ਅੱਗ ਵਾਲਾ ਭੂਤ \ ਇੰਦਰਜੀਤ ਕਮਲ - Inderjeet Kamal

Latest

Wednesday, 17 September 2014

ਅੱਗ ਵਾਲਾ ਭੂਤ \ ਇੰਦਰਜੀਤ ਕਮਲ

ਪਿਛਲੇ ਸਾਲ ਸਿਆਲ ਦੀ ਗੱਲ ਹੈ ,ਇੱਕ ਦੁਰਾਡੇ ਪਿੰਡ ਚੋਂ ,ਦੋ ਸਿੱਖ ਨੌਜਵਾਨ ਮੇਰੇ ਕੋਲ ਆਏ ਤੇ ਉਹਨਾਂ ਦੱਸਿਆ ਕਿ ਉਹਨਾ ਦੇ ਘਰ ਥਾਂ ਥਾਂ ਤੇ ਅੱਗ ਲੱਗ ਜਾਂਦੀ ਹੈ | ਘਰ ਦਾ ਕਈ ਤਰ੍ਹਾਂ ਦਾ ਕੀਮਤੀ ਸਮਾਨ ਸੜ ਕੇ ਸਵਾਹ ਹੋ ਗਿਆ ਹੈ | ਮੈਂ ਆਪਣੇ ਮਿੱਤਰ ਦਿਨੇਸ਼ ਪਰਾਸ਼ਰ ਨਾਲ ਕੁਝ ਸਲਾਹ ਕਰਕੇ ਉਹਨਾਂ ਨੂੰ ਐਤਵਾਰ ਦਾ ਵਕਤ ਦੇ ਦਿੱਤਾ | ਉਹ ਐਤਵਾਰ ਮਿਥੇ ਵਕਤ ਅਨੁਸਾਰ ਆਪਣੀ ਜੀਪ ਲੈਕੇ ਮੇਰੇ ਕੋਲ ਆ ਗਏ |ਮੈਂ ਤੇ ਮੇਰਾ ਮਿੱਤਰ Dinesh Prashar Yamunanagar ਉਹਨਾਂ ਨਾਲ ਜੀਪ ਵਿੱਚ ਸਵਾਰ ਹੋਕੇ ਚੱਲ ਪਏ | 

ਟੇਢੇ ਮੇਢੇ ਰਸਤੇ ਤੋਂ ਹੁੰਦੇ ਹੋਏ ਅਸੀਂ ਇੱਕ ਸੁੱਕੇ ਬਰਸਾਤੀ ਨਾਲੇ ਵਿੱਚੋਂ ਲੰਘਕੇ ਉਸ ਪਿੰਡ ਪਹੁੰਚ ਗਏ | ਦਰਮਿਆਨਾ ਜਿਹਾ ਪਿੰਡ ਸੀ ਤੇ ਰਲੀਮਿਲੀ ਜਿਹੀ ਆਬਾਦੀ ਸੀ | ਕੱਚੇ ਅਤੇ ਪੱਕੇ ਦੋਵੇਂ ਤਰ੍ਹਾਂ ਦੇ ਮਕਾਨ ਸਨ | ਲੋਕ ਜਿਆਦਾਤਰ ਖੇਤੀਬਾੜੀ ਤੇ ਹੀ ਨਿਰਭਰ ਸਨ | ਪਿੰਡ ਦੇ ਬਾਹਰਵਾਰ ਇੱਕ ਪ੍ਰਾਇਮਰੀ ਸਕੂਲ ਸੀ | ਪਤਾ ਲੱਗਾ ਕਿ ਸਕੂਲ ਵਿੱਚ ਵੀ ਬੱਚੇ ਘੱਟ ਹੀ ਆਉਂਦੇ ਹਨ | ਗੱਲਾਂਬਾਤਾਂ ਕਰਦੇ ਕਰਦੇ ਅਸੀਂ ਉਹਨਾਂ ਦੇ ਘਰ ਪਹੁੰਚ ਗਏ | ਘਰ ਦੇ ਅੰਦਰ ਵੜਦਿਆਂ ਇੱਕ ਗੱਦਰ ਜਿਹੇ ਸਰੀਰ ਵਾਲੀ ਨੌਜਵਾਨ ਔਰਤ ਸਾਡੇ ਵੱਲ ਵਧੀ, ਜਿਵੇਂ ਉਹ ਸਾਡਾ ਹੀ ਇੰਤਜ਼ਾਰ ਕਰ ਰਹੀ ਹੋਵੇ | 

