ਹੋਮਿਓਪੈਥੀ ਦਾ ਕਮਾਲ \ ਇੰਦਰਜੀਤ ਕਮਲ - Inderjeet Kamal

Latest

Saturday, 24 December 2016

ਹੋਮਿਓਪੈਥੀ ਦਾ ਕਮਾਲ \ ਇੰਦਰਜੀਤ ਕਮਲ


23 ਨਵੰਬਰ 2016 ਯਾਨੀ ਅੱਜ ਤੋਂ ਇੱਕ ਮਹੀਨਾਂ ਪਹਿਲਾਂ ਇੱਕ ਵੀਹ ਕੁ ਵਰ੍ਹਿਆਂ ਦੇ ਨੌਜਵਾਨ ਨੂੰ ਦੋ ਬੰਦੇ ਬਾਹਾਂ ਤੋਂ ਫੜਕੇ ਬੜੀ ਸਾਵਧਾਨੀ ਨਾਲ ਉਹਨੂੰ ਦੱਸ ਦੱਸ ਕੇ ਕਿ ਕਿੰਨੀ ਉਚਾਈ ਜਾਂ ਨਿਵਾਈ ਪੈਰ ਰੱਖਣਾ ਹੈ , ਮੇਰੇ ਕਲੀਨਿਕ ਦੀਆਂ ਪੌੜੀਆਂ ਚੜ੍ਹਾਕੇ ਲਿਆਏ |#KamalDiKalam

ਉਹਨਾਂ ਦੱਸਿਆ ਕਿ ਇਹ ਉਹਨਾਂ ਦਾ ਮੁੰਡਾ ਦੀਪਕ ਕੁਮਾਰ ਹੈ ਤੇ ਉਹ ਲੁਧਿਆਣਾ ਤੋਂ ਆਏ ਹਨ | ਨਵੰਬਰ 2015 ਨੂੰ ਇਹਨੂੰ ਟਾਈਫਾਈਡ ਬੁਖਾਰ ਹੋਇਆ ਸੀ | ਇਹਦਾ ਅੰਗਰੇਜ਼ੀ ਇਲਾਜ ਕਰਵਾਇਆ ਗਿਆ | ਕੁਝ ਦਿਨਾਂ ਵਿੱਚ ਹੀ ਬੁਖਾਰ ਤਾਂ ਉੱਤਰ ਗਿਆ , ਪਰ ਇਹਦੀਆਂ ਅੱਖਾਂ ਦੀ ਰੌਸ਼ਨੀ ਪੂਰਨ ਰੂਪ ਵਿੱਚ ਖਤਮ ਹੋ ਗਈ |


ਸਾਲ ਭਰ ਵੱਖ ਵੱਖ ਹਸਪਤਾਲਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਟੈਸਟ ਕਰਵਾਉਣ ਤੋਂ ਬਾਦ , ਮਰੀਜ਼ ਦੇ ਪਿਤਾ ਜਗਦੀਸ਼ ਚੰਦਰ ਦੀ ਜ਼ੁਬਾਨੀ ," ਡਾਕਟਰਾਂ ਨੇ ਕਿਹਾ ਹੈ ਕਿ ਇਹਦੀਆਂ ਅੱਖਾਂ ਦੀਆਂ ਨਸਾਂ ਸੁੱਕ ਕੇ ਲੱਕੜ ਹੋ ਗਈਆਂ ਹਨ , ਹੁਣ ਕੋਈ ਚਮਤਕਾਰ ਹੀ ਇਹਨੂੰ ਠੀਕ ਕਰ ਸਕਦਾ ਹੈ |" #KamalDiKalam


