਬਾਦ ........ ਸਿੰਘ ਨੇ ਮੇਰੇ ਕੋਲੋਂ ਦੂਰ ਦੂਰ ਦੇ ਇਲਾਕਿਆਂ ਦੇ ਬਹੁਤ ਮਸਲੇ ਹੱਲ ਕਰਵਾਏ |
ਪੀੜਿਤ ਪਰਿਵਾਰ ਦੇ ਮੁਖੀ ਦੀ ਸਾਰੀ ਗੱਲਬਾਤ ਸੁਣਨ ਤੋਂ ਬਾਦ ਮੈਂ ਉਹਨਾਂ ਨੂੰ ਆਪਣੀ ਨੂੰਹ ਨੂੰ ਮੇਰੇ ਕੋਲ ਲੈਕੇ ਆਉਣ ਲਈ ਕਿਹਾ , ਪਰ ਉਹਨੇ ਕੁਝ ਮਜਬੂਰੀ ਦੱਸੀ ਜਿਸ ਕਾਰਨ ਮੈਂ ਉਹਨਾ ਦੇ ਘਰ ਜਾਣਾ ਮੰਨ ਲਿਆ | ਉਹਨਾਂ ਨਾਲ ਵਕਤ ਤਹਿ ਹੋ ਗਿਆ ਤੇ ਮੈਂ ਉਹਨਾਂ ਦਾ ਪਤਾ ਨੋਟ ਕਰਕੇ ਉਹਨਾਂ ਨੂੰ ਭੇਜ ਦਿਤਾ | ਪਿੰਡ ਦਾ ਫਾਸਲਾ ਮੇਰੇ ਕਲੀਨਿਕ ਤੋਂ ਦਸ ਕੁ ਕਿਲੋ ਮੀਟਰ ਹੈ |ਮਿਥੇ ਵਕਤ ਅਨੁਸਾਰ ਮੈਂ ਆਪਣੀ ਤਿਆਰੀ ਕਰ ਲਈ ਅਤੇ ਮੋਟਰਸਾਇਕਲ ਤੇ ਜਾਣ ਦਾ ਪ੍ਰੋਗ੍ਰਾਮ ਬਣਾ ਲਿਆ | ਰਸਤੇ ਵਿੱਚ ਸੜਕ ਤੇ ਥਾਂ ਥਾਂ ਤੇ ਟੋਏ ਸਨ ਤੇ ਬਹੁਤ ਥਾਵਾਂ ਤੇ ਪਾਣੀ ਖੜ੍ਹਾ ਸੀ | ਖੈਰ ! ਮੈਂ ਔਖਾ ਸੌਖਾ ਪਹੁੰਚ ਗਿਆ ਤੇ ਉਹਨਾਂ ਦਾ ਮਸਲਾ ਹੱਲ ਕਰ ਦਿਤਾ | ਪਰਿਵਾਰ ਲੰਮਾ ਚੌੜਾ ਹੋਣ ਕਰਕੇ ਵਕਤ ਕਾਫੀ ਲੱਗ ਗਿਆ | ਵਿਹਲਾ ਹੋਕੇ ਮੈਂ ਗੱਲਾਂਬਾਤਾਂ ਵਿੱਚ ਉਹਨਾਂ ਨੂੰ ਕਿਹਾ ਕਿ ਉਹਨਾਂ ਦੇ ਪਿੰਡ ਆਉਣ ਵਾਲਾ ਰਸਤਾ ਬਹੁਤ ਖਰਾਬ ਹੈ |ਮੇਰੀ ਗੱਲ ਸੁਕਣੇ ਉਹ ਸਾਰੇ ਹੀ ਬੋਲ ਪਏ ਕਿ ਮੈਂ ਗਲਤ ਪਾਸੇ ਤੋਂ ਆਇਆ ਹਾਂ | ਉਹਨਾਂ ਮੈਨੂੰ ਦੂਜਾ ਰਸਤਾ ਦੱਸਿਆ ਤੇ ਕਿਹਾ ਕਿ ਇਸ ਰਸਤੇ ਸੜਕ ਨਵੀਂ ਬਣ ਰਹੀ ਹੈ ਤੇ ਰਸਤੇ ਵਿੱਚ ਪਾਣੀ ਵੀ ਨਹੀਂ ਹੈ |
