ਡੇਰਿਆਂ ਦੀ ਦੁਕਾਨਦਾਰੀ ਦੀ ਸਚਾਈ \ ਇੰਦਰਜੀਤ ਕਮਲ - Inderjeet Kamal

Latest

Sunday, 14 September 2014

ਡੇਰਿਆਂ ਦੀ ਦੁਕਾਨਦਾਰੀ ਦੀ ਸਚਾਈ \ ਇੰਦਰਜੀਤ ਕਮਲ

ਮੇਰੇ ਕੋਲ ਇੱਕ ਨੌਜਵਾਨ ਮੁੰਡੇ ਨੂੰ ਲੈਕੇ ਆਏ ਕਹਿੰਦੇ,
" ਇਹਨੂੰ ਪਤਾ ਨਹੀਂ ਕੀ ਹੋ ਗਿਆ ਹੈ ਚੁੱਪ ਚੁੱਪ ਰਹਿੰਦਾ ਏ "
ਮੈਂ ਥੋੜੀ ਦੇਰ ਉਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬੀ ਨਾ ਮਿਲੀ ਤਾਂ ਮੈਂ ਉਹਨੂੰ ਸਾਰਿਆਂ ਤੋਂ ਅਲੱਗ ਦੂਸਰੇ ਕਮਰੇ ਵਿੱਚ ਲੈ ਗਿਆ . ਮੈਂ ਉਹਨੂੰ ਸਮਝਾਇਆ ਕਿ ਅਗਰ ਉਹ ਠੀਕ ਹੋਣਾ ਚਾਹੁੰਦਾ ਹੈ ਤਾਂ ਉਹਨੂੰ ਆਪਣੇ ਮਨ ਦੀ ਗੱਲ ਦੱਸਣੀ ਪਵੇਗੀ .
ਮੇਰੀ ਕਾਫੀ ਜੱਦੋ ਜਹਿਦ ਤੋਂ ਬਾਦ ਉਹ ਥੋੜੀ ਥੋੜੀ ਗੱਲ ਕਰਨ ਲੱਗਾ
ਉਹਨੇ ਦੱਸਿਆ ਕਿ ਉਹਨੇ ਇੱਕ ਡੇਰੇ ਤੋਂ ਨਾਮਦਾਨ ਲਿਆ ਸੀ ਤੇ ਡੇਰੇ ਵਾਲਿਆਂ ਨੇ ਨਾਮਦਾਨ ਦਿੰਦੇ ਵਕਤ ਇਹ ਕਿਹਾ ਕਿ ਇਹ ਸ਼ਬਦ ਹੋਰ ਕਿਸੇ ਨੂੰ ਨਹੀਂ ਦੱਸਣਾ , ਅਗਰ ਜਰੂਰਤ ਪਵੇ ਤਾਂ ਇਹ ਸ਼ਬਦ ਸਿਰਫ ਉਹਦੇ ਨਾਲ ਹੀ ਸਾਂਝਾ ਕਰਨਾ ਹੈ ਜਿਹਨੇ ਇਸ ਡੇਰੇ ਤੋਂ ਨਾਮਦਾਨ ਲਿਆ ਹੋਵੇ, ਮਤਲਬ ਕਿ ਸ਼ਬਦ ਭੁੱਲਣ ਦੀ ਹਾਲਤ ਵਿੱਚ ਵੀ ਗੁਰਭਾਈ ਤੋਂ ਹੀ ਪੁੱਛਿਆ ਜਾ ਸਕਦਾ ਹੈ
ਡੇਰੇ ਵਾਲਿਆਂ ਨੇ ਇਹ ਵੀ ਕਿਹਾ ਸੀ ਅਗਰ ਕਿਸੇ ਗੈਰ ਬੰਦੇ ਨੂੰ ਇਹ ਸ਼ਬਦ ਦੱਸਿਆ ਤਾਂ ਤੇਰਾ ਨੁਕਸਾਨ ਹੋ ਸਕਦਾ ਹੈ
ਉਹਨੇ ਦੱਸਿਆ ,
" ਕੁਝ ਦਿਨ ਪਹਿਲਾਂ ਮੇਰੇ ਕੋਲੋਂ ਗਲਤੀ ਨਾਲ ਇੱਕ ਗੈਰ ਬੰਦੇ ਨੂੰ ਇਹ ਸ਼ਬਦ ਦੱਸਿਆ ਗਿਆ , ਬੱਸ ਉਸ ਦਿਨ ਤੋਂ ਬਾਦ ਮੇਰੇ ਮਨ ਅੰਦਰ ਇੱਕ ਡਰ ਜਿਹਾ ਪੈਦਾ ਹੋ ਗਿਆ ਹੈ "
