ਕਾਲਕਾ ਨੇੜਿਓਂ ਇੱਕ ਔਰਤ ਨੂੰ ਮੇਰੇ ਕੋਲ ਲੈਕੇ ਆਏ | ਕਹਿੰਦੇ ," ਇਹਦੇ ਅੰਦਰ ਭੂਤ ਆਉਂਦਾ ਏ |" ਜਦੋਂ ਕੇਸ ਦੀ ਪੜਤਾਲ ਕੀਤੀ ਤਾਂ ਪਤਾ ਕਿ ਉਹ ਲੋਕਾਂ ਦੇ ਘਰਾਂ ਚ ਵਿਆਹ ਸ਼ਾਦੀਆਂ ਤੇ ਕੰਮ ਕਰਨ ਜਾਂਦੀ ਹੈ | ਪੰਜ ਕੁ ਸਾਲ ਪਹਿਲਾਂ ਉਹਦੇ ਇੱਕ ਰਿਸ਼ਤੇਦਾਰ ਦੀ ਮੌਤ ਹੋ ਗਈ , ਜਿਸ ਤੋਂ ਬਾਦ ਉਹਦੇ ਸਿਰ ਵਿੱਚ ਦਰਦ ਰਹਿਣ ਲੱਗ ਪਿਆ | ਕਈ ਥਾਵਾਂ ਤੇ ਇਲਾਜ ਕਰਵਾਉਣ ਤੋਂ ਬਾਦ ਵੀ ਜਦੋਂ ਫਰਕ ਨਾ ਪਿਆ ਤਾਂ ਕਿਸੇ ਨੇ ਕਿਹਾ ਕਿ ਉਹ ਬਾਬਾ ਵਡਭਾਗ ਸਿੰਘ ਦੇ ਡੇਰੇ ਤੇ ਜਾਵੇ | ਇਹ ਔਰਤ ਭੋਲੀਭਾਲੀ ਤੇ ਸਿਧੇ ਸੁਭਾਹ ਦੀ ਸੀ |
ਬੱਸ ਫਿਰ ਕੀ ਸੀ ! ਘਰਦੇ ਉਹਨੂੰ ਬਾਬਾ ਵਡਭਾਗ ਸਿੰਘ ਦੇ ਡੇਰੇ ਲੈਕੇ ਚਲੇ ਗਏ | ਉਹਨਾਂ ਦੇ ਦੱਸਣ ਮੁਤਾਬਿਕ ਇਹ ਉੱਥੇ ਜਾਕੇ ਸਿਰ ਮਾਰਕੇ ਖੇਡਣ ਲਗ ਪਈ | ਡੇਰੇ ਤੋਂ ਵਾਪਸ ਆਕੇ ਇਹ ਸਿਲਸਿਲਾ ਆਮ ਹੋ ਗਿਆ ਤੇ ਉਹ ਥੋੜਾ ਜਿਹਾ ਸੰਗੀਤ ਸੁਣਕੇ ਹੀ ਸਿਰ ਮਾਰਕੇ ਖੇਡਣ ਲਗ ਪੈਂਦੀ , ਤੇ ਪਤਾਸੇ ਤੇ ਲੱਡੂਆਂ ਦੀ ਮੰਗ ਕਰਦੀ , ਜੋ ਘਰਦੇ ਪੂਰੀ ਕਰ ਦਿੰਦੇ | ਜਦੋਂ ਵੀ ਕਿਸੇ ਵਿਆਹ ਸ਼ਾਦੀ ਵਿੱਚ ਕੰਮ ਕਰ ਰਹੀ ਹੁੰਦੀ ਤਾਂ ਢੋਲ ਦੀ ਜਾਂ ਕਿਸੇ ਗਾਣੇ ਦੀ ਆਵਾਜ਼ ਸੁਣਕੇ ਸਿਰ ਮਾਰਣਾ ਸ਼ੁਰੂ ਕਰ ਦਿੰਦੀ, ਜਿਸ ਕਾਰਨ ਉਹਨੂੰ ਕੰਮ ਮਿਲਣਾ ਵੀ ਘਟ ਗਿਆ |ਹੁਣ ਇੱਕ ਨਵੀਂ ਮਜ਼ਬੂਰੀ ਬਣ ਗਈ ਕਿ ਦੋਹਾਂ ਜੀਆਂ ( ਮਿਆਂ ਬੀਵੀ ) ਨੂੰ ਕਿਸੇ ਦੇ ਘਰ ਕੰਮ ਤੇ ਇਕੱਠੇ ਜਾਣਾ ਪੈਂਦਾ ਸੀ ਤਾਂ ਕਿ ਲੋੜ ਵੇਲੇ ਘਰਵਾਲਾ ਆਪਣੀ ਪਤਨੀ ਨੂੰ ਸੰਭਾਲ ਸਕੇ |
