ਬਾਬਿਆਂ ਦੇ ਪੈਦਾ ਕੀਤੇ ਰੋਗ - Inderjeet Kamal

Latest

Sunday, 14 September 2014

ਬਾਬਿਆਂ ਦੇ ਪੈਦਾ ਕੀਤੇ ਰੋਗ


ਪਿਛਲੇ ਹਫਤੇ ਇੱਕ ਔਰਤ ਨੂੰ ਮੇਰੇ ਕੋਲ ਲੈਕੇ ਆਏ, ਕਹਿੰਦੇ , " ਇਹ ਦਿਨ ਚ ਕਈ ਕਈ ਵਾਰ ਬੈਠੀ ਬੈਠੀ ਸਿਰ ਮਾਰਨ ਲੱਗ  ਜਾਂਦੀ ਹੈ ਤੇ ਇਹਦੇ ਅੰਦਰ ਕਈ ਤਰ੍ਹਾਂ ਦੀਆਂ ਚੀਜ਼ਾਂ ਬੋਲਦੀਆਂ ਹਨ |"

 ਮੈਂ ਉਸ ਔਰਤ ਨੂੰ ਕਈ ਤਰ੍ਹਾਂ ਦੇ ਸਵਾਲ ਕੀਤੇ ਪਰ ਉਹਨੇ ਜਵਾਬ ਦੇਣ ਵਿੱਚ ਆਲਾਟਾਲਾ ਹੀ ਕੀਤਾ ,ਜਿਸ ਕਾਰਣ ਮੈਂ ਉਹਦੇ ਨਾਲ ਆਏ ਉਹਦੇ ਪਤੀ ਤੇ ਪੁੱਤਰ ਨੂੰ ਬਾਹਰ ਜਾਣ ਲਈ ਕਿਹਾ | ਉਹਨਾਂ ਦੇ ਜਾਣ ਤੋਂ ਬਾਦ ਮੈਂ ਫਿਰ ਉਹਨੂੰ ਕੁਝ ਸਵਾਲ ਕੀਤੇ ਤਾਂ ਉਹਨੇ ਜਵਾਬ ਦੇਣੇ ਸ਼ੁਰੂ ਕਰ ਦਿੱਤੇ | ਉਹਨੇ ਦੱਸਿਆ ਕਿ ਉਹਦੇ ਦੋ ਪੁੱਤਰਾਂ ਦੀ ਮੌਤ ਭਰ ਜਵਾਨੀ ਵਿੱਚ ਹੋ ਗਈ , ਜਿਸ ਕਾਰਣ ਉਹ ਬੜੀ ਪਰੇਸ਼ਾਨ ਰਹਿਣ ਲੱਗ ਪਈ | ਹੁਣ ਉਹਨੂੰ ਤੀਸਰੇ ਤੇ ਇੱਕਲੇ ਬਚੇ  ਬੇਟੇ ਦਾ ਫਿਕਰ ਸਤਾਉਣ ਲੱਗਾ |ਪਰਿਵਾਰ ਵਾਲੇ ਤੀਸਰੇ ਬੇਟੇ ਦੀ ਸਲਾਮਤੀ ਲਈ ਬਾਬਿਆਂ ਕੋਲ ਜਾਣ ਲਗ ਪਏ  ਤੇ ਬਾਬਿਆਂ ਨੇ ਇਹ ਕਹਿ ਕਹਿ ਕੇ ਪਰਿਵਾਰ ਨੂੰ ਲੁੱਟਣਾ ਸ਼ੁਰੂ ਕਰ ਦਿੱਤਾਕਿ ਇਸ ਮੁੰਡੇ ਤੇ ਓਪਰੀਆਂ ਚੀਜ਼ਾਂ ਦਾ ਸਖਤ  ਪਹਿਰਾ ਹੈ | ਬੱਸ ਇੱਥੋਂ ਹੀ ਇਸ ਔਰਤ ਦੀ ਮਾਨਸਿਕਤਾ ਕਮਜ਼ੋਰ ਹੋ ਗਈ ਤੇ ਉਹਦੇ ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਖਿਆਲ ਆਉਣ ਲੱਗੇ | ਕਦੇ ਉਹਦੇ ਅੰਦਰ ਦੇਵੀ ਆਉਣ ਲੱਗੀ ਤੇ ਕਦੇ ਕੋਈ ਬਾਬਾ , ਕਦੇ ਜਿੰਨ ਆਉਂਦਾ ਤੇ ਕਦੇ ਮਸਾਣ ਬੋਲਦੇ | ਜਿਸ ਵੀ ਤਾੰਤ੍ਰਿਕ , ਬਾਬੇ , ਮੌਲਵੀ ਜਾਂ ਡੇਰੇ ਵਾਲੇ ਕੋਲ ਜਾਂਦੇ, ਉਹ ਇੱਕ ਨਵੀਂ ਚੀਜ਼ ਦਾ ਨਾਂ ਲੈ ਦਿੰਦਾ ਤੇ ਉਹੋ ਚੀਜ਼ ਉਸ ਔਰਤ ਵਿੱਚ ਬੋਲਣ ਲੱਗ ਪੈਂਦੀ |
 ਮੈਂ ਉਹਨੂੰ ਪਹਿਲਾਂ ਸੰਮੋਹਿਤ ਕਰਕੇ ਕੁਝ ਆਦੇਸ਼ ਦਿੱਤੇ ਤੇ ਉਹਦੇ ਮਨ ਅੰਦਰ ਵੱਸੀਆਂ ਓਪਰੀਆਂ ਚੀਜ਼ਾਂ ਨੂੰ ਖਤਮ ਕੀਤਾ ਤੇ ਬਾਦ ਵਿੱਚ ਉਹਨੂੰ ਉਹਦੀ ਕਮਜ਼ੋਰੀ ਬਾਰੇ ਵਿਸਥਾਰ ਵਿੱਚ ਸਮਝਾਇਆ | ਮੈਂ ਉਹਨੂੰ ਇਹ ਵੀ ਕਿਹਾ ਕਿ ਅਗਲੀ ਵਾਰ ਉਹਦੇ ਗਲ ਵਿੱਚ ਪਾਏ ਧਾਗੇ ਵੀ ਕੱਟ ਦਿਆਂਗਾ | ਇਸ ਤੋਂ ਬਾਦ ਮੈਂ ਉਹਨਾਂ ਨੂੰ ਇੱਕ ਹਫਤੇ ਬਾਦ ਆਉਣ ਨੂੰ ਕਿਹਾ 
 ਅੱਜ ਫਿਰ ਉਹ ਤਿੰਨੇ ਸਵੇਰੇ ਸਵੇਰ ਪਹੁੰਚ ਗਏ | ਤਿੰਨੇ ਬਹੁਤ ਖੁਸ਼ ਸਨ | ਉਹਨਾਂ ਦੱਸਿਆ ਕਿ ਉਸ ਦਿਨ ਤੋਂ ਇਹਨੇ ਇੱਕ ਵਾਰ ਵੀ ਸਿਰ ਨਹੀਂ ਮਾਰਿਆ , ਬਿਲਕੁਲ ਠੀਕ ਰਹੀ ਹੈ |
 ਮੈਂ ਕਿਹਾ ,
 "ਫਿਰ ਤਾਂ ਬਹੁਤ ਵਧੀਆ ਗੱਲ ਹੈ , ਅੱਜ ਇਹਦੇ ਗਲ ਚ ਪਾਏ ਧਾਗੇ ਵੀ ਕੱਟ ਦੇਣੇ ਹਨ "
 ਉਹਨੇ ਝੱਟ ਛਾਲ ਦੀ ਬੁੱਕਲ ਖੋਲ੍ਹ ਕੇ ਆਪਣੀ ਗਰਦਨ ਵਿਖਾਉਂਦੇ  ਹੋਏ ਕਿਹਾ ,
 " ਉਹ ਤਾਂ ਮੈਂ ਘਰ ਹੀ ਲਾਹ ਕੇ ਸੁੱਟ ਆਈ ਹਾਂ |"
 ਇਹ ਸੁਣ ਕੇ ਮੈਨੂੰ ਹੋਰ ਵੀ ਜਿਆਦਾ ਖੁਸ਼ੀ ਹੋਈ  | ਮੈਂ ਕਿਹਾ .
 "ਇਹ ਤਾਂ ਬਹੁਤ ਹੀ  ਵਧੀਆ ਕੀਤਾ ਹੈ , ਹੁਣ ਇਹਨੂੰ ਕਿਸੇ ਇਲਾਜ ਦੀ ਲੋੜ ਨਹੀਂ ਹੈ , ਖੁਸ਼ੀ ਖੁਸ਼ੀ ਘਰ ਜਾਓ |"

2 comments: