ਆਰਾਮ - Inderjeet Kamal

Latest

Monday, 14 December 2015

ਆਰਾਮ

ਆਰਾਮ \ ਇੰਦਰਜੀਤ ਕਮਲ
ਇੱਕ ਬਜੁਰਗ ਮਾਨਸਿਕ ਰੋਗੀ ਨੂੰ ਮੇਰੇ ਕੋਲ ਲੈਕੇ ਆਏ , ਜੋ ਕਈ ਸਾਲਾਂ ਤੋਂ ਬੀਮਾਰ ਸੀ ਤੇ ਉਹਨੂੰ ਨਸ਼ੇ ਦੀਆਂ ਦਵਾਈਆਂ ਖਵਾ ਖਵਾਕੇ ਉਹਦਾ ਬੁਰਾ ਹਾਲ ਕੀਤਾ ਹੋਇਆ ਸੀ , ਜਿਸਕਾਰਣ ਹੁਣ ਨਸ਼ੇ ਦੀਆਂ ਗੋਲੀਆਂ ਵੀ ਉਹਦੇ 'ਤੇ ਅਸਰ ਕਰਣਾ ਛੱਡ ਚੁੱਕੀਆਂ ਸਨ | ਉਹਦੇ ਘਰਦਿਆਂ ਦੇ ਮੁਤਾਬਿਕ ਉਹਨੇ ਪਿਛਲੇ ਛੇ ਮਹੀਨਿਆਂ ਤੋਂ ਢੰਗ ਨਾਲ ਨਾ ਕੁਝ ਖਾਧਾ ਸੀ ਤੇ ਨਾ ਹੀ ਉਹ ਸੁੱਤਾ ਸੀ | ਭਰ ਸਿਆਲ ਵਿੱਚ ਉਹ ਆਪਣੇ ਸਾਰੇ ਕੱਪੜੇ ਉਤਾਰ ਕੇ ਅਲਫ ਨੰਗਾ ਹੋ ਜਾਂਦਾ ਸੀ ਤੇ ਘਰੋਂ ਬਾਹਰ ਵੀ ਨਿਕਲ ਜਾਂਦਾ ਸੀ | ਉਹਦੇ ਮੂੰਹ ਵਿੱਚੋਂ ਝੱਗ ਵਾਲੀਆਂ ਲਾਲਾਂ ਡਿੱਗ ਰਹੀਆਂ ਸਨ , ਜੋ ਉਹਦੀ ਘਰਵਾਲੀ ਬਾਰਬਾਰ ਸਾਫ਼ ਕਰ ਰਹੀ ਸੀ |‪#‎KamalDiKalam‬
ਜਦੋਂ ਮੈਂ ਸਾਰਾ ਹਾਲਚਾਲ ਸਮਝਣ ਤੋਂ ਬਾਦ ਦਵਾਈ ਦੇਣ ਲੱਗਾ ਤਾਂ ਨਾਲ ਆਇਆ ਉਹਦਾ ਨੌਜਵਾਨ ਪੁੱਤਰ ਕਹਿੰਦਾ ," ਇਹਨੂੰ ਨੀਂਦ ਦੀ ਤੇਜ਼ ਜਿਹੀ ਦਵਾਈ ਦਿਓ , ਜਦੋਂ ਇਹ ਰਾਤ ਨੂੰ ਚੰਗੀ ਤਰ੍ਹਾਂ ਸੌਂ ਲਏਗਾ ਤੇ ਇਹਦੀ ਨੀਂਦ ਪੂਰੀ ਹੋ ਜਾਏਗੀ ਤਾਂ ਇਹ ਬਹੁਤ ਠੀਕ ਹੋਜੂ !"
ਮੈਂ ਕਿਹਾ ," ਕਾਕਾ , ਮੈਂ ਸਮਝਦਾ ਹਾਂ , ਤੈਨੂੰ ਇਹਦੀ ਨੀਂਦ ਦੀ ਨਹੀਂ ਬਲਕਿ ਆਪਣੀ ਨੀਂਦ ਦੀ ਚਿੰਤਾ ਹੈ , ਕਿਓਂਕਿ ਤੈਨੂੰ ਰਾਤ ਨੂੰ ਜਾਗ ਜਾਗ ਕੇ ਇਹਦੀ ਰਾਖੀ ਕਰਨੀ ਪੈਂਦੀ ਏ ਤੇ ਸਵੇਰੇ ਕੰਮ ਵੀ ਕਰਣਾ ਹੁੰਦਾ ਏ !!"
ਮੁੰਡਾ ਝੱਟ ਹੀ ਮੇਰੇ ਵਿਚਾਰ ਨਾਲ ਸਹਿਮਤ ਹੋ ਗਿਆ ਤੇ ਮੰਨ ਗਿਆ ਕਿ ਉਹ ਆਪਣੇ ਬਾਪ ਦਾ ਇਲਾਜ ਕਰਵਾ ਕਰਵਾਕੇ ਤੇ ਰਾਖੀ ਕਰ ਕਰ ਤੰਗ ਆ ਚੁੱਕਾ ਹੈ | ਮੈਂ ਉਹਨੂੰ ਤੱਸਲੀ ਨਾਲ ਸਮਝਾਇਆ ਕਿ ਨਾ ਤਾਂ ਮੇਰੇ ਕੋਲ ਨਸ਼ੇ ਵਾਲੀ ਕੋਈ ਦਵਾ ਹੈ ਤੇ ਨਾ ਹੀ ਇਹਦਾ ਨਸ਼ੇ ਵਾਲੀ ਦਵਾਈ ਨਾਲ ਇਲਾਜ ਹੋ ਸਕਦਾ ਹੈ | ਇੱਕ ਹਫਤੇ ਦੀ ਦਵਾਈ ਦੇਣ ਤੋਂ ਬਾਦ ਮੈਂ ਉਹਨੂੰ ਕਿਹਾ ਕਿ ਉਹ ਇੱਕ ਅੱਧੇ ਦਿਨ ਬਾਦ ਮਰੀਜ਼ ਦੀ ਹਾਲਤ ਬਾਰੇ ਦੱਸਦਾ ਰਹੇ |
ਤੀਸਰੇ ਦਿਨ ਹੀ ਮੁੰਡੇ ਦਾ ਫੋਨ ਆ ਗਿਆ ਕਿ ਉਸ ਦਿਨ ਦਾ ਉਹ ਬਿਲਕੁਲ ਠੀਕ ਸੌਂ ਰਿਹਾ ਹੈ ਤੇ ਖਾ ਪੀ ਵੀ ਰਿਹਾ ਹੈ | 

No comments:

Post a Comment