ਮੈਂ ਵੇਰਵੇ ਨਾਲ ਪੁੱਛਿਆ ਕਿ ਸੜਕ ਬਣ ਰਹੀ ਹੈ ਤਾਂ ਸਗੋਂ ਰਸਤਾ ਜਿਆਦਾ ਖਰਾਬ ਹੋਏਗਾ |ਉਹ ਕਹਿੰਦੇ ਨਹੀਂ ਪੱਥਰ ਪਾਉਣ ਤੋਂ ਬਾਦ ਉਹਨੂੰ ਚੰਗੀ ਤਰ੍ਹਾਂ ਦਬਾਅ ਕੇ ਬਰਾਬਰ ਕਰ ਦਿਤਾ ਹੈ | ਮੈਂ ਆਪਣਾ ਕੰਮ ਨਿਪਟਾ ਕੇ ਵਾਪਸ ਪਰਤ ਆਇਆ | ਰਸਤੇ ਵਿੱਚ ਵਾਕਿਆ ਹੀ ਸੜਕ ਬਣ ਰਹੀ ਸੀ ਪੱਥਰ ਪਾਕੇ ਉਹਨੂੰ ਦਬਾਅ ਕੇ ਉੱਪਰ ਮਿੱਟੀ ਪਾਈ ਹੋਈ ਸੀ | ਰਸਤੇ ਚ ਨਾ ਟੋਏ ਸਨ ਤੇ ਨਾ ਹੀ ਸੜਕ ਤੇ ਖੜ੍ਹਾ ਪਾਣੀ | ਰਸਤੇ ਵਿੱਚ ਆਉਂਦਿਆਂ ਇੱਕ ਦੋਸਤ ਦਾ ਫੋਨ ਆਇਆ ਕਿ ਉਹਨੂੰ ਮੇਰੇ ਨਾਲ ਕੰਮ ਹੈ | ਮੈਂ ਉਹਨੂੰ ਰਸਤੇ ਵਿੱਚ ਮਿਲਣ ਦਾ ਪ੍ਰੋਗਰਾਮ ਬਣਾ ਲਿਆ | ਮਿਥੀ ਥਾਂ ਤੇ ਉਹ ਮੇਰਾ ਇੰਤਜ਼ਾਰ ਕਰ ਰਿਹਾ ਸੀ | ਮੇਰੇ ਰੁਕਦਿਆਂ ਹੀ ਮੇਰੇ ਵੱਲ ਵੇਖਕੇ ਉੱਚੀ ਉੱਚੀ ਹੱਸਣ ਲੱਗਾ | ਕਹਿੰਦਾ ," ਇਹ ਕੀ ਭੂਤ ਜਿਹੇ ਬਣਕੇ ਆਏ ਹੋ ?" ਮੈਂ ਨੇੜੇ ਹੀ ਨਾਈ ਦੀ ਦੁਕਾਨ ਤੇ ਜਾਕੇ ਸ਼ੀਸ਼ੇ ਵਿੱਚ ਮੁੰਹ ਵੇਖਿਆ ਮੇਰਾ ਸਾਰਾ ਮੁੰਹ ਸਿਰ ਚਿੱਟੀ ਮਿੱਟੀ ਨਾਲ ਲੱਥਪਥ ਸੀ | ਮੈਂ ਉਥੋਂ ਝੱਟ ਖਿਸਕ ਕੇ ਘਰ ਆ ਕੇ ਨਹਾ ਕੇ ਕੰਮ ਤੇ ਗਿਆ | 

September 4 -14

No comments:

Post a Comment