ਘਰ ਵਿੱਚ ਵੀ ਅਗਰ ਬੱਚੇ ਕੋਈ ਸੰਗੀਤ ਸੁਣ ਰਹੇ ਹੁੰਦੇ ਤਾਂ ਉਹ ਸਿਰ ਮਾਰਣ ਲਗ ਪੈਂਦੀ ਜਿਸ ਕਾਰਨ ਬੱਚਿਆਂ ਦੇ ਸੰਗੀਤ ਤੇ ਵੀ ਪਾਬੰਦੀ ਲਗ ਗਈ | ਬੱਚੇ ਉਦੋਂ ਹੀ ਚੋਰੀ ਛੁੱਪੇ ਸੰਗੀਤ ਸੁਣ ਸਕਦੇ ਸਨ ਜਦੋਂ ਮਾਂ ਘਰ ਨਾ ਹੁੰਦੀ |ਮਾਂ ਦੇ ਆਉਂਦਿਆਂ ਹੀ ਬੱਚਿਆਂ ਨੂੰ ਸੰਗੀਤ ਬੰਦ ਕਰਨਾ ਪੈਂਦਾ |
ਸਾਰੀ ਗੱਲ ਸਮਝਣ ਤੋਂ ਬਾਦ ਮੈਂ ਉਸ ਔਰਤ ਨੂੰ ਅੰਦਰ ਲੇਟਣ ਲਈ ਕਿਹਾ ਤਾਂਕਿ ਉਹਨੂੰ ਸੰਮੋਹਿਤ ਕਰਕੇ ਉਹਦੇ ਮਨ ਅੰਦਰ ਭੂਤਾਂ ਪ੍ਰੇਤਾਂ ਦਾ ਵੜਿਆ ਡਰ ਕਢ ਸਕਾਂ | ਮੇਰੇ ਥੋੜੇ ਜਿਹੇ ਆਦੇਸ਼ ਦੇਣ ਤੇ ਹੀ ਉਹ ਗਹਿਰੀ ਸੰਮੋਹਨ ਅਵਸਥਾ ਵਿੱਚ ਪਹੁੰਚ ਗਈ ਤੇ ਉਹਨੇ ਜੋਰ ਜੋਰ ਦੀ ਸਿਰ ਹਿਲਾਕੇ ਕਹਿਣਾ ਸ਼ੁਰੂ ਕਰ ਦਿਤਾ ," ਮੈਂ ਨਾਹਰ ਸਿੰਘ ਹਾਂ , ਮੇਰੇ ਵਾਸਤੇ ਲੱਡੂ ਲੈਕੇ ਆਓ |"
ਮੈਂ ਇੰਨਾ ਸੁਣਦੇ ਹੀ ਆਪਣੀ ਆਵਾਜ਼ ਨੂੰ ਪਹਿਲਾਂ ਤੋਂ ਵੀ ਪ੍ਰਭਾਵਸ਼ਾਲੀ ਤੇ ਭਾਰੀ ਕਰਦੇ ਹੋਏ ਕਿਹਾ ," ਜੇ ਤੂੰ ਮੇਰੇ ਤਿੰਨ ਗਿਣਦੇ ਇੱਥੋਂ ਨਾ ਗਿਆ ਤਾਂ ਮੈਂ ਤੇਰੇ ਟੁਕੜੇ ਟੁਕੜੇ ਕਰ ਦੇਵਾਂਗਾ |" ਮੇਰੇ ਇੱਕ , ਦੋ, ਤਿੰਨ ਕਹਿੰਦੇ ਹੀ ਉਹਨੇ ਸਿਰ ਮਾਰਨਾ ਤੇ ਬੋਲਨਾ ਬੰਦ ਕਰ ਦਿਤਾ | ਹੁਣ ਉਹ ਬਿਲਕੁਲ ਸ਼ਾਂਤ ਸੀ ਤੇ ਮੈਂ ਉਹਨੂੰ ਜ਼ਰੂਰੀ ਆਦੇਸ਼ ਦੇਕੇ ਸੰਮੋਹਨ ਨੀਂਦ ਚੋਂ ਉਠਾ ਦਿਤਾ | ਹੁਣ ਉਹ ਆਪਣੇ ਆਪ ਨੂੰ ਬਿਲਕੁਲ ਹਲਕਾ ਫੁਲਕਾ ਤੇ ਖੁਸ਼ ਮਹਿਸੂਸ ਕਰ ਰਹੀ ਸੀ |
No comments:
Post a Comment