ਕਹਿੰਦੀ ," ਆਓ ਭਾਜੀ , ਤੁਹਾਨੂੰ ਵਿਖਾਵਾਂ , ਆਹ ਵੇਖੋ ਟੀਵੀ ਤੇ ਆਹ ਫਰਿੱਜ , ਕੱਲ੍ਹ ਉਦੋਂ ਸੜੇ ਸਨ ਜਦੋਂ ਮੈਂ ਤੇ ਮੇਰੀ ਜੇਠਾਨੀ ਉੱਥੇ ਧੁੱਪ ਸੇਕ ਰਹੀਆਂ ਸਾਂ | " ਉਹਨੇ ਇਸ਼ਾਰੇ ਕਰ ਕਰ ਕੇ ਸਭ ਕੁਝ ਦੱਸਿਆ | ਮੈਂ ਧਿਆਨ ਨਾਲ ਵੇਖਿਆ ਟੀਵੀ ਤੇ ਫਰਿੱਜ ਅੱਗ ਲੱਗਣ ਨਾਲ ਪਿਘਲ ਕੇ ਗੁੱਛਾ ਹੋ ਚੁੱਕੇ ਸਨ | ਉਹਨਾਂ ਸਾਨੂੰ ਹੋਰ ਵੀ ਕੀਮਤੀ ਸਮਾਨ ਵਿਖਾਇਆ ਤੇ ਕਿਸੇ ਬਾਰੇ ਜੁਬਾਨੀ ਹੀ ਦੱਸਿਆ ਜੋ ਰਾਖ ਹੋ ਚੁੱਕਾ ਸੀ | ਹੁਣ ਸਾਡਾ ਮਕਸਦ ਸੀ ਦੋਸ਼ੀ ਤੱਕ ਪਹੁੰਚਣਾ | ਘਰ ਵਿੱਚ ਸਾਰਿਆਂ ਤੋਂ ਬਜੁਰਗ ਉਸ ਘਰ ਦੀ ਮਾਲਕਿਨ ਸੀ ਜਿਹਦੇ ਲਈ ਤੁਰਨਾ ਵੀ ਔਖਾ ਸੀ, ਇਸ ਕਰਕੇ ਅਸੀਂ ਉਸ ਔਰਤ ਨੂੰ ਜਾਂਚ ਪੜਤਾਲ ਤੋਂ ਬਾਹਰ ਕਰ ਦਿਤਾ | ਸਭ ਤੋਂ ਪਹਿਲਾਂ ਵੱਡੀ ਨੂੰਹ ਨੂੰ ਬੁਲਾਇਆ ਤੇ ਕੁਝ ਸਵਾਲ ਕਰਨ ਤੋਂ ਬਾਦ ਭੇਜ ਦਿੱਤਾ | ਉਹਦੀ ਵੱਡੀ ਲੜਕੀ ਨੂੰ ਵੀ ਬੁਲਾਕੇ ਜਲਦੀ ਹੀ ਵਾਪਿਸ ਭੇਜ ਦਿੱਤਾ ਕਿਓਂਕਿ ਉਸ ਆਪਣੇ ਨਾਨਕੇ ਪੜ੍ਹਦੀ ਸੀ ,ਤੇ ਛੁੱਟੀ ਕਾਰਨ ਆਈ ਸੀ | ਇਸ ਦੌਰਾਨ ਮੈਂ ਵੇਖਿਆ ਕਿ ਘਰ ਦੀ ਛੋਟੀ ਨੂੰਹ ਸਾਡੀ ਗੱਲਬਾਤ ਦੀਆਂ ਕਨਸੋਆਂ ਲੈ ਰਹੀ ਸੀ | ਘਰ ਅੰਦਰ ਵੜਦਿਆਂ ਹੀ ਜਿਸ ਜੋਸ਼ ਨਾਲ ਛੋਟੀ ਨੂੰਹ ਨੇ ਸਾਡਾ ਸਵਾਗਤ ਕਰਕੇ ਘਟਨਾਵਾਂ ਦੀ ਜਾਣਕਾਰੀ ਦਿਤੀ ਸੀ , ਮੈਨੂੰ ਉਸ ਵਕਤ ਹੀ ਉਹਦੇ ਤੇ ਸ਼ੱਕ ਹੋ ਗਿਆ ਸੀ , ਪਰ ਸਿਰਫ ਸ਼ੱਕ ਦੇ ਅਧਾਰ ਤੇ ਕਿਸੇ ਨੂੰ ਦੋਸ਼ੀ ਕਰਾਰ ਦੇ ਦੇਣਾ ਠੀਕ ਨਹੀਂ ਹੁੰਦਾ | ਹੁਣ ਉਹਦੀ ਕਨਸੋਆਂ ਲੈਣ ਦੀ ਹਰਕਤ ਨੇ ਉਹਦਾ ਦੋਸ਼ੀ ਹੋਣਾ ਤਹਿ ਕਰ ਦਿਤਾ ਸੀ | ਇੱਕ ਦੋ ਮੈਬਰਾਂ ਤੋਂ ਹੋਰ ਥੋੜੀ ਬਹੁਤੀ ਪੁੱਛਗਿਛ ਕਰਨ ਤੋਂ ਬਾਦ ਮੈਂ ਸਭ ਤੋਂ ਜਿਆਦਾ ਛੱਕੀ ਮੈਂਬਰ ਘਰ ਦੀ ਛੋਟੀ ਨੂੰਹ ਨੂੰ ਬੁਲਾਇਆ ਤੇ ਸਿਧਾ ਸਵਾਲ ਕੀਤਾ ," ਤੂੰ ਇਹ ਸਭ ਕੁਝ ਕਿਓਂ ਕਰਦੀ ਏਂ ?"

" ਮੈਂ ਕਿਓਂ ਕਰੂਂਗੀ !!" ਉਹ ਥੋੜੀ ਖਿਝ ਕੇ ਬੋਲੀ ਤਾਂ ਮੈਂ ਕਿਹਾ ," ਇਹੋ ਤਾਂ ਅਸੀਂ ਜਾਨਣਾ ਚਾਹੁੰਦੇ ਹਾਂ ਕਿ ਕਿਓਂ ਕਰਦੀ ਏਂ | ਬਾਕੀ ਤਾਂ ਸਾਨੂੰ ਆਉਂਦਿਆਂ ਹੀ ਪਤਾ ਲੱਗ ਗਿਆ ਸੀ ਕਿ ਕਰਦੀ ਤੂੰ ਹੀ ਹੈ |" ਮੇਰੀ ਇੰਨੀ ਗੱਲ ਸੁਣ ਕੇ ਉਹ ਇੱਕ ਦੰਮ ਢਿੱਲੀ ਜਿਹੀ ਪੈ ਗਈ ਤੇ ਮੇਰੇ ਪੈਰ ਫੜ ਲਏ | ਮੈਂ ਉਹਨੂੰ ਪਿੱਛੇ ਹੋਕੇ ਬੈਠਣ ਲਈ ਕਿਹਾ | ਉਹ ਕਹਿੰਦੀ , " ਮੈਨੂੰ ਆਪਣੀ ਚੇਲੀ ਬਣਾ ਲਓ ਜਿਥੇ ਕਹੋਗੇ ਮੈਂ ਚੌਂਕੀਆਂ ਭਰਿਆ ਕਰਾਂਗੀ , ਪਰ ਮੇਰੇ ਘਰਦਿਆਂ ਨੂੰ ਨਹੀਂ ਪਤਾ ਲੱਗਣਾ ਚਾਹੀਦਾ ਕਿ ਇਹ ਸਭ ਮੈਂ ਕਰਦੀ ਹਾਂ | ਨਹੀਂ ਤਾਂ ਮੇਰੀ ਜਿੰਦਗੀ ਬਰਬਾਦ ਹੋਜੂ |" 

ਮੈਂ ਉਹਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਇਹੋ ਜਿਹਾ ਕੁਝ ਨਹੀਂ ਕਰਾਂਗੇ ,ਜਿਸ ਨਾਲ ਤੇਰਾ ਜਾਂ ਤੇਰੇ ਪਰਿਵਾਰ ਦਾ ਕੋਈ ਨੁਕਸਾਨ ਹੋਵੇ | ਪਰ ਤੂੰ ਸਾਨੂੰ ਇਸ ਪਿੱਛੇ ਲੁਕੇ ਕਾਰਨ ਬਾਰੇ ਦੱਸ |ਉਹਨੇ ਦੱਸਿਆ ਕਿ ਉਹ ਕਰਨਾਲ ਦੇ ਨੇੜੇ ਇੱਕ ਕਸਬੇ ਦੀ ਪੜ੍ਹੇ ਲਿਖੇ ਪਰਿਵਾਰ ਦੀ ਧੀ ਹੈ | ਉਹ ਖੁਦ ਵੀ ਐਮ.ਏ ਪੰਜਾਬੀ ਹੈ , ਪਰ ਘਰਦਿਆਂ ਨੇ ਉਹਨੂੰ ਇਸ ਇਲਾਕੇ ਦੇ ਇੱਕ ਪਿਛੜੇ ਹੋਏ ਪਿੰਡ ਚ ਵਿਆਹ ਦਿਤਾ ਹੈ | ਪੜ੍ਹੀ ਲਿਖੀ ਹੋਣਦੇ ਬਾਵਜੂਦ ਉਹਨੂੰ ਗੋਹਾ ਕੂੜਾ ਕਰਨਾ ਪੈਂਦਾ ਸੀ , ਜਦਕਿ ਉਹਦਾ ਅਰਮਾਨ ਇੱਕ ਸਕੂਲ ਅਧਿਆਪਕਾ ਬਣਨ ਦਾ ਸੀ | ਸਾਰੇ ਪਹਿਲੂਆਂ ਨੂੰ ਵੇਖਦੇ ਹੋਏ ਮੈਨੂੰ ਕੋਈ ਹੋਰ ਰਸਤਾ ਨਾ ਮਿਲਿਆ ਤਾਂ ਮੈਂ ਉਹਨੂੰ ਹਾਲਾਤ ਨਾਲ ਸਮਝੌਤਾ ਕਰਨ ਦੇ ਨਾਲ ਨਾਲ ਆਪਣੀ ਨੌਕਰੀ ਵਾਸਤੇ ਕੋਸ਼ਿਸ਼ ਕਰਨ ਦੀ ਸਲਾਹ ਦਿਤੀ ਜੋ ਉਹਨੇ ਮੰਨ ਲਈ | ਕਮਰੇ ਚੋਂ ਬਾਹਰ ਆ ਕੇ ਅਸੀਂ ਘਰਦੇ ਸਾਰੇ ਮੈਂਬਰ ਇੱਕਠੇ ਕਿਤੇ ਤੇ ਉਹਨਾਂ ਨੂੰ ਖੁਸ਼ਖਬਰੀ ਦਿਤੀ ਕਿ ਹੁਣ ਉਹਨਾਂ ਦੇ ਘਰ ਵਿੱਚ ਇਹੋ ਜਿਹੀ ਕੋਈ ਘਟਨਾ ਨਹੀਂ ਹੋਵੇਗੀ | ਗੱਲਾਂ ਗੱਲਾਂ ਵਿੱਚ ਮੈਂ ਉਹਨਾਂ ਨੂੰ ਇਹ ਵੀ ਕਿਹਾ ਕਿ ਜਿਵੇਂ ਉਹਨਾਂ ਦੇ ਵੱਡੇ ਮੁੰਡੇ ਦੀ ਕੁੜੀ ਨੂੰ ਪੜ੍ਹਨ ਵਾਸਤੇ ਆਪਣੇ ਨਾਨਕੇ ਜਾਣਾ ਪੈਂਦਾ ਹੈ ਇਸ ਤਰ੍ਹਾਂ ਪਿੰਡ ਦੇ ਹੋਰ ਬੱਚੇ ਵੀ ਪੜ੍ਹਨ ਦੇ ਚਾਹਵਾਨ ਹੋਣਗੇ , ਜਿਹਨਾਂ ਦੇ ਅਰਮਾਨ ਅਧੂਰੇ ਰਹਿ ਜਾਂਦੇ ਹੋਣਗੇ | ਉਹ ਆਪਣੇ ਘਰ ਦੀ ਪੜ੍ਹੀਲਿਖੀ ਨੂੰਹ ਦੀ ਕਾਬਲੀਅਤ ਦਾ ਫਾਇਦਾ ਕਿਓਂ ਨਹੀਂ ਲੈਂਦੇ ? ਉਹਨਾਂ ਦੀ ਆਮਦਨੀ ਵੀ ਵਧੇਗੀ ਤੇ ਪਿੰਡ ਦੇ ਲੋਕਾਂ ਦੇ ਬੱਚੇ ਵੀ ਪੜ੍ਹ ਸਕਣਗੇ | ਉਹਨਾਂ ਉਸੇ ਵੇਲੇ ਫੈਸਲਾ ਕੀਤਾ ਕਿ ਪਿੰਡ ਦੇ ਬਾਹਰ ਉਹਨਾਂ ਦੀ ਖਾਲੀ ਪਈ ਜਮੀਨ ਵਿੱਚ ਸਕੂਲ ਖੋਲ੍ਹਣਗੇ |ਅਸੀਂ ਆਪਣਾ ਕੰਮ ਭੁਗਤਾ ਕੇ ਆ ਗਏ | ਕੁਝ ਮਹੀਨਿਆਂ ਬਾਦ ਪਤਾ ਲੱਗਾ ਕਿ ਸਕੂਲ ਦੀਆਂ ਤਿਆਰੀਆਂ ਹੋ ਰਹੀਆਂ ਹਨ ਤੇ ਉਸ ਤੋਂ ਬਾਦ ਕੋਈ ਘਟਨਾ ਨਹੀਂ ਹੋਈ |

No comments:

Post a Comment