ਹੁਣ ਬਾਬਿਆਂ ਦੇ ਡੇਰਿਆਂ ਵੱਲ ਚਾਲੇ ਪੈ ਗਏ | ਘੁੰਮਦੇ ਘੁੰਮਾਉਂਦੇ ਕਿਸੇ ਨੇ ਇਹਨਾਂ ਨੂੰ ਮੇਰੀ ਦੱਸ ਪਾਈ ਤਾਂ ' ਮਰਦਾ ਕੀ ਨਾ ਕਰਦਾ ' ਮੁਤਾਬਕ ਇਹ ਮੇਰੇ ਕੋਲ ਵੀ ਆ ਪਹੁੰਚੇ | 
ਦੀਪਕ ਦੀਆਂ ਢੇਰ ਸਾਰੀਆਂ ਰਿਪੋਰਟਾਂ ਇਹ ਨਾਲ ਚੁੱਕੀ ਫਿਰਦੇ ਸਨ , ਪਰ ਹੋਮਿਓਪੈਥੀ ਵਿੱਚ ਲੱਛਣ ਜ਼ਿਆਦਾ ਅਹਿਮੀਅਤ ਰੱਖਦੇ ਹਨ , ਜਿਸ ਕਾਰਣ ਮੈਂ ਦੀਪਕ ਨਾਲ ਗੱਲਬਾਤ ਕਰਕੇ ਲੱਛਣ ਇਕੱਠੇ ਕਰਨ ਨੂੰ ਅਹਿਮੀਅਤ ਦਿੱਤੀ |

ਗੱਲਬਾਤ ਦੌਰਾਨ ਇਹ ਵੀ ਪਤਾ ਲੱਗਾ ਕਿ ਦੀਪਕ ਗੱਲਬਾਤ ਕਰਦਾ ਹੋਇਆ ਬਹੁਤ ਅਟਕਦਾ ਹੈ | ਦੀਪਕ ਦੇ ਪਿਤਾ ਨੇ ਇਹ ਵੀ ਦੱਸਿਆ ਕਿ ਇਹ ਆਪਣੀ ਮਾਂ ਦੇ ਹੱਥ ਫੜਕੇ ਆਪਣੇ ਗਲੇ ਕੋਲ ਲੈ ਜਾਂਦਾ ਹੈ ਤੇ ਕਹਿੰਦਾ ਹੈ ਕਿ ਉਹਨੂੰ ਗਲਾ ਘੁੱਟ ਕੇ ਮਾਰ ਦਿਓ , ਉਹਨੇ ਆਪਣੇ ਮਾਂ ਬਾਪ ਨੂੰ ਬਹੁਤ ਤੰਗ ਕੀਤਾ ਹੋਇਆ ਹੈ | ਉਹਦੇ ਭਰਾ ਕੇ ਦੱਸਿਆ ਕਿ ਜਦੋਂ ਇਹਦਾ ਸਿਰ ਦਰਦ ਕਰਦਾ ਹੈ ਤਾਂ ਇਹ ਕੰਧਾਂ ‘ਚ ਸਿਰ ਮਾਰਦਾ ਹੈ | ਮੈਂ ਸਾਰੇ ਲੱਛਣ ਦਰਜ਼ ਕਰਨ ਤੋਂ ਬਾਦ ਇੱਕ ਨਤੀਜੇ ‘ਤੇ ਪਹੁੰਚਿਆ ਅਤੇ ਉਹਨਾਂ ਨੂੰ ਇੱਕ ਮਹੀਨੇ ਦੀ ਦਵਾਈ ਬਣਾ ਦਿੱਤੀ | #KamalDiKalam

ਜਾਣ ਲੱਗੇ ਮੈਂ ਦੀਪਕ ਦੇ ਪਿਓ ਨੂੰ ਕਿਹਾ ਕਿ ਦੋ ਹਫਤੇ ਬਾਦ ਇਹਦੀ ਫੋਨ ਤੇ ਮੇਰੇ ਨਾਲ ਗੱਲ ਜ਼ਰੂਰ ਕਰਵਾਉਣਾ ਕਿਓਂਕਿ ਇਹ ਉਦਾਸੀ ਵਿੱਚ ਹੈ ਤੇ ਮੈਂ ਗੱਲਬਾਤ ਰਾਹੀਂ ਇਹਦੀ ਉਦਾਸੀ ਦੂਰ ਕਰਨ ਦੀ ਕੋਸ਼ਿਸ਼ ਕਰਾਂਗਾ |ਇੱਕ ਹਫਤੇ ਬਾਦ ਹੀ 29 ਨਵੰਬਰ ਨੂੰ ਸ਼ਾਮ ਸਾਢੇ ਸੱਤ ਵਜੇ ਦੀਪਕ ਦੇ ਪਿਤਾ ਦਾ ਫੋਨ ਆਇਆ , ਉਹਨਾਂ ਖੁਸ਼ ਹੋਕੇ ਦੱਸਿਆ ਕਿ ਅੱਜ ਦੀਪਕ ਨੇ ਥੋੜਾ ਜੋਰ ਪਾਕੇ ਦੀਵਾਰ ਘੜੀ ਤੋਂ ਵਕਤ ਵੇਖ ਕੇ ਦੱਸਿਆ ਹੈ | ਇਹ ਸੁਣਕੇ ਮੇਰਾ ਮਨ ਬਹੁਤ ਖੁਸ਼ ਹੋਇਆ ਤੇ ਦੀਪਕ ਨਾਲ ਗੱਲਬਾਤ ਕਰਨ ਦੌਰਾਨ ਮੈਂ ਵਧਾਈ ਦਿੰਦੇ ਹੋਏ ਉਹਨੂੰ ਅੱਖਾਂ ਬਾਰੇ ਕੁਝ ਪਰਹੇਜ਼ ਦੱਸੇ ਤੇ ਹਮੇਸ਼ਾ ਖੁਸ਼ ਰਹਿਣ ਦੇ ਨੁਕਤੇ ਵੀ ਦਿੱਤੇ |

ਕੱਲ੍ਹ ਉਹ ਜਦੋਂ ਫਿਰ ਮੇਰੇ ਕਲੀਨਿਕ ‘ਤੇ ਆਏ ਤਾਂ ਦੀਪਕ ਬਿਨ੍ਹਾਂ ਕਿਸੇ ਦੀ ਸਹਾਇਤਾ ਤੋਂ ਛਾਲ ਮਾਰਕੇ ਪੌੜੀਆਂ ਚੜ੍ਹ ਗਿਆ ‘ਤੇ ਨਮਸਤੇ ਕਰਕੇ ਥਾਂ ਲੱਭ ਕੇ ਬੈਠ ਗਿਆ | ਦੀਪਕ ਨੇ ਆਪਣੇ ਆਪ ਹੀ ਬੜੇ ਜੋਸ਼ ਨਾਲ ਮੇਰੇ ਕਲੀਨਿਕ ਵਿੱਚ ਲੱਗੀਆਂ ਤਸਵੀਰਾਂ ਦੇ ਆਕਾਰ ਬਾਰੇ ਦੱਸਿਆ | ਉਹਨੇ ਇਹ ਵੀ ਦੱਸਿਆ ਕਿ ਉਹਨੂੰ ਕਾਫੀ ਦਿੱਸਣ ਲੱਗ ਪਿਆ ਹੈ , ਪਰ ਦਿੱਸਦਾ ਕਾਲਾ ਚਿੱਟਾ ਹੀ ਹੈ | ਉਹਦੇ ਨਾਲ ਗੱਲਬਾਤ ਕਰਦਿਆਂ ਮੈਂ ਮਹਿਸੂਸ ਕੀਤਾ ਕਿ ਹੁਣ ਉਹ ਬੋਲਣ ਲੱਗਿਆਂ ਕਿਤੇ ਕਿਤੇ ਹੀ ਅਟਕਦਾ ਸੀ | ਉਹਦੇ ਪਿਤਾ ਨੇ ਵੀ ਮੰਨਿਆਂ ਕਿ ਅੱਖਾਂ ਦੀ ਰੌਸ਼ਨੀ ਦੇ ਨਾਲ ਨਾਲ ਉਹਦੀ ਬਚਪਣ ਤੋਂ ਅਟਕਕੇ ਬੋਲਣ ਵਾਲੀ ਬਿਮਾਰੀ ਦਾ ਵੀ ਬਹੁਤ ਸੁਧਾਰ ਹੋਇਆ ਹੈ | ਇੱਕ ਨਵੀਂ ਉਮੀਦ ਨਾਲ ਉਹਨਾਂ ਨੂੰ ਇੱਕ ਮਹੀਨੇ ਦੀ ਦਵਾਈ ਦੇਕੇ ਭੇਜ ਦਿੱਤਾ ਹੈ |

No comments:

Post a Comment