ਗੋਲਣੀ \ ਇੰਦਰਜੀਤ ਕਮਲ - Inderjeet Kamal

Latest

Monday, 15 September 2014

ਗੋਲਣੀ \ ਇੰਦਰਜੀਤ ਕਮਲ




ਸਾਡੇ ਨੇੜੇ ਇੱਕ ਪਿੰਡ ਹੈ ਗੋਲਣੀ | ਕੁਝ ਸਾਲ ਪਹਿਲਾਂ ਉੱਥੋਂ ਅਫਵਾਹ ਉੱਡੀ ਕਿ ਉੱਥੇ ਇੱਕ ਧਾਰਮਿਕ ਅਸਥਾਨ ਅੰਦਰ ਮਹੁਏ ਦਾ ਰੁੱਖ ਹੈ ਜੋ ਲੋਕਾਂ ਨੂੰ ਆਪਣੇ ਵੱਲ ਖਿਚਦਾ ਹੈ ਤੇ ਲੋਕਾਂ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ | ਅਸੀਂ ਵੀ ਅਸਲੀਅਤ ਜਾਣਨ ਵਾਸਤੇ ਚੱਲ ਪਏ | ਉਥੇ ਕਾਫੀ ਲੋਕ ਰੁੱਖ ਵੱਲ ਮੁੰਹ ਕਰਕੇ , ਅੱਖਾਂ ਬੰਦ ਕਰਕੇ ,ਪੱਬਾਂ ਭਾਰ ਜਮੀਨ ਤੇ ਹੱਥ ਫੈਲਾਅ ਕੇ ਬੈਠੇ ਸਨ ਜਿਹਨਾਂ ਵਿੱਚ ਬਹੁਗਿਣਤੀ ਔਰਤਾਂ ਦੀ ਸੀ | ਕੰਨ ਪਾੜਵੀਂ ਆਵਾਜ਼ ਵਿੱਚ ਧਾਰਮਿਕ ਸੰਗੀਤ ਵੱਜ ਰਿਹਾ ਸੀ | ਲੋਕਾਂ ਦੇ ਹੱਥ ਥੋੜੀ ਥੋੜੀ ਦੇਰ ਬਾਦ ਅੱਗੇ ਖਿਸਕ ਰਹੇ ਸਨ | ਕਈਆਂ ਦੇ ਹੱਥਾਂ ਦੀ ਰਫਤਾਰ ਤੇਜ਼ ਹੋਣ ਕਰਕੇ ਉਹਨਾ ਦੇ ਹੱਥ ਆਪਣੇ ਤੋਂ ਅੱਗੇ ਬੈਠੇ ਮਰੀਜ਼ ਦੇ ਥੱਲੇ ਚਲੇ ਜਾਂਦੇ ਸਨ , ਜਿਸਨੂੰ ਵੇਖਕੇ ਇੱਕ ਵਾਰ ਮੇਰਾ ਹਾਸਾ ਨਿਕਲ ਗਿਆ | ਅਸੀਂ ਉੱਥੇ ਜਾਦੂ ਦਾ ਸ਼ੋਅ ਕਰਕੇ ਚੰਗੇ ਭਲੇ ਖੜੇ ਲੋਕਾਂ ਦੇ ਹੱਥ ਉਤਾਂਹ ਨੂੰ ਜਾਂਦੇ ਵਿਖਾਏ , ਪਰ ਸਾਨੂੰ ਉੱਥੋਂ ਦੇ ਪ੍ਰਬੰਧਕਾਂ ਤੋਂ ਭੱਜ ਕੇ ਜਾਨ ਬਚਾਉਣੀ ਪਈ |
ਉਹਨਾਂ ਦਿਨਾਂ ਵਿੱਚ ਉਸ ਰੁੱਖ ਨਾਲ ਅਨੇਕਾਂ ਹੀ ਚਮਤਕਾਰੀ ਕਹਾਣੀਆਂ ਜੁੜ ਗਈਆਂ | ਇੱਕ ਕਹਾਣੀ ਤਾਂ ਬਿਲਕੁਲ ਸੱਚੀ ਸੀ , ਜੋ ਮੈਂ ਉਸ ਧਾਰਮਿਕ ਸਥਾਨ ਦਾ ਪਰਚਾਰ ਕਰਨ ਵਾਸਤੇ ਬਹੁਤ ਲੋਕਾਂ ਨੂੰ ਸੁਣਾਈ | ਤੁਸੀਂ ਵੀ ਸੁਣੋ .......................
ਮਹੁਏ ਦੇ ਰੁੱਖ ਵੱਲੋਂ ਚਮਤਕਾਰਿਕ ਢੰਗ ਨਾਲ ਲੋਕਾਂ ਦਾ ਇਲਾਜ਼ ਕਰਨ ਦਾ ਸੁਣ ਕੇ ਇੱਕ ਆਦਮੀ ਜਿਹਦੀ ਇੱਕ ਲੱਤ ਕੰਮ ਨਹੀਂ ਸੀ ਕਰਦੀ ਉਹ ਵੀ ਆਪਣੇ ਸ੍ਕੂਟਰ ਤੇ ਉੱਥੇ ਗਿਆ ਤੇ ਮਜ਼ੇਦਾਰ ਗੱਲ ਕਿ ਵਾਪਸ ਤੁਰ ਕੇ ਆਇਆ | ਇੰਨਾ ਸੁਣ ਕੇ ਹੀ ਕਈ ਲੋਕ ਹੱਥ ਜੋੜ ਕੇ ਉਤਾਂਹ ਅਸਮਾਨ ਵੱਲ ਵੇਖ ਕੇ ਕਹਿਣ ," ਧੰਨ ਏਂ ਤੂੰ !" ਤੇ ਨਾਲ ਹੀ ਪੁੱਛਣ , " ਉਹਦੀ ਲੱਤ ਬਿਲਕੁਲ ਠੀਕ ਹੋ ਗਈ ਸੀ ? "
ਜਦੋਂ ਮੈਂ ਦੱਸਣਾ ," ਨਹੀਂ ਉਸ ਬੰਦੇ ਦਾ ਸਕੂਟਰ ਚੋਰੀ ਹੋ ਗਿਆ ਸੀ ! " ਤਾਂ ਕੁਝ ਹੱਸ ਛੱਡਦੇ ਤੇ ਕੁਝ ਭੈੜਾ ਜਿਹਾ ਮੂੰਹ ਬਣਾ ਲੈਂਦੇ | ਤੁਸੀਂ ਕੀ ਕਰੋਗੇ ? 

Baee Avtar ਪਰ ਤੁਹਾਡੇ ਵੱਲੋਂ ਸੁਣਾਈ ਸਚੀ ਕਹਾਣੀ ਸੁਣਕੇ ਤਾਂ ਲੋਕਾਂ ਨੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ !! ਇਹੀ ਕਮਾਲ ਹੈ ਪ੍ਰਚਾਰ ਦੇ ਢੰਗ ਦਾ ........ਇਹੀ ਕਹਾਣੀ ਕਿਸੇ ਹੋਰ ਧਾਰਮਿਕ ਦਿਖ ਵਾਲੇ ਜਾਂ ਕਿਸੇ ਸਾਧ ਦੇ ਭੇਖ ਵਾਲੇ ਨੇ ਸੁਣਾਈ ਹੁੰਦੀ ਤਾਂ ਕਿਸੇ ਨੇ ਸਵਾਲ ਨਹੀਂ ਸੀ ਕਰਨਾ ਬਲਕਿ ਯਕੀਨ ਕਰ ਲੈਣਾ ਸੀ ਤੁਹਾਡੇ ਤੇ ਯਕੀਨ ਨਹੀਂ ਆਇਆ ਇਸ ਕਰਕੇ ਸਵਾਲ ਕੀਤੇ /ਕੀਤਾ

Surjit Gag ਏਸ ਬਾਰੇ ਕਾਰਣ ਕੀ ਹੈ, ਇਹ ਵੀ ਸਪੱਸ਼ਟ ਕਰੋ, ਕਿਉਂਕਿ ਮੈਂ ਖੁਦ ਵੀ ਅਜਿਹੇ ਲੋਕਾਂ ਦਾ ਸਾਹਮਣਾ ਕਰ ਚੁੱਕਿਆ ਹਾਂ, ਜਿਹਨਾਂ ਦੇ ਹੱਥ ਅੱਗੇ ਨੂੰ ਤੁਰਦੇ ਹਨ, ਪਰ ਇਸ ਬਾਰੇ ਕਦੇ ਤਰਕਸ਼ੀਲ ਵਿੱਚ ਵੀ ਨਹੀਂ ਪੜ੍ਹਿਆ ਤੇ ਨਾ ਹੀ ਕਦੇ ਜਾਨਣ ਦੀ ਕੋਸ਼ਿਸ਼ ਕਰ ਸਕਿਆ। ਇਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦੀ ਉਡੀਕ ਰਹੇਗੀ..