" ਬੱਸ ਇੰਨੀ ਕੁ ਗੱਲ !!!" ਕਹਿਕੇ ਮੈਂ ਜੋਰ ਦੀ ਹੱਸ ਪਿਆ
ਉਹ ਕਹਿੰਦਾ ,
" ਮੇਰੇ ਭਾਅ ਦੀ ਬਣੀ ਏ ਤੁਸੀਂ ਹੱਸ ਰਹੇ ਹੋ !"
ਮੈਂ ਕਿਹਾ ,
" ਮੇਰੀ ਗੱਲ ਧਿਆਨ ਨਾਲ ਸੁਣ, ਇਹ ਡੇਰੇ ਬਾਬਿਆਂ ਦੀਆਂ ਦੁਕਾਨਾ ਨੇ , ਉਹ ਜਦੋਂ ਵੀ ਕਿਸੇ ਨੂੰ ਨਾਮਦਾਨ ਦਿੰਦੇ ਨੇ ਤਾਂ ਇਹ ਕਹਿੰਦੇ ਨੇ ਕਿ ਕਿਸੇ ਹੋਰ ਨੂੰ ਨਹੀਂ ਦੱਸਣਾ ,ਨਹੀਂ ਤਾਂ ਤੁਹਾਡਾ ਨੁਕਸਾਨ ਹੋਵੇਗਾ , ਇਸ ਦਾ ਸਿਰਫ ਤੇ ਸਿਰਫ ਇੱਕੋ ਮਤਲਬ ਹੈ ਕਿ ਅਗਰ ਲੋਕ ਸ਼ਬਦ ਤੁਹਾਡੇ ਤੋਂ ਸੁਣਕੇ ਆਪ ਹੀ ਜੱਪਨਾ ਸ਼ੁਰੂ ਕਰ ਦੇਣਗੇ ਤਾਂ ਬਾਬਿਆਂ ਦੀਆਂ ਦੁਕਾਨਦਾਰੀਆਂ ਦਾ ਕੀ ਬਣੂ ? ਜਦੋਂ ਬਾਬੇ ਨੇ ਤੁਹਾਨੂੰ ਨਾਮਦਾਨ ਦਿੱਤਾ ਸੀ ਤਾਂ ਉਹਦਾ ਵੀ ਜ਼ਰੁਰ ਨੁਕਸਾਨ ਹੋਣਾ ਚਾਹੀਦਾ ਸੀ , ਕਿਓਂਕਿ ਉਦੋਂ ਤੁਸੀਂ ਵੀ ਉਸ ਡੇਰੇ ਦੇ ਭਗਤ ਨਹੀਂ ਸੀ , ਪਰ ਉਹਦਾ ਤਾਂ ਉਲਟਾ ਫਾਇਦਾ ਹੋਇਆ , ਤੁਸੀਂ ਤਾਂ ਚੜ੍ਹਾਵਾ ਦੇਕੇ ਆਏ . ਆਪਣੀ ਦੁਕਾਨਦਾਰੀ ਚਲਦੀ ਰੱਖਣ ਲਈ ਹੀ ਇਹ ਬਾਬੇ ਤੁਹਾਡੇ ਮਨ ਅੰਦਰ ਨੁਕਸਾਨ ਦਾ ਡਰ ਪੈਦਾ ਕਰ ਦਿੰਦੇ ਨੇ , ਹੋਰ ਕੁਝ ਨਹੀਂ "
ਮੈਂ ਉਹਨੂੰ ਹੋਰ ਵੀ ਕਈ ਗੱਲਾਂ ਦੱਸੀਆਂ ਤਾਂ ਉਹਦੇ ਮਨ ਚੋਂ ਸਾਰੇ ਦਾ ਸਾਰਾ ਡਰ ਨਿਕਲ ਗਿਆ ਤੇ ਉਹ ਪਹਿਲਾਂ ਵੀ ਮਜ਼ਬੂਤ ਹੋਇਆ ਮਹਿਸੂਸ ਕਰ ਰਿਹਾ ਸੀ
ਉਹਨੇ ਮੇਰੇ ਨਾਲ ਵਾਦਾ ਕੀਤਾ ਕਿ ਅੱਜ ਤੋਂ ਬਾਦ ਉਹ ਨਾ ਕਿਸੇ ਡੇਰੇ ਤੇ ਜਾਵੇਗਾ ਤੇ ਨਾ ਕੋਈ ਨਾਮਦਾਨ ਲਏਗਾ
ਇਸ ਗੱਲ ਨੂੰ ਅੱਜ ਚਾਰ ਸਾਲ ਹੋ ਗਏ ਹਨ , ਉਹ ਨੌਜਵਾਨ ਬਹੁਤ ਖੁਸ਼ ਹੈ

No comments:

Post a Comment