Inder Jeet Kamal ਕੁਝ ਦੋਸਤਾਂ ਨੇ ਹੱਥ ਅੱਗੇ ਖਿਸਕਣ ਦਾ ਕਾਰਨ ਜਾਨਣਾ ਚਾਹਿਆ ਹੈ | ਬਹੁਤ ਸੋਹਣੀ ਗੱਲ ਹੈ ਕਿ ਸਾਨੂੰ ਇਹੋ ਜਿਹੀ ਜਗਿਆਸਾ ਹੋਣੀ ਚਾਹੀਦੀ ਹੈ | ਅਸੀਂ ਉੱਥੇ ਲਗਾਤਾਰ ਕਈ ਵਾਰ ਗਏ ਤੇ ਬਹੁਤ ਸਾਰੇ ਇਹੋ ਇਹੇ ਲੋਕਾਂ ਦੇ ਘਰ ਜਾਕੇ ਉਹਨਾਂ ਨਾਲ ਮੁਲਾਕਾਤ ਵੀ ਕੀਤੀ ਜਿਹਨਾਂ ਬਾਰੇ ਪਰਚਾਰ ਕੀਤਾ ਜਾ ਰਿਹਾ ਸੀ ਕਿ ਫਲਾਣੇ ਬੰਦੇ ਦੀ ਲਾਇਲਾਜ ਬਿਮਾਰੀ ਖਤਮ ਹੋ ਗਈ , ਪਰ ਸਾਰੀਆਂ ਹੀ ਕਹਾਣੀਆਂ ਬੇਬੁਨਿਆਦ ਤੇ ਝੂਠੀਆਂ ਸਾਬਤ ਹੋਈਆਂ , ਜਿਹਨਾਂ ਬਾਰੇ ਅਸੀਂ ਹਰਿਆਣਾ ਦੇ ਤਰਕਸ਼ੀਲ ( ਹਿੰਦੀ ) ਵਿੱਚ ਛਾਪਿਆ ਸੀ | ਹੁਣ ਗੱਲ ਕਰਦੇ ਹਾਂ ਕਾਰਨ ਦੀ | ਇਹੋ ਜਿਹੀ ਥਾਂ ਤੇ ਇਲਾਜ ਲਈ ਪਹੁੰਚਣ ਵਾਲੇ ਸਾਰੇ ਹੀ ਲੋਕ ਮਾਨਸਿਕ ਰੋਗੀ ਹੁੰਦੇ ਹਨ ਤੇ ਉਹਨਾਂ ਦਾ ਇੱਕ ਹੀ ਮਕਸਦ ਹੁੰਦਾ ਹੈ ਕਿ ਉਹ ਇੱਕ ਚਮਤਕਾਰ ਨਾਲ ਠੀਕ ਹੋ ਜਾਣ | ਪੱਬਾਂ ਭਾਰ ਬੈਠ ਕੇ ਤੇ ਅੱਖਾਂ ਬੰਦ ਕਰਕੇ ਹੱਥ ਜਮੀਨ ਤੇ ਫੈਲਾਅ ਬੈਠਣ ਤੋਂ ਬਾਦ ਵਿਅਕਤੀ ਜਲਦੀ ਹੀ ਥੱਕ ਜਾਂਦਾ ਹੈ ਤੇ ਉਹ ਆਪਣੇ ਸਰੀਰ ਨੂੰ ਸੰਭਾਲਣ ਵਾਸਤੇ ਹੱਥਾਂ ਨੂੰ ਹਰਕਤ ਵਿੱਚ ਲਿਆਉਂਦਾ ਹੈ | ਇਸ ਵਕਤ ਉਹਦੇ ਮਨ ਵਿੱਚ ਇਹ ਗੱਲ ਵੀ ਪੱਕੇ ਤੌਰ ਤੇ ਘਰ ਕਰ ਚੁੱਕੀ ਹੁੰਦੀ ਹੈ ਕਿ ਉਹਦੇ ਹੱਥ ਅੱਗੇ ਖਿਸਕਣਗੇ , ਤਾਂ ਹੀ ਉਹ ਠੀਕ ਹੋਏਗਾ | ਇਹਦੇ ਪਿੱਛੇ ਬੱਸ ਇਹੋ ਮਾਨਸਿਕਤਾ ਕੰਮ ਕਰਦੀ ਹੈ |#KamalDiKalam 
ਤੁਹਾਨੂੰ ਇੱਕ ਮਜ਼ੇਦਾਰ ਖੇਡ ਦੱਸਦਾ ਹਾਂ ਜੋ ਤੁਸੀਂ ਆਪਣੇ ਆਸਪਾਸ ਹੀ ਕਰਕੇ ਵੇਖ ਸਕਦੇ ਹੋ | ਕਿਸ਼ੋਰ ਉਮਰ ਦੇ ਕੁਝ ਵਿਦਿਆਰਥੀ ਲਓ | ਉਹਨਾਂ ਨੂੰ ਬਿਲਕੁਲ ਸਿਧੇ ਖੜ੍ਹੇ ਹੋਕੇ ਅੱਖਾਂ ਬੰਦ ਕਰਨ ਵਾਸਤੇ ਕਹੋ | ਉਹਨਾਂ ਬੱਚਿਆਂ ਦੇ ਹੱਥ ਫੜ੍ਹਕੇ ਬਾਹਾਂ ਨੂੰ ਉਹਨਾਂ ਦੇ ਸਰੀਰ ਤੋਂ ਥੋੜਾ ਅੱਗੇ ਕਰ ਦਿਓ | ਹੁਣ ਉਹਨਾਂ ਨੂੰ ਕਹੋ ਕਿ ਮੈਂ ਦਸ ਤੱਕ ਗਿਣਤੀ ਕਰਾਂਗਾ \ਕਰਾਂਗੀ ਤੇ ਮੇਰੇ ਦਸ ਤੱਕ ਗਿਣਤੀ ਕਰਦੇ ਕਰਦੇ ਜਿਸ ਵਿਦਿਆਰਥੀ ਦੇ ਹੱਥ ਉਤਾਂਹ ਚੁੱਕੇ ਜਾਣਗੇ ਉਹਦੇ ਪੇਪਰਾਂ ਵਿੱਚ ਸਭ ਤੋਂ ਜਿਆਦਾ ਨੰਬਰ ਆਉਣਗੇ | ਫਿਰ ਹੌਲੀ ਹੌਲੀ ਗਿਣਤੀ ਸ਼ੁਰੂ ਕਰੋ | ਇੱਕ ....... ਤੁਹਾਡੇ ਹੱਥ ਉੱਪਰ ਉੱਠਣੇ ਸ਼ੁਰੂ ਹੋ ਗਏ ਹਨ ( ਇਹ ਦੋ ਤਿੰਨ ਵਾਰ ਦੁਹਰਾਓ ) ਦੋ ........ ਵਾਹ ! ਤੁਹਾਡੇ ਹੱਥ ਤਾਂ ਬੜੀ ਤੇਜ਼ੀ ਨਾਲ ਉੱਪਰ ਉਠ ਰਹੇ ਹਨ ( ਹਰ ਵਾਰ ਦੁਹਰਾਓ ਜ਼ਰੂਰੀ ਹੈ , ਤਾਂ ਕਿ ਉਹਨਾਂ ਨੂੰ ਮਾਨਸਿਕ ਤੌਰ ਤੇ ਤਿਆਰ ਹੋਣ ਲਈ ਵਕਤ ਮਿਲਦਾ ਰਹੇ ) ਦਸ ਤੱਕ ਪਹੁੰਚਦੇ ਪਹੁੰਚਦੇ ਤੁਹਾਨੂੰ ਹੈਰਾਨੀ ਜਨਕ ਨਤੀਜਾ ਮਿਲੇਗਾ | ਪੇਪਰਾਂ ਦੇ ਨੰਬਰਾਂ ਦੀ ਥਾਂ ਹੋਰ ਲਾਲਚ ਵੀ ਦਿੱਤਾ ਜਾ ਸਕਦਾ ਹੈ , ਪਰ ਤੁਹਾਨੂੰ ਇਹ ਸਾਰਾ ਟਰਿੱਕ ਕਰਦੇ ਵਕਤ ਬਹੁਤ ਗੰਭੀਰ ਰਹਿਣਾ ਪਵੇਗਾ ਤਾਂਕਿ ਬੱਚੇ ਇਹਨੂੰ ਮਜ਼ਾਕ ਨਾ ਸਮਝਣ | ਬਾਦ ਵਿੱਚ ਥੋੜੀ ਜਿਹੀ ਪ੍ਰੈਕਟਿਸ ਤੋਂ ਬਾਦ ਇਹ "ਚਮਤਕਾਰ " ਵੱਡੀ ਉਮਰ ਦੇ ਲੋਕਾਂ ਨਾਲ ਵੀ ਕਰ ਸਕਦੇ ਹੋ |

No comments:

Post a Comment